ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਸਹਾਂਵਦੀ ਏ। ਦੁਲਾ ਆਖਦਾ ਕਰਾਂਗੇ ਅਸੀਂ ਖਾਣਾ ਤੇਨੂੰ ਬੇਗਮ ਕੀ ਹੁਕਮ ਸੁਣਾਂਵਦੀ ਏ। ਨਫਰ ਆਖਦਾ ਲੋੜ, ਮਕਾਨ ਦੀ ਜੇ ਜਾਂਦੀ ਹਜ ਨੂੰ ਆਪਣਾ ਖਾਂਵਦੀ ਏ। ਕੁਲ ਆਪਣੇ ਪਲੇ ਦਾ ਖਰਚ ਕਰਦੀ ਨਾਲੇ ਭੀਖੀਆਂ ਤੁਆਮ ਅਲਾਂਵਦੀ ਏ। ਦੁਲਾ ਆਖਦਾ ਕੰਮ ਸੁਆਬ ਦਾ ਏ ਕਰੇ ਸੋਈ ਜੋ ਰਬ ਭਾਂਵਦੀ ਏ। ਬੇਗਮ ਦੇਖਿਆ ਆਕੇ ਸ਼ਹਿਰ ਪਿੰਡੀ ਰਹੂ ਉਸਦੀ ਖੁਸ਼ ਹੋ ਜਾਂਵਦੀ ਏ। ਸੇਵਾ ਦੁਲੇ ਨੇ ਇਨ੍ਹਾਂ ਦੀ ਬਹੁਤ ਕੀਤੀ ਬੇਗਮ ਸਦਕੇ ਪਾਸੇ ਬਤਾਂਵਦੀ ਏ। ਰਖਾਂ ਨਿਤ ਮੈਂ ਬੱਚਾ ਪਾਸ ਤੈਨੂੰ ਮੇਰੀ ਤਬਾ ਇਹ ਦਿਲਦੀ ਚਾਂਵਦੀ ਏ। ਬੋਹੜੀ ਦੇਰ ਜਦੋਂ ਬਾਤ ਚੀਤ ਹੋਈ ਦੁਲਾ ਆਖਦਾ ਨੀਂਦ ਅਕਾਂਵਦੀ ਏ। ਬੇਗਮ ਟੋਰਕੇ ਦੁਲੇ ਨੂੰ ਫਿਰ ਪਿਛੋਂ ਸਭ ਨੌਕਰਾਂ ਆਖ ਸੁਨਾਂਵਦੀ ਏ। ਕਰੋ ਸਭ ਅਰਾਮ ਨਾ ਫਿਕਰ ਰੱਤੀ ਏਥੇ ਓਪਰੀ ਚੜ੍ਹ ਨਾ ਆਂਵਦੀ ਏ। ਕਹੇ ਉਸਦੇ ਸਭ ਬੇਵਕਫ ਬੰਨ ਹੋਏ ਨਾਲੇ, ਆਪ ਭੀ ਖੂਬ ਸੌ ਜਾਂਵਦੀ ਏ। ਅਧੀ ਰਾਤ ਨੂੰ ਦੁਲੇ ਦੀ ਫੌਜ ਆਕੇ ਧਨ ਉਸਦਾ ਕੁਲ ਉਠਾਂਵਦੀ ਏ। ਕਿਸ਼ਨ ਸਿੰਘ ਬੇਗਮ ਚਲੀ ਤਰਫ ਮਕੇ ਪਿੰਡੀ ਆਇਕੇ ਮੁੰਡ ਮੰਡਾਵਦੀ ਏ। ਬੇਗਮ ਨੇ ਦੁਲੇ ਨੂੰ ਸਮਝਾਉਣਾ ਫੇਰ ਤਾੜਨਾ ਜਦੋਂ ਬੇਗਮ ਦਾ ਲੁਟਿਆ ਧਨ ਸਾਰਾ ਤਦੋਂ ਤੋਬਾ ਹੀ ਤੋਬਾ ਪੁਕਾਰਦੀ ਏ। ਦਗਾ ਮਾ ਦੇ ਨਾਲ ਨਾ ਕੋਈ ਕਰਦਾ ਸਾਕ ਸੇਖੋਂ ਦਾ ਤੁਧ ਚਿਤਾਰਦੀ ਏ। ਅਸੀਂ ਕਾਬੇ ਦੇ ਹਜ ਨੂੰ ਜਾਂਵਦੇ ਹਾਂ ਸਭ ਭੇਟ ਏਹ ਸਚੇ ਦਰਬਾਰ ਦੀ ਏ। ਤੈਨੂੰ ਲੋੜ ਜੇ ਧਨ ਦੀ ਹੋਵ ਬੱਚਾ ਮੈਥੋਂ ਮੰਗੋ ਇਹ ਬੋਲ ਉਚਾਰਦੀ ਏ। ਦੁਲਾ ਆਖਦਾ ਭਲੇ ਦਾ ਵਕਤ ਨਾਹੀਂ ਕੀਤੀ ਟੈਹਲ ਤੇ ਤੋਹਮਤਾ ਮਾਰਦੀ ਏ। ਜਦੋਂ ਦੁਲੇ ਨੇ ਸਾਫ ਜਵਾਬ ਦਿਤਾ ਫਿਰ ਹੋ ਗੁਸੇ ਉਹਨੂੰ ਤਾੜਦੀ ਏ।ਕਿਉਂ ਵੇ ਦੁਲਿਆ ਕਾਫਰਾ ਕੁਫਰ ਕਰਦਾ ਕਰੀਂ ਸੋਚ ਏਹ ਮੂਲ ਸਰਕਾਰ ਦੀ ਏ। ਕਿਸ਼ਨ ਸਿੰਘ ਨਾ ਮਿਲੇਗਾ ਕਖ ਮੂਲੇ ਆਵੇ ਫੌਜ ਜਾਂ ਸ਼ਾਹ ਦਰਬਾਰ ਦੀ ਏ।