ਪੰਨਾ:Alochana Magazine April 1964.pdf/11

ਇਹ ਸਫ਼ਾ ਪ੍ਰਮਾਣਿਤ ਹੈ

ਜੇ ਕਿਸੇ ਵਿਅਕਤੀ ਵਿਚ ਇਕਸੁਰ ਹੋਣ ਦੀ ਸੰਭਾਵਨਾ ਜਾਪੀ ਤਾਂ ਉਹ ਸੀ ਕਰਤਾਰ ਸਿੰਘ ਦੁੱਗਲ । ਉਸ ਦੀ ਬੋਲੀ ਵਿਚ ਕਾਵਿਕਤਾ ਦੀ ਭਾਅ ਹੈ ! ਭਾਵਾਂ ਨੂੰ ਟੁੰਬਣ ਲਈ ਕਾਵਿਕਤਾ ਬੜੀ ਜ਼ਰੂਰੀ ਹੈ । ਉਹ ਚਾਹੁੰਦਾ ਤਾਂ ਪਜਾਬੀ ਰੰਗਮੰਚ ਉਤੇ ਅਨੋਖੀ ‘ਛਣਕਾਰ' ਪੈਦਾ ਕਰ ਦੇਂਦਾ । ਪਰੰਤੂ ਉਸ ਨੇ ਰੰਗਮੰਚ ਦੀ ਥਾਂ ਰੇਡੀਓ ਨੂੰ ਆਪਣਾ ਮਾਧਿਅਮ ਬਣਾਂ ਲਿਆ। 'ਪੁਰਾਣੀਆਂ ਬੋਤਲਾ' ਵਿਚ ਮਿੱਠਾ' ਪਾਣੀ ਭਰਨ ਲਗ ਪਿਆ । ਕਿਸੇ ਨੇ ਬੋਤਲਾਂ ਨਹੀਂ ਸਨ ਵੇਖਣੀਆਂ, ਪਾਣੀ ਨਹੀਂ ਸੀ ਪੀਣਾ, ਪਾਣੀ ਦੀ ਕੁਲ ਕੁਲ ਸੁਣਾਂ ਦੇਣਾ ਉਸੇ ਲਈ ਕਾਫੀ ਸੀ । ਪੰਜਾਬੀ ਰੰਗਮੰਚ ਦੀਆਂ ਉਮੀਦਾਂ ਦਾ ਫਿਰ ਦੀਵਾ ਬੁਝ ਗਿਆ ਹੈ ।

ਪੰਜਾਬੀ ਰੰਗਮੰਚ ਹੁਣ ‘ਰਾਹਾਂ ਦੇ ਨਿਖੇੜ ਤੇ'ਖੜਾ ਸੀ । ਇਸ ਨੂੰ ਸੁਝ ਨਹੀਂ ਸੀ ਰਿਹਾ ਕਿੱਧਰ ਜਾਵੇ । ਅਮਰੀਕ ਸਿੰਘ ‘ਆਸਾਂ ਦੇ ਅੰਬਾਰ' ਲੈ ਕੇ ਆਇਆ । ਤਕਨੀਕੀ ਕਿਰਨਾਂ ਦੇ ਰੂਪ ਵਿਚ ਉਸ ਨੇ ਮੰਚ ਤੇ ਜਗ ਮਗ ਕਰ ਦਿਤੀ ਅਤੇ ਇਹ ਕਿਰਨਾਂ ਖਿੰਡਾਈਆਂ ਵੀ ਕੁਝ ਇਸ ਅੰਦਾਜ਼ ਵਿਚ ਕਿ ਧੂਪ-ਛਾਂ ਨੂੰ ਗਲਵਕੜੀ ਪੁਆ ਦਿਤੀ, ਸੰਭਵ ਤੇ ਅਸੰਭਵ ਦੀ ਕਿਲਕਲੀ ਅਤੇ ਕਲਪਣਾ ਤੇ ਯਥਾਰਥ ਦਾ ਗਿੱਧਾ ਰੰਗਮੰਚ ਨੂੰ ਉਸ ਦੀ ਅਣਮੋਲ ਦੇਣ ਮਿਲੀ । ਪਰੰਤੂ ਉਹ ਵੀ ਸਾਹਸ ਛੱਡ ਗਇਆ । ਇਕੋ ਅੰਕ ਨੂੰ ਉਸ ਨੇ ਜ਼ਬਰਦਸਤੀ ਤਿੰਨਾਂ ਅੰਕਾਂ ਵਿਚ ਤੋੜਿਆ । ਇੰਟਰਵਿਊ ਲਈ ਦਰਵਾਜ਼ੇ ਵਿਚ ਖੜੇ ਉਮੀਦਵਾਰ ਦੇ ਮੂੰਹ ਤੇ ਪਰਦਾ ਗੇਰ ਕੇ ਫਿਰ ਪਰਦਾ ਅਗਲੇ ਅੰਕ ਦੇ ਨਾਂ ਹੇਠ ਚੁਕਿਆਂ । ਇੰਟਰਵਿਊ ਤੇ ਲਗਦੇ ਅਸਲ ਸਮੇਂ ਤੋਂ ਦੂਣਾ ਸਮਾਂ ਉਸ ਦੀ ਪੇਸ਼ਕਾਰੀ ਤੇ ਲਗਾਇਆ। ਮੌਕੇ ਮੇਲ ਦੀ ਚਾਬੀ ਨਾਲ ਰੰਗਮੰਚ ਤੇ ਕਲਾ-ਬਾਜ਼ੀਆਂ ਮਰਵਾਈਆਂ, ਤਰਕਸ਼ੀਲਤਾ ਦਾ ਦਾਮਨ ਛਡ ਦਿੱਤਾ । ਭਾਵੇਂ ਉਸ਼ ਨੇ ਰੰਗਮੰਚ ਦੇ ਰਾਹਵਾਂ ਨੂੰ ਰੁਸ਼ਨਾ ਦਿਤਾ ਹੈ ਫਿਰ ਵੀ "ਰਾਹਾਂ ਦੇ ਨਖੇੜ" ਤੇ ਹੀ ਰਿਹਾ ਹੈ, ਸੇਧ ਨਹੀਂ ਬੰਨ੍ਹ ਸਕਿਆ।

ਰੰਗ ਮੰਚ ਪਿਛੇ "ਮਰ ਮਿਟਣ ਵਾਲਾ" ਨਾਟਕਕਾਰ ਗੁਰਦਿਆਲ ਸਿੰਘ ਖੋਸਲਾ ਬੜੇ ਜ਼ੋਰ ਸ਼ੋਰ ਨਾਲ ਅਗੇ ਵਧਿਆ । ਉਸ ਦੇ ਪ੍ਰਵੇਸ਼ ਨੇ ਮੰਚ ਨੂੰ ਹਲੂਣਿਆਂ । ਮੰਚ ਲਰਜ਼ ਉਠਿਆ ਅਤੇ ਤਕੜੇ ਹੰਭਲੇ ਵਾਸਤੇ ਅੰਗੜਾਈਆਂ ਲੈਣ ਲਗ ਪਿਆ । ਖੋਸਲੇ ਨੇ ਮੰਚਸਪਰਸ਼ ਰਾਹੀਂ ਅਪਣੇ ਅਨੁਭਵ ਨੂੰ ਵਿਕਸਿਤ ਕੀਤਾ ਤੇ ਇਸ ਅਨੁਭਵ ਰਾਹੀਂ ਫਿਰ ਰੰਗਮੰਚ ਨੂੰ ਹੋਰ ਸਕਤੀ-ਸ਼ਾਲੀ ਕਰਨ ਵਿਚ ਜੁਟ ਪਿਆ । ਰੰਗ-ਮੰਚ "ਬੂਹੇ ਬੰਠੀ ਧੀ" ਵਾਂਗ ਉਸ ਵਲ ਝਾਕ ਰਿਹਾ ਸੀ । ਇਸ ਧੀ ਨੂੰ ਪੂਰੇ ਆਦਰ ਸਤਿਕਾਰ ਨਾਲ ਪੀਆ ਦੇ ਦੇਸ਼ ਸ਼ੱਜ ਧੱਜ ਨਾਲ ਭੇਜਣ ਵਾਸਤੇ ਬਿਹਬਲ ਬਾਬਲ ਵਾਂਗ ਉਹ ਉਤਸੁਕ ਹੈ ਪਰ ਅਜੇ ਤਕ ਯੋਗ ਵਰ ਦੀ ਤਲਾਸ ਨਹੀਂ ਕਰ ਸਕਿਆ । ਰੰਗਮੰਚ ਦੀ ਆਸ ਅਜੇ ਮੋਈ ਨਹੀਂ । ਰੋਸ਼ਨਲਾਲ ਆਹੂਜਾ ਸੇਖੋਂ ਦੇ ਪੈਰ ਚਿਤ੍ਰਾ ਹੈ ਚਲਣ ਵਾਲਾ ਚਿੰਤਕ ਹੈ । ਉਹ ਪਾਤਰਾਂ ਦਾ ਵਿਸ਼ਲੇਸ਼ਨ ਕਰਦਾ ਹੈ ਵਿਚਾਰਾਂ ਦਾ ਵਿਸ਼ਲੇਸ਼ਨ ਕਰਦਾ ਰੰਗਮੰਚ ਦੀ ਉਸ ਨੂੰ ਕੋਈ ਪਰਵਾਹ ਨਹੀਂ। ਜੇ ਰੰਗਮੰਚ ਨੇ ਉਸ ਦੇ ਨਾਟਕਾਂ ਨੂੰ ਵੀ ਨਹੀਂ ਅਪਣਾਇਆ ਤਾਂ ਅਚੰਭੇ ਵਾਲੀ ਗੱਲ ਨਹੀਂ।

੧੦