ਪੰਨਾ:First Love and Punin and Babúrin.djvu/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

88

ਪਹਿਲਾ ਪਿਆਰ

ਰਹੱਸਮਈ ਮੁਸਕਰਾਹਟ ਪਹਿਨੇ ਉਸ ਨੇ ਕੁਝ ਪੁੱਛਦੀ ਮਨਨਸ਼ੀਲ ਅਤੇ ਕੋਮਲ ਟੇਢੀ ਨਜ਼ਰ ਨਾਲ ਮੇਰੇ ਵੱਲ ਵੇਖਿਆ। ਹੁਣ ਮੈਂ ਪੋਲੇ ਪੋਲੇ ਪੱਬਾਂ ਤੇ ਚੱਲ ਕੇ ਆਪਣੇ ਬੈੱਡ ਤੇ ਗਿਆ ਅਤੇ ਬਿਨਾਂ ਕੱਪੜੇ ਉਤਾਰੇ ਬੋਚ ਕੇ ਪੈ ਗਿਆ, ਜਿਵੇਂ ਮੈਨੂੰ ਡਰ ਹੋਵੇ ਕਿ ਤੇਜ਼ੀ ਕਰਨ ਨਾਲ ਮੇਰੀ ਸੋਚ ਕਿਤੇ ਭਟਕ ਨਾ ਜਾਵੇ। ਮੈਂ ਲੇਟ ਗਿਆ, ਪਰ ਅੱਖਾਂ ਬੰਦ ਨਹੀਂ ਕੀਤੀਆਂ। ਜਲਦੀ ਹੀ ਮੈਂ ਦੇਖਿਆ ਕਿ ਕਿਸੇ ਰੌਸ਼ਨੀ ਜਾਂ ਹੋਰ ਚੀਜ਼ ਦੀਆਂ ਪੀਲੀਆਂ ਲਿਸ਼ਕਾਂ ਕਮਰੇ ਵਿਚ ਆ ਰਹੀਆਂ ਸਨ। ਮੈਂ ਉਠ ਕੇ ਬੈਠ ਗਿਆ ਅਤੇ ਖਿੜਕੀ ਵੱਲ ਦੇਖਣ ਲੱਗਾ। ਖਿੜਕੀ ਦੇ ਚੌਖਟ ਧੁੰਦਲੀ ਅਤੇ ਰਹੱਸਮਈ ਰੋਸ਼ਨੀ ਨਾਲ ਚਮਕ ਰਹੇ ਸ਼ੀਸ਼ਿਆਂ ਦੇ ਦੁਆਲੇ ਸਪਸ਼ਟ ਨਜ਼ਰ ਪੈਂਦੇ ਸਨ। "ਇਹ ਇੱਕ ਤੂਫ਼ਾਨ ਹੈ," ਮੈਂ ਆਪਣੇ ਮਨ ਵਿੱਚ ਸੋਚਿਆ, ਅਤੇ ਇਹ ਤੂਫ਼ਾਨ ਹੀ ਸੀ। ਪਰ ਇਹ ਬੜਾ ਦੂਰ ਸੀ, ਇਸ ਲਈ ਗਰਜ ਸੁਣਾਈ ਨਹੀਂ ਸੀ ਦਿੰਦੀ। ਸਿਰਫ ਅਸਮਾਨ ਵਿੱਚ, ਬਿਜਲੀ ਦੀਆਂ ਲੰਮੀਆਂ ਮੰਦ ਲਿਸ਼ਕਾਂ, ਇੱਕ ਰੁੱਖ ਦੀਆਂ ਟਹਿਣੀਆਂ ਦੀ ਤਰ੍ਹਾਂ ਨਿਰੰਤਰ ਲਿਸ਼ਕ ਰਹੀਆਂ ਵਿਖਾਈ ਦਿੰਦੀਆਂ ਸਨ। ਅਸਲ ਵਿੱਚ, ਬਿਜਲੀ ਓਨਾ ਲਿਸ਼ਕਦੀ ਨਹੀਂ ਸੀ, ਜਿੰਨਾ ਇੱਕ ਮਰ ਰਹੇ ਪੰਛੀ ਦੇ ਖੰਭਾਂ ਵਾਂਗ ਕੰਬਦੀ ਅਤੇ ਸੁੰਗੜਦੀ ਸੀ। ਮੈਂ ਉੱਠਿਆ, ਖਿੜਕੀ ਵਿੱਚ ਗਿਆ ਅਤੇ ਸਵੇਰ ਤੱਕ ਉਥੇ ਖੜ੍ਹਾ ਰਿਹਾ। ਇਕ ਪਲ ਲਈ ਵੀ ਲਿਸ਼ਕਣਾ ਰੁਕਿਆ ਨਹੀਂ। ਇਹ ਉਹੀ ਸੀ ਜਿਸ ਨੂੰ ਆਮ ਲੋਕ ਚਿੜੀ-ਰਾਤ[1] ਕਹਿ ਦਿੰਦੇ ਹਨ। ਮੈਂ ਮੂਕ ਰੇਤਲੇ ਮੈਦਾਨ ਵੱਲ, ਨਸਕੂਚਨਾਇਆ ਬਾਗ਼ ਦੇ ਹਨੇਰੇ ਪੁੰਜ ਵੱਲ, ਦੂਰ ਦੀਆਂ ਇਮਾਰਤਾਂ ਦੀਆਂ ਪੀਲੀਆਂ ਕੰਧਾਂ ਵੱਲ ਵੇਖਿਆ, ਜੋ ਹਰ ਕਮਜ਼ੋਰ ਜਿਹੀ ਲਿਸ਼ਕ ਨਾਲ ਕੰਬ ਜਾਂਦੀਆਂ ਸਨ। ਮੈਂ ਉਨ੍ਹਾਂ ਵੱਲ ਦੇਖਿਆ, ਅਤੇ ਮੈਂ ਆਪਣੇ ਆਪ ਨੂੰ ਇਥੋਂ ਹਟਾ ਨਾ ਸਕਿਆ। ਬੇਅਵਾਜ਼ ਲਿਸ਼ਕਾਂ ਦੀ ਲੰਮੇ ਸਮੇਂ ਤੋਂ ਜਾਰੀ ਫੜਫੜਾਹਟ, ਉਨ੍ਹਾਂ ਅਜੀਬ ਅਕਹਿ ਭਾਵਨਾਵਾਂ ਦਾ ਦਮ ਭਰਦੀ ਸੀ ਜਿਹੜੀਆਂ ਮੇਰੇ ਅੰਦਰ ਵੀ ਲਿਸ਼ਕਦੀਆਂ ਅਤੇ ਲਰਜ਼ਦੀਆਂ ਸਨ। ਚੱਜ ਨਾਲ ਸਵੇਰ ਹੋ ਚੱਲੀ ਸੀ; ਅਤੇ ਲਾਲੀ ਦੀਆਂ ਚਾਦਰਾਂ ਅਸਮਾਨ ਵਿੱਚ ਥਾਂ ਥਾਂ ਵਿਛ ਗਈਆਂ।

  1. ਰੂਸੀ ਵਿੱਚ: Рябиновая ночь - ਪੂਰਬੀ ਸਲਾਵ ਲੋਕ ਤੂਫਾਨੀ ਰਾਤ ਲਈ ਇਹ ਵਾਕੰਸ਼ ਵਰਤਦੇ ਹਨ।