ਪੰਨਾ:First Love and Punin and Babúrin.djvu/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

107

ਉਨ੍ਹਾਂ ਦੀਆਂ ਗੂੜ੍ਹੀਆਂ ਫੁੱਲ-ਮਾਲਾਵਾਂ ਦੇ ਹੇਠਾਂ ਸ਼ਰਧਾਲੂਆਂ ਦੀਆਂ ਅੱਖਾਂ ਚਮਕਦੀਆਂ ਹੋਣ, ਅਤੇ ਬਾਘ ਦੀ ਖੱਲ ਤੇ ਪੰਜੇ ਅਤੇ ਬਹੁਤ ਸਾਰਾ ਸੋਨਾ ਨਾ ਭੁੱਲ ਜਾਣਾ।"

"ਸੋਨਾ ਕਿੱਥੇ ਹੋਣਾ ਚਾਹੀਦਾ ਹੈ?" ਆਪਣੇ ਭਰਵੇਂ ਵਾਲ ਪਿੱਛੇ ਨੂੰ ਸੁੱਟਦੇ ਹੋਏ, ਅਤੇ ਆਪਣੀਆਂ ਨਾਸਾਂ ਫੈਲਾਉਂਦੇ ਹੋਏ ਮੈਦਾਨੋਵ ਨੇ ਪੁੱਛਿਆ।

"ਕਿੱਥੇ? - ਮੋਢਿਆਂ ਤੇ, ਹੱਥਾਂ ਅਤੇ ਪੈਰਾਂ ਤੇ - ਹਰ ਥਾਂ। ਕਹਿੰਦੇ ਹਨ ਪੁਰਾਣੇ ਜ਼ਮਾਨੇ ਵਿਚ ਔਰਤਾਂ ਆਪਣੇ ਗਿੱਟਿਆਂ ਦੇ ਦੁਆਲੇ ਸੋਨੇ ਦੀਆਂ ਪੰਜੇਬਾਂ ਪਹਿਨਦੀਆਂ ਸਨ। ਸ਼ਰਧਾਲੂ ਕਿਸ਼ਤੀ ਵਾਲੀਆਂ ਕੁੜੀਆਂ ਨੂੰ ਆਪਣੇ ਕੋਲ ਬੁਲਾਉਂਦੇ ਹਨ। ਕੁੜੀਆਂ ਨੇ ਸ਼ਬਦ ਗਾਉਣਾ ਬੰਦ ਕਰ ਦਿੱਤਾ ਹੈ, ਉਹ ਇਹ ਜਾਰੀ ਨਹੀਂ ਰੱਖ ਸਕਦੀਆਂ, ਪਰ ਉਹ ਅਹਿੱਲ ਖੜੀਆਂ ਹਨ; ਕਿਸ਼ਤੀ ਉਨ੍ਹਾਂ ਨੂੰ ਕੰਢੇ ਲੈ ਜਾਂਦੀ ਹੈ। ਫਿਰ ਅਚਾਨਕ ਉਨ੍ਹਾਂ ਵਿੱਚੋਂ ਇੱਕ ਚੁੱਪਚਾਪ ਉੱਪਰ ਚੜ੍ਹਦੀ ਹੈ। ਇਸ ਨੂੰ ਚੰਗੀ ਤਰ੍ਹਾਂ ਬਿਆਨ ਕਰਨਾ ਚਾਹੀਦਾ ਹੈ, ਕਿ ਉਹ ਚੰਦ ਚਾਨਣੀ ਵਿਚ ਕਿਵੇਂ ਹੌਲੀ ਹੌਲੀ ਉੱਪਰ ਚੜ੍ਹਦੀ ਹੈ, ਅਤੇ ਉਸ ਦੀਆਂ ਸਖੀਆਂ ਡਰੀਆਂ ਹੋਈਆਂ ਹਨ। ਉਹ ਕਿਸ਼ਤੀ ਦੇ ਕੰਢੇ ਤੇ ਪੈਰ ਰੱਖਦੀ ਹੈ। ਸ਼ਰਧਾਲੂ ਉਸ ਦੇ ਆਲੇ ਦੁਆਲੇ ਹੋ ਜਾਂਦੇ ਹਨ ਅਤੇ ਉਸ ਨੂੰ ਰਾਤ ਦੇ ਅੰਧਕਾਰ ਵਿਚ ਲੈ ਜਾਂਦੇ ਹਨ। ਧੂੰਏਂ ਦੇ ਉਠਦੇ ਬਦਲਾਂ ਦੀ ਕਲਪਨਾ ਕਰੋ, ਅਤੇ ਹਰ ਚੀਜ਼ ਕਿਵੇਂ ਉਲਝ ਜਾਂਦੀ ਹੈ। ਤੁਹਾਨੂੰ ਸਿਰਫ ਰੋਂਦੀਆਂ ਕੁੜੀਆਂ ਦੀ ਆਵਾਜ਼ ਹੀ ਸੁਣਦੀ ਹੈ - ਉਸ ਦੀ ਫੁੱਲ ਮਾਲਾ ਕੰਢੇ ਤੇ ਪਈ ਰਹਿੰਦੀ ਹੈ।"

ਜ਼ਿਨੈਦਾ ਰੁੱਕ ਗਈ ("ਓ, ਉਹ ਪਿਆਰ ਵਿੱਚ ਹੈ!" ਮੈਂ ਆਪਣੇ ਮਨ ਵਿੱਚ ਸੋਚਿਆ।)

"ਕੀ ਏਨੀ ਗੱਲ ਹੈ?" ਮੈਦਾਨੋਵ ਨੇ ਪੁੱਛਿਆ

"ਹਾਂ, ਏਨੀ ਗੱਲ ਹੈ," ਉਸਨੇ ਜਵਾਬ ਦਿੱਤਾ।

"ਇਹ ਪੂਰੀ ਕਵਿਤਾ ਦਾ ਵਿਸ਼ਾ ਨਹੀਂ ਹੋ ਸਕਦਾ," ਉਸ ਨੇ ਅਧਿਕਾਰ ਨਾਲ ਕਿਹਾ; "ਪਰ ਮੈਂ ਕੁਝ ਨਿੱਕੀਆਂ ਕਵਿਤਾਵਾਂ ਲਈ ਤੁਹਾਡੇ ਖ਼ਿਆਲ ਦੀ ਵਰਤੋਂ ਕਰਾਂਗਾ।"

"ਰੋਮਾਂਟਿਕ ਸ਼ੈਲੀ ਵਿੱਚ?" ਮਾਲੇਵਸਕੀ ਨੇ ਪੁੱਛਿਆ।

" ਬੇਸ਼ਕ, ਰੋਮਾਂਟਿਕ ਸ਼ੈਲੀ ਵਿੱਚ, ਬਾਇਰਨ ਦੇ ਤਰੀਕੇ ਨਾਲ।"