ਪੰਨਾ:Alochana Magazine March 1958.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਮੋਦਰ ਦੇ ਰਾਂਝੇ ਵਾਂਙ ਵਾਰਿਸ ਸ਼ਾਹ ਦਾ ਰਾਂਝਾ ਆਸੇ ਪਾਸੇ ਅਜਾਈਂ ਫਿਰਨ ਦਾ ਸਬਰ ਨਹੀਂ ਕਰ ਸਕਦਾ। ਉਸ ਦੀ ਮੰਜ਼ਲ ਸਦਾ ਉਸ ਦੀਆਂ ਅੱਖਾਂ ਸਾਹਮਣੇ ਰਹੀ ਹੈ। ਸ਼ਾਇਰ ਉਸ ਦੀ ਤੋਰ ਨੂੰ ਭੁੱਖੇ ਸ਼ੇਰ ਤੇ ਅਨ੍ਹੇਰੀ ਵਾਲੇ ਮੀਂਂਹ ਨਾਲ ਤਸ਼ਬੀਹ ਦਾ ਹੈ। ਰਾਂਝਾ ਰੰਗਪੁਰ ਵੜਦਿਆਂ ਹੀ ਆਜੜੀ ਮੁੰਡੇ ਤੇ ਕੁੜੀਆਂ ਨਾਲ ਝਗੜਦਾ ਹੈ। ਪਿੰਡ ਵਿਚ ਆਉਣ ਨਾਲ ਉਸ ਦੀ ਚਰਚਾ ਘਰ ਘਰ ਛਿੜ ਪੈਂਦੀ ਹੈ ਅਤੇ ਕੁੜੀਆਂ ਉਸ ਬਾਰੇ ਮਠਾਰ ਮਾਰ ਕੇ ਗੱਲਾਂ ਕਰਨ ਲਗ ਪੈਂਦੀਆਂ ਹਨ:

ਕੋਈ ਆਖਦੀ ਮਸਤ ਦੀਵਾਨੜਾ ਏ,
ਵਡੇ ਰੰਗ'ਚ ਕਿੰਗ ਵਜਾਉਂਦਾ ਏ।

ਕੋਈ ਆਖਦੀ ਠੱਗ ਉਧਾਲ ਫਿਰਦਾ,
ਸੂਹਾ ਚੋਰਾਂ ਦਾ ਕਿਸੇ ਗਰਾਉਂਦਾ ਏ।

ਆਟਾ ਕਣਕ ਦਾ ਲਏ ਤੇ ਘਿਉ ਬਹੁਤਾ,
ਦਾਣਾ ਟੁਕੜਾ ਗੋਦ ਨਾ ਪਾਉਂਦਾ ਏ।

ਵਾਰਿਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ,
ਘਰੋ ਘਰੀ ਮੁਬਾਰਕਾਂ ਲਇਆਉਂਦਾ ਏ।

ਅਗਲੀ ਕਹਾਣੀ ਕਾਫੀ ਹਦ ਤਕ ਦਮੋਦਰ ਨਾਲ ਮਿਲਦੀ ਹੈ। ਮੋਟਾ ਫਰਕ ਇਹ ਹੈ ਕਿ ਦਮੋਦਰ ਦੀ ਸਹਿਤੀ ਮੁੱਢ ਤੋਂ ਹੀਰ ਦੀ ਸਹੇਲੀ ਤੇ ਰਾਂਝੇ ਨੂੰ ਸਦਵਾਉਣ ਵਾਲੀ ਵਿਚੋਲਣ ਹੈ ਪਰ ਵਾਰਿਸ ਸ਼ਾਹ ਦੀ ਸਹਿਤੀ ਹੀਰ ਨੂੰ ਤੰਗ ਕਰਨ ਵਾਲੀ ਨਮੂਨੇ ਦੀ ਪੰਜਾਬਣ ਨਨਾਣ ਹੈ। ਹੀਰ ਨੂੰ ਤੰਗ ਕਰਨਾ ਅਤੇ ਹਰ ਕਿਸੇ ਨਾਲ ਬੋਲ-ਵਿਗਾੜ ਹੋਣਾ ਉਸ ਦੇ ਸੁੁਭ ਦਾ ਅੰਗ ਬਣ ਚੁੱਕਾ ਸੀ। ਇਸੇ ਲਈ ਰਾਂਝੇ ਨਾਲ ਉਸ ਦੀ ਠਹਕਵੀਂ ਲੜਾਈ ਹੁੰਦੀ ਹੈ। ਵਾਰਿਸ ਸ਼ਾਹ ਨੇ ਆਪਣੀ ਜਵਾਨੀ ਦਾ ਸਾਰਾ ਉਬਾਲ ਰਾਂਝ ਦੇ ਸਹਿਤੀ ਦੇ ਸੰਵਾਦ ਵਿਚ ਕੱਢ ਲਇਆ ਹੈ। ਰਾਂਝੇ ਤੇ ਸਹਿਤੀ ਦੇ ਬੋਲ ਨਮੂਨੇ ਵਜੋਂ ਦਰਜ ਕਰਦਾ ਹਾਂ:

ਵਿਹੜੇ ਵਿਚ ਤੂੰ ਕੰਜਰੀ ਵਾਂਙ ਨੱਚੇਂ,
ਚੋਰਾਂ ਯਾਰਾਂ ਦੀ ਵਿਚ ਵਿਚਲੀਏ ਨੀ।

ਫਕਰ ਅਸਲ ਅੱਲਾ ਦੀ ਹੋਣ ਮੂਰਤ,
ਅੱਗੇ ਰੱਬ ਦੇ ਝੂਠ ਨ ਬੋਲੀਏ ਨੀ।

ਹੁਸਨ ਮੱਤੀਏ ਬੌੌਂਗੀਏ ਸੋਨ ਚਿੜੀਏ,
ਨੈਣਾਂ ਵਾਲੀਏ ਸ਼ੋਖ਼ ਨਮੋਲੀਏ ਨੀ।

ਵਾਰਿਸ ਸ਼ਾਹ ਕੀਤੀ ਗੱਲ ਹੋ ਚੁੱਕੀ,
ਮੂਤ ਵਿਚ ਨ ਮੱਛੀਆਂ ਟੋਲੀਏ ਨੀ।

੨੨