ਪੰਨਾ:Alochana Magazine July, August and September 1986.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਾਪਤ-ਯਥਾਰਥ ਅਤੇ ਆਦਰਸ਼ ਵਿਚਕਾਰ ਤਣਾਓ ਦੀ
ਸਿਰਜਨਾ-'ਕੋਠੇ ਖੜਕ ਸਿੰਘ'

—ਪ੍ਰੋ. ਤੇਜਵੰਤ ਮਾਨ

ਰਾਮ ਸਰੂਪ ਅਣਖੀ ਦੇ ਨਾਵਲ 'ਕੋਠੇ ਖੜਕ ਸਿੰਘ' ਬਾਰੇ ਮੈਂ ਉਪਰੋਕਤ ਉਕਤੀ ਇਸ ਲਈ ਕਹੀ ਹੈ ਕਿ ਉਹ ਇਸ ਵਿਰੋਧੀ ਜੁੱਟ ਰਾਹੀਂ ਆਪਣੇ ਇਸ ਨਾਵਲ ਦੇ ਚਾਰ ਭਾਗਾਂ ਵਿਚ ਇਕ ਅਜਿਹੇ ਵਾਦ-ਵਿਵਾਦ ਦੀ ਸਿਰਜਨਾ ਕਰਦਾ ਹੈ ਜੋ ਬਾਹਰਮੁਖੀ ਵਸਤੂ ਪੂਰਕ ਸਿੱਟਿਆਂ ਦੀ ਪਹੁੰਚ ਤੋਂ ਉਪਜੇ ਮੁਕਤੀ ਸੰਕਲਪ ਦੀ ਪ੍ਰੋੜਤਾ ਕਰਦਾ ਹੋਇਆ ਭਵਿਖਾਰਥੀ ਸਿੱਟੇ ਕੱਢਣ ਦੇ ਸਮਰਥ ਹੈ। ਪ੍ਰਾਪਤ-ਯਥਾਰਥ ਅਤੇ ਆਦਰਸ਼ ਵਿਚਕਾਰ ਤਣਾਓ ਦੀ ਸਿਰਜਨਾ ਪ੍ਰਸੰਗਤਾ ਅਤੇ ਪ੍ਰਤੀਬੱਧਤਾ ਦੇ ਪ੍ਰਸ਼ਨ ਨੂੰ, ਅਤੇ ਅੰਤਰਮੁਖੀ ਆਤਮ ਸਾਧਨ ਅਤੇ ਬਾਹਰਮੁਖੀ ਵਿਸਫੋਟਕ ਸਥਿਤੀ ਦੇ ਸੰਦਰਭ ਵਿਚ ਕੁਦਰਤ ਵਿਚ ਮਨੁੱਖੀ ਦਖਲ ਦੇ ਦਵੰਦ ਨੂੰ ਹਲ ਕਰਦੀ ਹੈ। ਚਾਰ ਭਾਗਾਂ ਦੇ ਇਸ ਨਾਵਲ ਵਿਚ ਮੈਂ ਤੁਹਾਡੀ ਜਾਣਕਾਰੀ ਚਾਰ ਅਜਿਹੀਆਂ ਸਥਿਤੀਆਂ ਨਾਲ ਕਰਾਉਣਾ ਚਾਹੁੰਦਾ ਹਾਂ ਜੋ ਚਾਰਾਂ ਭਾਗਾਂ ਵਿਚ ਅਲੱਗ ਅਲੱਗ ਤਣਾਓ ਨੂੰ ਪੇਸ਼ ਕਰਦੀਆਂ ਹਨ ਅਤੇ ਇਸ ਨਾਵਲ ਦੇ ਸਮੁੱਚ ਨੂੰ ਇਕ ਅਜਿਹੀ ਸਿਰਜਨਾ ਹੋਣ ਦੀ ਸ਼ਕਤੀ ਦਿੰਦੀਆਂ ਹਨ ਜੋ ਮਨੁੱਖ ਦੇ ਇਤਿਹਾਸਿਕ ਵਿਕਾਸ ਵਿਚਲੇ ਸ਼ਕਤੀਸ਼ਾਲੀ ਰੋਲ ਨੂੰ ਨਿਰਧਾਰਿਤ ਕਰਦੀ ਹੈ।

1. ਹਰਨਾਮੀ ਇਕੱਲੀ ਬੈਠ ਕੇ ਰੋਂਦੀ ਤੇ ਝੂਰਦੀ—ਇਕ ਸਰੀਰ ਦੇ ਸੁਆਦ ਨੇ ਉਹਨੂੰ

ਕਿਥੋਂ ਦਾ ਕਿੱਥੇ ਪੁਚਾ ਦਿੱਤਾ।

(ਪਹਿਲਾ ਭਾਗ-ਪੰਨਾ-130)

2. ਬੰਦੂਕ ਦੀ ਨਾਲੀ ਵਿਚੋਂ ਈ ਇਨਕਲਾਬ ਨਿਕਲਣੈ।

(ਦੂਜਾ ਭਾਗ-ਪੰਨਾ-237)

3. ਫੇਰ ਤਾਂ ਭਾਈ ਠੀਕ ਐ। ਤੇਰਾਂ ਇਹ ਇਨਕਲਾਬ ਫੇਰ ਤਾਂ ਭਾਵੇਂ ਛੇਤੀ ਆਵੇ।

(ਤੀਜਾ ਭਾਗ-ਪੰਨਾ-321)