ਪੰਨਾ:Alochana Magazine February 1963.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਸੁੰਦਰਤਾ ' ਲਈ । ਪ੍ਰਸਿੱਧੀ ਪ੍ਰਾਪਤ ਕਰਨ ਦੀ ਲਾਲਸਾ ਨੂੰ ਵਡਿਆਂ ਪੁਰਸ਼ਾਂ ਦੀ ਕਮਜ਼ੋਰੀ ਕਹਿਆ ਗਇਆ ਹੈ । ਹੇਠਲੀਆਂ ਸਤਰਾਂ ਵਿੱਚ ਇਕ ਐਸੇ ਮਨੁਖ ਦਾ ਵਰਨਣ ਕੀਤਾ ਜਾਪਦਾ ਹੈ ਜਿਹੜਾ ਮਹਲ ਮਾੜੀਆਂ ਤੇ ਕੰਚਨੀਆਂ ਦੀ ਖਿੱਚ ਤੋਂ ਭਾਵੇਂ ਉਚਾ ਉਠ ਚੁਕਾ ਹੋਵੇ ਪਰ ਜਿਸ ਦੀ ਲੋਕਜਸ ਦੀ ਭੁਖ ਹਾਲੇ ਤ੍ਰਿਪਤ ਨਹੀਂ ਹੋਈ :

ਸਿਧੁ ਹੋਵਾਂ ਸਿਧਿ ਲਾਈ ਰਿਧਿ ਆਖਾ ਆਉ ॥

ਗੁਪਤੁ ਪਰਗਟ ਹੋਇ ਬੈਸਾ ਲੋਕੁ ਰਾਖੈ ਭਾਉ ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥

ਅਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਚਤਰ ਖਿਡਾਰੀਆਂ ਜਾਂ ਐਕਟਰਾਂ ਦੀ ਪ੍ਰਸਿਧੀ ਬਹੁਤ ਜਲਦੀ ਫੈਲਦੀ ਹੈ, ਬੀਤੇ ਸਮੇਂ ਵਿੱਚ ਨਾਟਕ ਚੇਟਕ ਕਰਨ ਵਾਲੇ ਸਿਧਾਂ ਜੋਗੀਆਂ ਦਾ ਨਾਂ ਬਹੁਤ ਮਸ਼ਹੂਰ ਹੋ ਜਾਂਦਾ ਸੀ । ਗੁਰੂ ਨਾਨਕ ਨੇ ਜਿਸ ਸਿਧ ਦਾ ਜ਼ਿਕਰ ਇਥੇ ਕੀਤਾ ਹੈ ਉਹ ਆਪਣੀ ਸ਼੍ਰੇਣੀ ਦਾ ਪੂਰਾ ਪ੍ਰਤੀਨਿਧ ਹੈ । ਉਹ ਲੋਕਾਂ ਨੂੰ ਸਭ ਤੋਂ ਵਧ ਪ੍ਰਭਾਵਤ ਕਰਨ ਵਾਲੇ ਕੌਤਕ, ਗੁਪਤ ਪ੍ਰਗਟ ਹੋ ਜਾਣ, ਦਾ ਮਾਹਰ ਹੈ । ਅਨੇਕ ਤਰ੍ਹਾਂ ਦੀਆਂ ਹੋਰ ਸ਼ਕਤੀਆਂ ਉਸ ਦੇ ਹੁਕਮ ਦੀਆਂ ਬੱਧੀਆਂ ਇਕ ਉਂਗਲ ਦੇ ਇਸ਼ਾਰੇ ਨਾਲ ਉਸ ਸਾਹਮਣੇ ਆ ਹਾਜ਼ਰ ਹੁੰਦੀਆਂ ਹਨ । ਗੁਰੂ ਸਾਹਿਬ ਨੇ ਕਰਾਮਾਤੀ ਸਿਧ ਦੇ ਕਰਤਵਾਂ ਵਿਚੋਂ ਦੋ ਐਸੇ ਕਰਤੱਵ ਚੁਣੇ ਹਨ ਜਿੰਨਾਂ ਰਾਹੀਂ ਉਹ ਲੋਕਾਂ ਦਾ ਸਤਿਕਾਰ ਜਿੱਤਣ ਵਿੱਚ ਬਹੁਤ ਸਫਲ ਹੁੰਦਾ ਹੈ ਤੇ 'ਲੋਕੁ ਰਾਖੈ ਭਾਉਂ' ਕਹਿ ਕੇ ਉਸ ਦੇ ਇਸ ਮੰਤਵ ਨੂੰ ਸਪੱਸ਼ਟ ਭੀ ਕਰ ਦਿਤਾ ਹੈ । ਇਸੇ ਮੰਤਵ ਨਾਲ ਪ੍ਰਾਪਤ ਕੀਤੀ ਗਈ ਮਾਨਸਕ ਇਕਾਗ੍ਰਤਾ, ਜੋ ਸਿਧਾਂ ਦੀ ਕਰੜੀ ਯੋਗ ਸਾਧਨਾ ਦਾ ਫਲ ਹੁੰਦੀ ਸੀ, ਕੋਈ ਅਧਿਆਤਮਕ ਜ ਸਦ ਚਾਰਕ ਅਰਥ ਨਹੀਂ ਰਖਦੀ ਸੀ ? ਆਤਮਕ ਜੀਵਨ ਦੇ ਜਗਿਆਸੂ ਲਈ ਇਹ ਇਕਾਗ੍ਰਤਾ ਤੇ ਇਸ ਦਾ ਸਦਕਾ ਮਿਲੀਆਂ ਸਭ ਮਾਨਸਕ ਸ਼ਕਤੀਆਂ ਰਾਹ ਤੋਂ ਥਿੜਕਾਉਣ ਵਾਲੀਆਂ ਓਪਰੀਆਂ ਖਿੱਚਾਂ ਸਨ । ਗੁਰੂ ਨਾਨਕ ਨੇ ਸੁੰਦਰ ਮੁੰਦਰਾਂ, ਚੰਚਲ ਇਸਤ੍ਰੀਆਂ ਤੇ ਅਭਿਮਾਨੀ ਹਾਕਮਾਂ ਦੀ ਲਿਸਟ ਵਿੱਚ ਕਰਾਮਾਤੀ ਸਿਧਾਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਦੀ ਅਸਲੀਅਤ ਨੂੰ ਉਘਾੜਿਆ ਹੈ ।

ਦੰਭ-ਵਿਚਾਰਨ ਦਾ ਇਹ ਕਰਮ ਗੁਰੂ ਸਾਹਿਬ ਦੀ ਇਸ ਕਵਿਤਾ ਦਾ ਕੋਈ ਵਿਸ਼ੇਸ਼ ਪ੍ਰਯੋਂਜਨ ਨਹੀਂ । ਭਾਵੇਂ ਉਨ੍ਹਾਂ ਦੇ ਜੀਵਨ-ਪ੍ਰਤੀ ਸਮੁਚੇ ਵਤੀਰੇ ਵਿਚ ਭੇਖਾਚਾਰ ਦਾ ਖੰਡਨ ਇਕ ਜ਼ਰੂਰੀ ਭਾਗ ਹੈ ਪਰ ਇਥੇ ਇਹ ਖੰਡਨ ਸੁਭਾਵਕ ਹੀ ਹੋ ਗਿਆ ਹੈ । ਟੇਢੇ ਢੰਗ ਨਾਲ ਇਸ ਕਵਿਤਾ ਵਿੱਚ ਸ਼ਾਮਲ ਹੋ ਕੇ ਇਹ ਇਸ ਦੇ ਮੁਲ ਵਿੱਚ ਵਾਧਾ ਭੀ ਕਰਦਾ ਹੈ ਪਰ ਗੁਰੂ

੧੫