ਪੰਨਾ:First Love and Punin and Babúrin.djvu/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

101

ਮੈਂ ਬੈਠ ਗਿਆ "ਜਾਰਜੀਆ ਦੇ ਪਹਾੜਾਂ ਉੱਤੇ"[1] ਪੜ੍ਹਨ ਲੱਗਿਆ।

"'ਕਿਉਂਕਿ ਮੁਹੱਬਤ ਬਿਨਾਂ ਇਹ ਹੋ ਨਹੀਂ ਸਕਦਾ,'" ਜ਼ਿਨੈਦਾ ਨੇ ਦੁਹਰਾਇਆ। "ਇਹ ਹੈ ਕਵਿਤਾ ਦੀ ਸੁੰਦਰਤਾਈ। ਇਹ ਸਾਨੂੰ ਦੱਸਦੀ ਹੈ ਕਿ ਕੀ ਹੈ ਜੋ ਨਹੀਂ ਹੈ, ਪਰ ਜੋ ਹੈ ਉਸ ਨਾਲੋਂ ਨਾ ਸਿਰਫ ਬਿਹਤਰ ਹੈ, ਸਗੋਂ ਸੱਚ ਦੇ ਵਧੇਰੇ ਨਜ਼ਦੀਕ ਵੀ ਹੈ। ‘ਕਿਉਂਕਿ ਮੁਹੱਬਤ ਬਿਨਾਂ ਇਹ ਹੋ ਨਹੀਂ ਸਕਦਾ।’ - ਭਾਵੇਂ ਕੋਈ ਪਿਆਰ ਕਰਨਾ ਨਾ ਚਾਹੁੰਦਾ ਹੋਵੇ, ਪਰ ਜ਼ਰੂਰ ਕਰਨਾ ਚਾਹੀਦਾ ਹੈ।'

ਉਹ ਚੁੱਪ ਹੋ ਗਈ; ਉਸ ਨੇ ਅੰਗੜਾਈ ਲਈ ਅਤੇ ਖੜ੍ਹੀ ਹੋ ਗਈ।

"ਆਓ," ਉਸ ਨੇ ਕਿਹਾ; "ਮੈਦਾਨੋਵ ਮਾਂ ਦੇ ਕੋਲ ਹੈ। ਉਸ ਮੇਰੇ ਲਈ ਆਪਣੀ ਕਵਿਤਾ ਲੈਕੇ ਆਇਆ, ਅਤੇ ਮੈਂ ਉਸ ਨੂੰ ਛੱਡ ਕੇ ਭੱਜ ਆਈ। ਉਹ ਵੀ ਹੁਣ ਗੁੱਸੇ ਹੈ। ਪਰ ਮੈਂ ਕੀ ਕਰ ਸਕਦੀ ਹਾਂ? ਤੂੰ ਇਨ੍ਹਾਂ ਦਿਨਾਂ ਵਿੱਚ ਕਿਸੇ ਦਿਨ ਸਭ ਜਾਣ ਲਏਂਗਾ-ਪਰ ਮੇਰੇ ਨਾਲ ਗੁੱਸੇ ਨਾ ਹੋਣਾ।"

ਜ਼ਿਨੈਦਾ ਨੇ ਤੇਜ਼ੀ ਨਾਲ ਮੇਰਾ ਹੱਥ ਦਬਾਇਆ ਤੇ ਕਾਹਲੀ ਨਾਲ ਅੱਗੇ ਚੱਲ ਪਈ। ਅਸੀਂ ਘਰ ਦੇ ਅੰਦਰ ਚਲੇ ਗਏ। ਮੈਦਾਨੋਵ ਨੇ ਸਾਨੂੰ ਆਪਣੀ ਕਵਿਤਾ "ਕਾਤਲ", ਜੋ ਹੁਣੇ ਹੀ ਪ੍ਰਕਾਸ਼ਿਤ ਹੋਈ ਸੀ, ਪੜ੍ਹ ਕੇ ਸੁਣਾਉਣੀ ਸ਼ੁਰੂ ਕਰ ਦਿੱਤੀ। ਪਰ ਮੈਂ ਸੁਣ ਨਹੀਂ ਸਕਿਆ। ਉਸ ਨੇ ਆਪਣੀਆਂ ਚਾਰ ਸਤਰੀ ਬੈਂਤਾਂ ਦਾ ਤਰੰਨੁਮ ਵਿੱਚ ਉਚਾਰਨ ਕੀਤਾ, ਤੁਕਬੰਦੀ ਨਿੱਕੇ ਨਿੱਕੇ ਘੁੰਗਰੂਆਂ ਦੀਆਂ ਸੱਖਣੀਆਂ ਟੁਣਕਾਰਾਂ ਵਿੱਚ ਛਣਕਦੀ ਸੀ ਅਤੇ ਮੈਂ ਜ਼ਿਨੈਦਾ ਤੇ ਨਜ਼ਰਾਂ ਟਿਕਾਈ ਬੈਠਾ, ਇਹ ਸੋਚ ਰਿਹਾ ਸੀ ਕਿ ਉਸਦੇ ਆਖ਼ਰੀ ਸ਼ਬਦਾਂ ਦਾ ਮਤਲਬ ਕੀ ਹੋ ਸਕਦਾ ਸੀ।


  1. ਜਾਰਜੀਆ ਦੇ ਪਹਾੜਾਂ ਉੱਤੇ (На холмах Грузии ਨਾ ਖੋਲਮਾਖ਼ ਗ੍ਰੀਜ਼ੀ) ਪੁਸ਼ਕਿਨ ਦੀ ਇੱਕ ਸੁੰਦਰ ਕਵਿਤਾ ਹੈ:-

    ਜਾਰਜੀਆ ਦੇ ਪਹਾੜਾਂ ਉੱਤੇ
    ਰਾਤ ਨੇ ਕਾਲੀ ਚਾਦਰ ਪਾਈ
    ਅਰਾਗਵਾ ਮੇਰੇ ਅੱਗੇ ਵੱਗਦੀ
    ਕਲ ਕਲ ਕਰਦੀ ਸ਼ੋਰ ਮਚਾਉਂਦੀ
    ਮੇਰੀ ਉਦਾਸੀ ਮਿੱਠੀ ਮਿੱਠੀ
    ਮੇਰੀ ਉਦਾਸੀ ਲੱਪ ਚਾਨਣਾਂ ਦੀ
    ਮੇਰੀ ਉਦਾਸੀ ਨੱਕੋ ਨੱਕ
    ਤੇਰੇ ਨਾਲ ਹੀ ਭਰੀ ਭਕੁੰਨੀ....
    ਕੋਈ ਚਿੰਤਾ ਦਰਦ ਕੋਈ ਵੀ
    ਠੱਲ ਸਕੇ ਨਾ ਨਿਰਾਸ਼ਾ ਮੇਰੀ
    ਮੁੜ ਮਘਦਾ ਹੈ ਦਿਲ ਮੇਰਾ
    ਮਹੁੱਬਤ ਲਟ ਲਟ ਬਲਦੀ, ਕਿਉਂਕਿ
    ਮੁਹੱਬਤ ਬਿਨਾਂ ਇਹ ਹੋ ਨਹੀਂ ਸਕਦਾ।