ਪੰਨਾ:Alochana Magazine October, November, December 1966.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ੋਰ ਦੇ ਕੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਦੀ ਹੈ । ਦਰਸ਼ਕਾਂ ਦੀ ਨਜ਼ਰ ਵਿਚ ਇਹ ਮੁਆਮਲਾ ਇੱਥੇ ਹੀ ਖ਼ਤਮ ਨਹੀਂ ਹੋ ਜਾਂਦਾ । ਉਹ ਨਾਟਕਕਾਰ ਤੋਂ ਇੰਦਰ ਦੇ ਰੋਲ ਬਾਬਤ ਹੋਰ ਨਿਰਣੇ ਦੀ ਆਸ ਰੱਖਦੇ ਹਨ । ਸੇਖੋਂ ਸਾਹਿਬ ਨੇ ਇੰਦਰ ਨੂੰ ਬੇਈਮਾਨ ਤਾਂ ਕਹਾ ਦਿੱਤਾ ਹੈ ਪਰ ਇਸ ਨਾਲ ਉਸ ਦਾ ਖੰਡਨ ਉਸ ਰੋਹ ਨਾਲ ਨਹੀਂ ਹੋਇਆ ਜਿਹੋ ਜਿਹਾ ਦਰਸ਼ਕਾਂ ਨੂੰ ਉਸ ਦੇ ਦੁਰਕਰਮ ਉੱਤੇ ਆਉਂਦਾ ਹੈ । ਅਹੱਲਿਆ ਭੀ ਉਸ ਨੂੰ ਬੇਈਮਾਨ ਕਹਿਣ ਲੱਗਿਆਂ ਉਸ ਉੱਤੇ ਗੁੱਸਾ ਕਰ ਰਹੀ ਪ੍ਰਤੀਤ ਨਹੀਂ ਹੁੰਦੀ । ਦਰਸ਼ਕ ਆਪਣੇ ਰੋਹ ਦਾ ਨਿਕਾਸ ਨਾਟਕ ਦੇ ਕਿਸੇ ਪਾਤਰ ਰਾਹੀਂ ਹੁੰਦਾ ਵੇਖਣ ਲਈ ਉਤਾਵਲੇ ਰਹਿੰਦੇ ਹਨ ਇਹ ਰੋਹ ਉਨ੍ਹਾਂ ਦੇ ਅੰਦਰ ਹੀ ਦੱਬਿਆ ਰਹਿ ਜਾਂਦਾ ਹੈ । ਜਦ ਗੌਤਮ ਇੰਦਰ ਉੱਤੇ ਕ੍ਰੋਧਿਤ ਹੁੰਦਾ ਹੈ ਤਾਂ ਦਰਸ਼ਕ ਉਸ ਨਾਲ ਆਪਣੇ ਭਾਵਾਂ ਨੂੰ ਅਭੇਦ ਨਹੀਂ ਕਰ ਸਕਦੇ ਕਿਉਂਕਿ ਨਾਟਕਾਰ ਨੇ ਉਸ ਨੂੰ ਖ਼ੁਦ ਚੰਦਰਮਾ ਲਈ ਕਮਜ਼ੋਰੀ ਦਾ ਸ਼ਿਕਾਰ ਦੱਸ ਕੇ ਅਤਿਅੰਤ ਨੀਚ ਬਣਾ ਦਿੱਤਾ ਹੈ ਤੇ ਦਰਸ਼ਕਾਂ ਦੀ ਹਮਦਰਦੀ ਦਾ ਪਾਤਰ ਨਹੀਂ ਰਹਿਣ ਦਿੱਤਾ | ਬਾਅਦ ਵਿਚ ਗੌਤਮ ਦਾ ਗੁੱਸਾ ਅਹੱਲਿਆ ਵੱਲੋ ਲਹਿੰਦਾ ਹੈ ਤਾਂ ਇੰਦਰ ਵੱਲੋਂ ਭੀ ਲਹਿ ਗਿਆ ਜਾਪਦਾ ਹੈ, ਕਿਉਂਕਿ ਉਹ ਨਾ ਉਸ ਦੀ ਬੇਈਮਾਨੀ ਦਾ ਬਦਲਾ ਲੈਣ ਦਾ ਪ੍ਰਣ ਕਰਦਾ ਹੈ, ਨਾ ਹਰਚਰਨ ਸਿੰਘ ਦੇ ਨਾਟਕ ਅਨਜੋੜ ਦੇ ਨਾਇਕ ਰਾਜਿੰਦਰ ਦੀ ਤਰਾਂ ਆਪਣੇ ਵੈਰੀ ਨੂੰ ਮੁਆਫ਼ ਕਰ ਦੇਣ ਦਾ ਏਲਾਨਾ ਕਰਦਾ ਹੈ । ਅਹੱਲਿਆ ਤੇ ਗੌਤਮ ਤੋਂ ਸਿਵਾ ਬਾਕੀ ਰਹਿ ਗਈ ਚੰਦਰਮਾ । ਉਸ ਦੁਆਰਾ ਇੰਦਰ ਦੀ ਨਿਖੇਧੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਸ ਦੀ ਨਜ਼ਰ ਵਿਚ ਤਾਂ ਇੰਦਰ ਜਿਹੀ ਮਹਾਨ ਹਸਤੀ ਨਾ ਹੋਈ ਹੈ ਨਾ ਹੋਵੇਗੀ । ਉਹ ਅਹੱਲਿਆ ਤੇ ਆਪਣੇ ਭਰਾ ਦੀਆਂ ਲਿੰਗ-ਭਾਵਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਉਨ੍ਹਾਂ ਨੂੰ ਬੁਰਾ ਨਹੀਂ ਸਮਝਦੀ ਬਲਕਿ ਉਨ੍ਹਾਂ ਦੀ ਪੂਰਤੀ ਵਿਚ ਸਹਾਇਤਾ ਲਈ ਨਿਧੜਕ ਹੋ ਕੇ ਮੈਦਾਨ ਵਿਚ ਨਿਤਰਦੀ ਹੈ । ਅਹੱਲਿਆ ਤੇ ਗੌਤਮ ਪਾਸ ਹਰ ਮੌਕੇ ਉੱਤੇ ਉਹ ਆਪਣੇ ਭਰਾ ਦੇ ਵੀਚਾਰਾਂ ਤੇ ਉਸ ਦੀ ਕਲਾ ਦਾ ਪੱਖ ਪੂਰਦੀ ਹੈ । ਇੰਦਰ ਨੂੰ ਚੰਦਰਮਾ ਰਾਹੀਂ ਜਿਸ ਉੱਚੇ ਪੱਧਰ ਉੱਤੇ ਪਹੁੰਚਾ ਦਿੱਤਾ ਗਿਆ ਹੈ ਉਸ ਉੱਤੋਂ ਉਸ ਨੂੰ ਉਤਾਰ ਕੇ ਅਸਲ ਦੁਰਾਚਾਰੀ ਰੂਪ ਵਿਚ ਨੰਗਾ ਕਰਨ ਲਈ ਕੋਈ ਉੱਚੇ ਆਚਰਣ ਵਾਲਾ ਪਾਤਰ ਚਾਹੀਦਾ ਸੀ ਜਿਹੋ ਜਿਹਾ ਪੌਰਾਣਿਕ ਕਥਾ ਵਿਚ ਗੌਤਮ ਹੈ । ਜੇ ਸੇਖੋਂ ਸਾਹਿਬ ਨੂੰ ਗੌਤਮ ਦੇ ਹੱਥੋਂ ਇਹ ਕੰਮ ਕਰਵਾਉਣਾ ਨਹੀਂ ਸੀ ਪੁੱਗਦਾ ਤਾਂ ਕੋਈ ਹੋਰ ਪਾਤਰ ਨਾਟਕ ਵਿਚ ਲਿਆਂਦਾ ਜਾ ਸਕਦਾ ਸੀ । ‘ਕਲਾਕਾਰ ਦੇ ਮੌਜੂਦਾ ਪਲਾਟ ਵਿਚ ਇੰਦਰ ਨੂੰ ਉਸ ਦੇ ਕੁਕਰਮ ਦਾ ਫਲ ਨਾ ਮਿਲਣਾ ਇਕ ਵੱਡਾ ਦੋਸ਼ ਹੈ ਤੇ ਪਾਠਕਾਂ ਦੀ ਅਸੰਤੁਸ਼ਟਤਾ ਦਾ ਖ਼ਾਸ ਕਾਰਣ । ਪਰ ਸੇਖੋਂ ਸਾਹਿਬ ਨੇ ਇੰਦਰ ਨੂੰ ਦੰਡ ਦਾ ਭਾਗੀ ਸਿੱਧ ਕਰਨਾ ਤਾਂ ਕਿਤੇ ਰਿਹਾ, 22