ਪੰਨਾ:Alochana Magazine April-May 1963.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਨੂੰ ਸਪਸ਼ਟ ਭਾਂਤ ਨਾਕਾਮੀ ਹੋਈ । ਉਦਾਹਰਣ ਵਜੋਂ "ਬਾਬਾ ਨੌਧ ਸਿੰਘ" ਵਿਚ ਆਰੰਭ ਸਮਾਜਕ ਅਨੁਭਵ ਅਤੇ ਇਸ ਵਿਚੋਂ ਪੈਦਾ ਹੋਈ ਸਮੱਸਿਆ ਤੋਂ ਹੁੰਦਾ ਹੈ ਅਤੇ ਇਹ ਆਰੰਭ ਸਫ਼ਲ ਹੈ ਪਰ ਕਾਰਜਸ਼ੀਲ ਸਮਾਜਕ ਜੀਵਨ ਤੋਂ ਲਾਂਭੇ ਜਾਣ ਨਾਲ ਹੀ ਨਾਵਲ ਦੀਆਂ ਘਟਨਾਵਾਂ ਦੀ ਏਕਤਾ ਭੰਗ ਹੋ ਜਾਂਦੀ ਹੈ ਅਤੇ ਭਾਈ ਸਾਹਿਬ ਕੋਲ ਮੁਖ ਕਾਰਜ ਅਤੇ ਉਪਕਾਰਜਾਂ ਵਿਚ ਅੰਤਰ ਸਪਸ਼ਟ ਕਰਨ ਦੀ ਸਮਰੱਥਾ ਨਹੀਂ ਰਹਿੰਦੀ ਜਿਸ ਦੇ ਫਲ ਰੂਪ ਨਾਵਲ ਪੂਰਨ ਭਾਂਤ ਨਾਕਾਮ ਸਿੱਧ ਹੁੰਦਾ ਹੈ ।

ਵੀਹਵੀਂ ਸਦੀ ਵਿਚ ਤੇਜ਼ ਰਫਤਾਰ ਨਾਲ ਆਏ ਪ੍ਰੀਵਰਤਨਾਂ ਕਾਰਨ ਜੀਵਨ ਦੀਆਂ ਗੁੰਝਲਾਂ ਅਤੇ ਸਮਸਿਆਵਾਂ ਪਿਛਲੇ ਸਮਿਆਂ ਤੋਂ ਬਹੁਤ ਵਧ ਗਈਆਂ ਹਨ ਅਤੇ ਦਿਨੋ ਦਿਨ ਤੇਜ਼ੀ ਨਾਲ ਵਧ ਰਹੀਆਂ ਹਨ । ਨਿਤਾਪ੍ਰਤੀ ਦੇ ਸਮਾਜਕ ਪ੍ਰੀਵਰਤਨ, ਰਾਜਤੀਤਕ ਉਥਲ ਪੁਥਲ, ਵਿਗਿਆਨਕ ਕਾਢਾਂ, ਮਾਰੂ ਹਥਿਆਰਾਂ ਅਤੇ ਸਮੇਂ ਤੇ ਪੁਲਾੜ ਦੀਆਂ ਖੋਜਾਂ ਨਾਲ ਜੀਵਨ ਦੇ ਆਧਾਰਕ ਵਿਸ਼ਵਾਸ਼ਾਂ ਅਤੇ ਵਿਚਾਰਾਂ ਦਾ ਜਾਦੂ ਟੁੱਟ ਰਿਹਾ ਹੈ । ਇਸਦੇ ਨਾਲ ਹੀ ਸਦਾਚਾਰਕ ਢਾਂਚੇ ਵਿਚ ਤਬਦੀਲੀਆਂ ਆਉਣ ਨਾਲ ਪੁਰਾਤਨ ਸੁਨਹਿਰੇ ਸਮਾਜਕ ਅਨੁਭਵ ਤੋਂ ਵਿਸ਼ਵਾਸ਼ ਖਤਮ ਹੋ ਰਹੇ ਹਨ । ਇਸਤਰੀਆਂ ਤੇ ਮਨੁੱਖਾਂ, ਮਾਪਿਆਂ ਤੇ ਸੰਤਾਨ ਅਤੇ ਵਿਅਕਤੀ ਤੇ ਭਾਈਚਾਰੇ ਦੇ ਸਬੰਧਾਂ ਦੇ ਚਿਰਕਾਲੀਨ ਅਸੂਲਾਂ, ਕਾਨੂੰਨਾਂ, ਅਤੇ ਆਧਾਰਾਂ ਦੀਆਂ ਉਚੀਆਂ ਅਟਾਰੀਆਂ ਵਿਚ ਤ੍ਰੇੜਾਂ ਆਉਣ ਨਾਲ ਨਵੇਂ ਆਧਾਰਾਂ ਅਤੇ ਵਿਸ਼ਵਾਸ਼ਾਂ ਦੀ ਲੋੜ ਮਹਿਸੂਸ ਹੋਣੀ ਸੁਭਾਵਕ ਹੀ ਹੈ । ਅਜਿਹੇ ਸੰਕਟਕਾਲੀਨ ਸਮਾਜਕ ਢਾਂਚੇ ਵਿਚ ਆਤਮਕ ਸ਼ਾਂਤੀ ਅਤੇ ਮਾਨਸਿਕ ਸੰਤੁਲਨ ਦਾ ਕਾਇਮ ਰਹਿਣਾ ਕੋਈ ਆਸਾਨ ਨਹੀਂ । ਇਸੇ ਕਾਰਨ ਹੀ ਕਿਸੇ ਠੋਸ ਚਿੰਤਨ ਤੇ ਅਧਾਰਿਤ ਵਿਸ਼ਵਾਸ਼ਾਂ ਦੀ ਅਣਹੋਂਦ ਵਿਚ ਬਾਹਰਵਰਤੀ ਜੀਵਨ ਦੀਆਂ ਸਮਸਿਆਵਾਂ ਦੇ ਵਧਣ ਨਾਲ ਹੀ ਮਾਨਸਕ ਗੁੰਝਲਾਂ ਵੀ ਦਿਨੋਂ ਦਿਨ ਵਧਦੀਆਂ ਗਈਆਂ ਹਨ । ਅਜਿਹੇ ਸਮੇਂ ਵਿਚ ਸਮਾਜਕ ਜੀਵਨ ਸੰਬੰਧੀ ਚੇਤੰਨ ਹੋ ਕੇ ਸੋਚਣਾ ਸੁਭਾਵਕ ਹੀ ਸੀ । ਨਾਵਲ ਵਿਚ ਇਸ ਚੇਤਨਾ ਨੂੰ ਭਲੀ ਭਾਂਤ ਪੇਸ਼ ਕੀਤਾ ਗਿਆ ਹੈ । ਪੰਜਾਬੀ ਨਾਵਲ ਵੀ ਇਸ ਤੋਂ ਪੂਰਨ ਭਾਂਤ ਪ੍ਰਭਾਵਿਤ ਹੋਇਆ ਹੈ ।

ਪੰਜਾਬੀ ਨਾਵਲ ਵਿਚ ਨਾਨਕ ਸਿੰਘ ਦਾ ਵਿਸ਼ੇਸ਼ ਸਥਾਨ ਹੈ । ਉਸ ਨੇ ਪੰਜਾਬੀ ਵਿਚ ਨਾਵਲ ਦੀ ਹੋਂਦ ਨੂੰ ਸੰਭਵ ਬਣਾਇਆ ਅਤੇ ਪੱਕੀਆਂ ਲੀਹਾਂ ਤੇ ਸਥਾਪਤ ਕੀਤਾ । ਨਾਨਕ ਸਿੰਘ ਸੁਧਾਰਵਾਦੀ ਲਹਿਰ ਤੋਂ ਪ੍ਰਭਾਵਿਤ ਹੋਇਆ ਅਤੇ ਉਸ ਦੇ ਨਾਵਲ ਸਪਸ਼ਟ ਤੌਰ ਤੇ ਜੀਵਨ ਨੂੰ ਸਾਹਮਣੇ ਰੱਖ ਕੇ ਲਿਖੇ ਗਏ ਹਨ । ਪਰ ਨਾਨਕ ਸਿੰਘ ਦੀ ਲੇਖਣੀ ਵਿਚ ਮਹਾਨ ਸਾਹਿਤਕਾਰ ਵਾਲੀ ਸ਼ਕਤੀ ਅਤੇ ਪ੍ਰੇਰਨਾ ਦੀ ਘਾਟ ਹੈ । ਉਸਦੇ ਨਾਵਲ ਮੁੱਢਲੇ ਭਾਵਾਂ (Primary Emotions) ਨੂੰ ਟੁੰਬ ਕੇ ਉਹ ਬੋਧਿਕ ਸੂਝ ਨੂੰ ਪ੍ਰਭਾਵਿਤ ਕਰਨ ਤੋਂ ਅਸਮਰੱਥ ਰਹਿੰਦੇ ਹਨ । ਉਨ੍ਹਾਂ ਵਿਚ ਬੁੱਧੀ ਅਤੇ ਭਾਵਾਂ ਦਾ ਸੰਤੁਲਨ ਕਾਇਮ ਨਹੀਂ ਰਖਿਆ ਗਿਆ ਹੁੰਦਾ ਜੋ ਮਹਾਨ ਸਾਹਿਤ ਦਾ ਪ੍ਰਮੁੱਖ ਗੁਣ ਹੈ । ਨਾਨਕ ਸਿੰਘ ਨੇ ਸਮਾਜਕ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਛੋਹਿਆ ਹੈ, ਪਰ ਇਹ ਛੋਹ ਸਤਈ ਜਿਹੀ ਹੋ

੨੯