ਪੰਨਾ:First Love and Punin and Babúrin.djvu/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

100

ਪਹਿਲਾ ਪਿਆਰ

ਮੈਂ ਕੋਈ ਜਵਾਬ ਨਹੀਂ ਦਿੱਤਾ; ਅਤੇ ਭਲਾ ਦਿੰਦਾ ਵੀ ਕਿਉਂ?

"ਹਾਂ," ਉਸਨੇ ਪਹਿਲਾਂ ਵਾਂਗ ਮੇਰੇ ਵੱਲ ਦੇਖਦੇ ਹੋਏ ਦੁਹਰਾਇਆ। "ਇਹ ਇਵੇਂ ਹੈ। ਬਸ ਉਹ ਅੱਖਾਂ," ਉਸਨੇ ਕੁਝ ਸੋਚ ਕੇ ਅਤੇ ਆਪਣੇ ਹੱਥਾਂ ਨਾਲ ਆਪਣਾ ਮੂੰਹ ਢੱਕਦੇ ਹੋਏ ਅੱਗੇ ਕਿਹਾ। "ਹਰ ਚੀਜ਼ ਮੈਨੂੰ ਬੇਜ਼ਾਰ ਕਰਦੀ ਹੈ," ਉਹ ਗੁਣਗੁਣਾਈ। "ਮੈਂ ਦੁਨੀਆਂ ਦੇ ਦੂਜੇ ਸਿਰੇ ਤਕ ਜਾਣਾ ਚਾਹਾਂਗੀ; ਮੈਂ ਇਹ ਸਹਿਣ ਨਹੀਂ ਕਰ ਸਕਦੀ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਨਾ ਹੈ ਅਤੇ ਮੇਰੇ ਲਈ ਭਵਿੱਖ ਦੀ ਕੁੱਖ ਵਿੱਚ ਕੀ ਹੈ! ਮੈਂ ਕਿੰਨੀ ਮੰਦਭਾਗੀ ਹਾਂ। ਮੇਰੇ ਰੱਬਾ, ਮੈਂ ਕਿੰਨੀ ਦੁਖੀ ਹਾਂ!"

"ਕਿਉਂ?" ਮੈਂ ਡਰਦੇ ਡਰਦੇ ਨੇ ਪੁੱਛਿਆ।

ਜ਼ਿਨੈਦਾ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਬਸ ਆਪਣੇ ਮੋਢੇ ਹਿਲਾਏ। ਮੈਂ ਝੁਕਿਆ ਰਿਹਾ, ਅਤੇ ਡੂੰਘੀ ਚਿੰਤਾ ਨਾਲ ਉਸ ਵੱਲ ਵੇਖਿਆ। ਉਸ ਦਾ ਹਰ ਸ਼ਬਦ ਮੇਰੇ ਦਿਲ ਨੂੰ ਚੀਰਦਾ ਲੱਗਦਾ ਸੀ। ਉਸ ਪਲ ਮੈਂ ਉਸ ਨੂੰ ਖੁਸ਼ ਕਰਨ ਲਈ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਦੇਣ ਲਈ ਤਿਆਰ ਸੀ। ਮੈਂ ਉਸ ਵੱਲ ਦੇਖਿਆ; ਅਤੇ ਹਾਲਾਂਕਿ ਮੈਨੂੰ ਸਮਝ ਨਹੀਂ ਸੀ ਪੈਂਦਾ ਕਿ ਉਹ ਦੁਖੀ ਕਿਉਂ ਮਹਿਸੂਸ ਕਰਦੀ ਸੀ, ਪਰ ਉਸ ਦਾ ਦਰਦ ਦੇ ਜ਼ਬਰਦਸਤ ਦਬਾਅ ਦੇ ਕਾਰਨ, ਬਾਗ਼ ਵਿੱਚ ਅਚਾਨਕ ਦੌੜਦੇ ਹੋਏ ਆਉਣ, ਅਤੇ ਕੱਟੇ ਗਏ ਘਾਹ ਵਾਂਗ ਜ਼ਮੀਨ ਤੇ ਡਿੱਗ ਪੈਣ ਦਾ ਦ੍ਰਿਸ਼ ਸਾਫ਼ ਸਾਫ਼ ਮੇਰੇ ਸਾਹਮਣੇ ਸੀ। ਸਾਰੇ ਆਲੇ-ਦੁਆਲੇ ਰੋਸ਼ਨੀ ਅਤੇ ਹਰਿਆਵਲ ਸੀ; ਬਨਸਪਤੀ ਦੇ ਪੱਤਿਆਂ ਵਿੱਚਕਾਰ ਹਵਾ ਗੀਤ ਗੁਣਗੁਣਾ ਰਹੀ ਸੀ। ਕਈ ਵਾਰ ਰਸਭਰੀ ਦੀ ਇੱਕ ਟਾਹਣੀ ਜ਼ਿਨੈਦਾ ਦੇ ਸਿਰ ਉੱਤੇ ਲਹਿਰਾ ਜਾਂਦੀ; ਕੁਝ ਕਬੂਤਰ ਗੁਟਰ-ਗੂੰ ਗੁਟਰ-ਗੂੰ ਕਰ ਰਹੇ ਸਨ; ਅਤੇ ਮਧੂਮੱਖੀਆਂ ਘਾਹ ਤੇ ਨੀਵੀਂਆਂ ਉੱਡਦੀਆਂ ਭਿਣ ਭਿਣ ਕਰ ਰਹੀਆਂ ਸਨ। ਉੱਪਰ ਨੀਲਾ ਅਸਮਾਨ ਸੁਹਾਵਣਾ ਲੱਗ ਰਿਹਾ ਸੀ, ਪਰ ਮੈਂ ਬਹੁਤ ਉਦਾਸ ਸੀ।

"ਮੈਨੂੰ ਕਵਿਤਾਵਾਂ ਪੜ੍ਹ ਕੇ ਸੁਣਾ," ਜ਼ਿਨੈਦਾ ਨੇ ਕੂਹਣੀ ਭਾਰ ਹੁੰਦੇ ਹੌਲੀ ਜਿਹੀ ਕਿਹਾ। "ਕਵਿਤਾ ਪੜ੍ਹਦੇ ਹੋਏ ਮੈਨੂੰ ਤੂੰ ਬਹੁਤ ਚੰਗਾ ਲੱਗਦਾ ਹੈਂ। ਤੂੰ ਗਾ ਕੇ ਸੁਣਾ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ - ਇਹ ਨੌਜਵਾਨਾਂ ਲਈ ਹੈ। ‘ਜਾਰਜੀਆ ਦੇ ਪਹਾੜਾਂ ਉੱਤੇ’ ਪੜ੍ਹ। ਪਰ ਸਭ ਤੋਂ ਪਹਿਲਾਂ, ਬੈਠ ਜਾ।"