ਪੰਨਾ:Alochana Magazine February 1963.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਪੂਰਵ ਇਤਿਹਾਸਕ ਖੋਜ:- ਮਨੁੱਖ ਜਾਤੀ ਦੇ ਇਤਿਹਾਸ ਦੀ ਸਾਨੂੰ ਓਨੀ ਹੀ ਜਾਣਕਾਰੀ ਮਿਲਦੀ ਹੈ, ਜਿੰਨੀ ਕਿ ਇਤਿਹਾਸ ਸਾਨੂੰ ਦੇਂਦਾ ਹੈ ।' ਇਤਿਹਾਸ ਤੋਂ ਪਹਲਾ ਕਾਲ ਕੀ ਸੀ, ਉਸ ਵਿਚ ਲੋਕਾਂ ਦੀ ਰਹਣੀ ਬਹਣੀ, ਉਹਨਾਂ ਦੀ ਸਭਿਅਤਾ ਅਤੇ ਸਭਿਆਚਾਰ ਕੀ ਸੀ, ਇਸ ਬਾਰੇ ਗਿਆਨ ਸਾਨੂੰ ਭਾਸ਼ਾ ਵਿਗਿਆਨ ਦੀ ਪੂਰਵ-ਇਤਿਹਾਸਕ ਖੋਜ ਦੇਦੀ ਹੈ । ਪੂਰਵ ਇਤਿਹਾਸਕ ਖੋਜ ਰਾਹੀਂ ਅਸੀਂ ਮਨੁਖ ਜਾਤੀ ਦੀ ਧੁਰ ਮੁਢਲੀ ਅਵਸਥਾ ਤਕ ਪਹੁੰਚ ਜਾਂਦੇ ਹਾਂ । ਆਰੀਆਂ ਦਾ ਮੁਢਲਾ ਥਾਂ, ਉਹਨਾਂ ਦੀ ਸੰਸਕ੍ਰਿਤੀ ਤੇ ਰਸਮਾਂ ਰਿਵਾਜਾਂ ਬਾਰੇ ਸਾਨੂੰ ਇਸੇ ਭਾਸ਼ਾ ਵਿਗਿਆਨਕ ਖੋਜ ਨੇ ਜਾਣੂ ਕਰਾਇਆ ਹੈ ।

੬. ਲਿੱਪੀ:- ਲਿੱਪੀ ਰਾਹੀਂ ਹੀ ਕੋਈ ਭਾਸ਼ਾ ਲਿਖਤੀ ਰੂਪ ਵਿਚ ਆਉਂਦੀ ਹੈ । ਜਿਸ ਤਰਾਂ ਅਸੀਂ ਕਿਸੇ ਦੇਸ਼ ਜਾਂ ਪ੍ਰਾਂਤ ਦੀਆਂ ਬੋਲੀਆਂ ਦੀ ਉਪਜ ਤੇ ਵਿਕਾਸ ਲਭਦੇ ਹਾਂ, ਇਸੇ ਤਰ੍ਹਾਂ ਵੱਖ ਵੱਖ ਲਿਪੀਆਂ ਦੀ ਇਤਿਹਾਸਕ ਤੇ ਤੁਲਨਾਤਮਕ ਖੋਜ ਦਾ ਵੀ ਇਕ ਵਸ਼ਿਸ਼ਟ ਖੇਤਰ ਹੈ । ਉਦਾਹਰਣ ਵਜੋਂ ਭਾਰਤ ਦੀਆਂ ਪ੍ਰਸਿੱਧ ਲਿੱਪੀਆਂ ਦਾ ਮੁਢ ਬ੍ਰਹਮ ਲਿੱਪੀ ਤੋਂ ਬਝਿਆ ਹੈ, ਪਰ ਇਸ ਸਾਂਝੇ ਸੋਮੇਂ ਤੋਂ ਉਤਪੰਨ ਹੋਈਆਂ ਲਿੱਪੀਆਂ ਦਾ ਅਜੋਕਾ ਰੂਪ ਇਕ ਦੂਸਰੇ ਤੋਂ ਏਨਾ ਵਖਰਾ ਹੋ ਗਇਆ ਹੈ ਕਿ ਹਰ ਕੋਈ ਇਹਨਾਂ ਵਿਚਲੀ ਸਾਂਝ ਨੂੰ ਪਛਾਣ ਨਹੀਂ ਸਕਦਾ। ਇਹੋ ਕਾਰਣ ਹੈ ਕਿ ਬਹੁਤ ਵਾਰੀ ਲਿਪੀ ਨੂੰ ਲੈ ਕੇ ਪ੍ਰਾਦੇਸ਼ਕ ਬੋਲੀਆਂ ਦੇ ਝਗੜੇ ਖੜੇ ਹੋ ਪੈਂਦੇ ਹਨ । ਗੁਰਮੁਖੀ ਲਿਪੀ ਨੂੰ ਗੁਰੂ ਨਾਨਕ ਦੇਵ ਜਾਂ ਗੁਰੂ ਅੰਗਦ ਦੇਵ ਦੀ ਰਚੀ ਸਮਝਣ ਦੇ ਭੁਲੇਖੇ ਸਿਰਫ਼ ਇਸੇ ਲਈ ਪੈਂਦੇ ਹਨ ਕਿ ਲਿਪੀਆਂ ਸੰਬੰਧੀ ਵਿਗਿਆਨਕ ਗਿਆਨ ਦਾ ਅਭਾਵ ਹੈ । ਜਿਵੇਂ ਕਿਸੇ ਬੋਲੀ ਨੂੰ ਬਣਾਣ ਵਾਲਾ ਕੋਈ ਇਕ ਵਿਅਕਤੀ ਨਹੀਂ ਹੋ ਸਕਦਾ, ਸਗੋਂ ਸਮੇਂ ਦੇ ਨਾਲ ਨਾਲ, ਵੱਖ ਵੱਖ ਪੜਾਵਾਂ ਤੋਂ ਲੰਘਦੀ ਹੋਈ ਬੋਲੀ ਆਪਣਾ ਰੂਪ ਬਦਲਦੀ ਰਹੰਦੀ ਹੈ, ਤਿਵੇਂ ਕੋਈ ਲਿਪੀ ਵੀ ਕਿਸੇ ਵਿਅਕਤੀਗਤ ਯਤਨ ਦਾ ਸਿੱਟਾ ਨਹੀਂ ਹੁੰਦੀ ਸਗੋਂ ਸਦੀਆਂ ਤੋਂ ਚਲੀ ਆ ਰਹੀ ਆਦਮ ਲਿਪੀ ਦਾ ਵਿਗਸਤ ਰੂਪ ਹੋਇਆ ਕਰਦੀ ਹੈ । ਬ੍ਰਹਮੀ ਲਿਪੀ (ਜੋ ਮਹਾਰਾਜਾ ਅਸ਼ੋਕ ਵੇਲੇ ਪਾਲੀ ਅਖਵਾਈ) ਤੋਂ ਨਿਕਲੀਆਂ ਵੱਖ ਵੱਖ ਲਿਪੀਆਂ -ਦੇਵਨਾਗਰੀ, ਗੁਰਮੁਖੀ, ਸ਼ਾਰਦਾ, ਟਾਕਰੀ ਤੇ ਮਹਾਜਨੀ ਆਦਿ ਕਿਵੇਂ ਵੱਖ ਵੱਖ ਰੂਪਾਂ ਵਿਚ ਵਟ ਗਈਆਂ, ਇਸ ਦਾ ਗਿਆਨ ਸਾਨੂੰ ਲਿਪੀ ਦੇ ਇਤਿਹਾਸਕ ਤੇ ਤੁਲਨਾਤਮਕ ਅਧਿਐਨ ਤੋਂ ਮਿਲਦਾ ਹੈ ।

ਉਪਰੋਕਤ ਸਾਰੇ ਅੰਗਾਂ ਦੀ ਭਾਸ਼ਾ ਵਿਗਿਆਨ ਵਿਚ ਨਿਜੀ ਤੇ ਨਵੇਕਲੀ ਥਾਂ ਹੈ । ਇਹਨਾਂ ਸਾਰਿਆਂ ਦੇ ਅਧਿਐਨ ਨਾਲ ਹੀ ਭਾਸ਼ਾ ਵਿਗਿਆਨ ਦਾ ਸਰੂਪ ਸਪੱਸ਼ਟ ਹੁੰਦਾ ਹੈ !

੩੯