ਪੰਨਾ:Alochana Magazine February 1964.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨੀ ਹੁੰਦਾ ਹੈ ਅਤੇ ਨਾ ਹੀ ਤੁਕਬੰਦੀ ਦੇ ਤਜਰਬੇ ਕਰਦਾ ਹਰ ਆਦਮੀ ਕਵੀ । ਇਹਨਾਂ ਦੋਹਾਂ ਨੂੰ ਵਿਗਿਆਨੀਆਂ ਤੇ ਕਵੀਆਂ ਦੇ ਪ੍ਰਤੀਨਿਧ ਮਿਥਆਂ ਅਤੇ ਇਹਨਾਂ ਦੇ ਸੁਭਾਵਾਂ ਦਾ ਬੇਧਿਆਨਾ ਮੁਲਾਂਕਣ ਪਰਵਾਨ ਕੀਤਿਆਂ ਤਾਂ ਸਾਇਦ ਅਸੀਂ ਇਹਨਾਂ ਦੇ ਉਪਰੰਤ ਚਿਤਰ ਹੀ ਖਿੱਚ ਸਕੀਏ, ਪਰ ਜੇਕਰ ਕਵੀ ਤੋਂ ਭਾਵ ਕੋਈ ਕਾਲੀ ਦਾਸ, ਹੋਮਰ ਜਾਂ ਮਿਲਟਨ ਹੋਵੇ, ਤੇ ਵਿਗਿਆਨੀ ਤੋਂ ਮੁਰਾਦ ਕੋਈ ਨਿਉਟਨ, ਡਾਰਵਿਨ ਜਾਂ ਪਾਵਲੋਵ ਹੋਵੇ ਤਾਂ ਕਵੀਆਂ ਅਤੇ ਵਿਗਿਆਨੀਆਂ ਦਾ ਚਿਤਰ ਕੋਈ ਹੋਰ ਹੀ ਉਘੜੇਗਾ । ਪਰ ਜੇ ਅਸਾਂ ਕਵੀਆਂ ਤੇ ਵਿਗਿਆਨੀਆਂ ਦੇ ਬੌਧਿਕ ਸੁਭਾਵਾਂ ਬਾਰੇ ਕੋਈ ਸਿਧਾਂਤ ਕਾਇਮ ਕਰਨਾ ਹੈ ਤਾਂ ਸਾਨੂੰ ਸਿਖਾਂਦਰੂ ਤੁਕਬੰਦਾਂ ਤੇ ਪ੍ਰਯੋਗਸ਼ਾਲਾਵਾਂ ਦੇ ਕਾਮਿਆਂ ਦੇ ਸੁਭਾਵਾਂ ਦੀ ਨਹੀਂ ਸਗੋਂ ਪ੍ਰਤਿਭਾਸ਼ਾਲੀ ਕਵੀਆਂ ਤੇ ਨਿਪੁੰਨ ਵਿਗਿਆਨੀਆਂ ਦੇ ਸੁਭਾਵਾਂ ਦੀ ਤੁਲਨਾ ਕਰਨੀ ਚਾਹੀਦੀ ਹੈ । ਇਸ ਪੱਧਰ ਤੋਂ ਵੇਖੀਏ ਤਾਂ ਅਸੀਂ ਕਵੀਆਂ ਤੇ ਵਿਗਿਆਨੀਆਂ ਦੇ ਬੌਧਿਕ ਸੁਭਾਵਾਂ ਵਿਚ ਇਕ ਹੈਰਾਨ ਕਰਨ ਵਾਲੀ ਸਮਾਨਤਾ ਵੇਖਾਂਗੇ ।

ਕਵਿਤਾ ਅਤੇ ਵਿਗਿਆਨ ਦੋਵੇਂ ਹੀ ਰਚਨਾਤਮਕ ਕਿਰਿਆਵਾਂ ਹਨ, ਅਤੇ ਦੋਵੇਂ ਨਿਤ ਵਿਗਸਦੀ ਮਨੁਖੀ ਅੰਤਰ-ਦ੍ਰਿਸ਼ਟੀ ਦੀ ਮਹਾਨ ਵਿਥਿਆ ਹਨ । ਜਿਨ੍ਹਾਂ ਖੋਜੀਆਂ ਨੇ ਰਚਨਾਤਮਕ ਕਿਰਿਆ ਦੀ ਕਿਰਿਆ-ਸ਼ੀਲਤਾ ਨੂੰ ਵਾਚਿਆ ਹੈ, ਉਹ ਜਾਣਦੇ ਹਨ ਕਿ ਇਸ ਕਿਰਿਆ ਦਾ ਸਾਇੰਸ ਅਤੇ ਕਲਾ ਦੋਹਾਂ ਖੇਤਰਾਂ ਵਿਚ ਇਕੋ ਜੇਹਾ ਭਾਗ ਹੈ ।

ਕਵੀ ਤੇ ਵਿਗਿਆਨੀ ਦੋਹਾਂ ਦੀ ਰਚਨਾਤਮਕਤਾ ਦੀਆਂ ਇਕੋ ਜਹੀਆਂ ਮੰਜ਼ਲਾਂ ਹਨ ਪਹਲਾ ਅਭਿਆਸ ਤੇ ਤਿਆਰੀ, ਫਿਰ ਅੰਤਰ-ਵਿਕਾਸ ਦੀ ਖ਼ਾਮੋਸ਼ ਅਵਸਥਾ, ਫਿਰ ਇਕਾ-ਇਕੀ ਇਕ ਹਲੂਣੇ ਜਾਂ ਫੁਰਨੇ ਦੀ ਜਗਮਗ ਜੋ ਕਵੀ ਜਾਂ ਵਿਗਿਆਨੀ ਦੀ ਸਾਰੀ ਹੋਂਦ ਨੂੰ ਸਫੁਰਤ ਕਰ ਦਿੰਦੀ ਹੈ, ਤੇ ਅੰਤ ਵਿਚ ਪੜਤਾਲ ਜਾਂ ਦੁਹਰਾਈ ਜਿਸ ਵਿਚ ਵਿਗਿਆਨੀ ਆਪਣੇ ਫੁਰਨੇ ਲਈ ਪਰਮਾਣ ਭਾਲਦਾ ਤੇ ਕਵੀ ਆਪਣੀ ਰਚਨਾਂ ਦੀ ਸੁਧਾਈ ਜਾਂ ਦਰੁਸਤੀ ਕਰਦਾ ਹੈ । ਇਹਨਾਂ ਚੌਹਾਂ ਮੰਜ਼ਲਾਂ ਵਿਚੋਂ ਜੋ ਬਹੁਤੀਆਂ ਹਾਲਤਾਂ ਵਿਚ ਅੱਡੋ ਅੱਡ ਨਹੀਂ ਕੀਤੀਆਂ ਜਾ ਸਕਦੀਆਂ, ਵੱਡੀ ਮਹੱਤਾ ਤਾਂ ਫੁਰਨੇ ਜਾਂ ਹਲੂਣੇ ਦੀ ਹੀ ਹੈ । ਹਲੂਣਿਆ ਹੋਇਆ ਵਿਗਿਆਨੀ ਹਲੂਣੇ ਹੋਏ ਕਵੀ ਵਾਂਗ ਹੀ ਲਟਬਉਰਾ ਹੁੰਦਾ ਹੈ । ਹਮਾਮ ਵਿਚੋਂ ਲਭ ਲਿਆ, ਲਭ ਲਿਆ, ਕੂਕਦਾ ਅਰਸਮੇਦਸ ਨਿਸਚੇ ਹੀ ਉਸੇ ਆਵੇਸ਼ਕ ਅਵਸਥਾ ਦਾ ਧਾਰਨੀ ਹੋਣਾ ਹੈ ਜਿਸ ਅਵਸਥਾ ਦਾ ਧਾਰਨੀ "ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ" ਗਾਉਂਦਾ, ਬੁਲ੍ਹਾ ਸੀ ।

ਕਵੀ ਤੇ ਵਿਗਿਆਨੀ ਦੋਵੇਂ ਸਾਡੀ ਜਾਣੀ-ਪਛਾਣੀ ਦੁਨੀਆਂ ਨਾਲ ਵਾਸਤਾ ਰਖਦੇ ਹਨ । ਦੋਵੇਂ ਸਾਧਾਰਨ ਵਿਚੋਂ ਵਿਸ਼ੇਸ਼ ਨਖੇੜਨ ਦਾ ਜਤਨ ਕਰਦੇ ਹਨ, ਤੇ ਫਿਰ ਇਸ ਨਖੇੜੇ ਹੋਏ ਵਿਸ਼ੇਸ਼ ਨੂੰ ਮੁੜ ਜ਼ਿੰਦਗੀ ਦੀ ਤਾਣੀ ਵਿਚ ਉਣ ਦੇਂਦੇ ਹਨ । ਇਉਂ ਉਹ ਦੋਵੇਂ ਜ਼ਿੰਦਗੀ ਦੀ ਭਰਪੂਰਤਾ ਤੇ ਚੇਤਨਤਾ ਦੀ ਅਮੀਰੀ ਨੂੰ ਵਧਾਉਂਦੇ ਹਨ । ਉਹ ਦੋਵੇਂ 'ਵਿਸ਼ੇਸ਼' ਉੱਪਰ ਇਤਨੀ ਇਕਾਗਰਤਾ ਨਾਲ ਬਿਰਤੀ ਜੋੜਦੇ ਹਨ ਕਿ ਸਾਧਾਰਨਤਾ ਦੇ

-੮-