ਪੰਨਾ:Alochana Magazine April, May and June 1967.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਣਦਾ ਹੋਇਆ ਦੋਹਾਂ ਦੇ ਮਿਲਣ ਦਾ ਅਵਸਰ ਪੈਦਾ ਕਰਦਾ ਹੈ । ਯੂਸਫ ਆਪਣੇ ਜਜ਼ਬਾਤੀ ਸੁਭਾ ਕਾਰਨ ਨਸੀਮ ਦੀ ਇੱਜ਼ਤ ਤੇ ਹਮਲਾ ਕਰਦਾ ਹੈ । ਨਸੀਮ ਦੀ ਇੱਜ਼ਤ ਪਿੰਡ ਦੇ ਕਿਸੇ ਹੋਰ ਵਿਅੱਕਤੀ ਦੇ ਦਖਲ ਦੇਣ ਤੇ ਬਚ ਜਾਂਦੀ ਹੈ । ਮਾਮਲਾ ਪੰਚਾਇਤ ਵਿਚ ਜਾਂਦਾ ਹੈ । ਭਾਨੇ ਸ਼ਾਹ ਨੂੰ ਆਪਣੇ ਪੁੱਤਰ ਦੀ ਕਾਰਗੁਜ਼ਾਰੀ ਦਾ ਜਦੋਂ ਪਤਾ ਲਗਦਾ ਹੈ ਤਾਂ ਉਹ ਗੁੱਸੇ ਨਾਲ ਭਖ ਉਠਦਾ ਹੈ ਅਤੇ ਉਦੋਂ ਤਕ ਆਪਣੇ ਪੁੱਤਰ ਨੂੰ ਖਿਮਾ ਨਹੀਂ ਕਰਦਾ ਜਦੋਂ ਤਕ ਉਸਨੂੰ ਬੂਟੇ ਸ਼ਾਹ ਦੇ ਬੇਕਸੂਰ ਹੋਣ ਦਾ ਯਕੀਨ ਨਹੀਂ ਹੋ ਜਾਂਦਾ। ਇਹ ਪਰਸਥਿਤੀ ਲੇਖਕ ਨੇ ਭਾਵੇਂ ਹਾਸੋਹੀਣੀ ਹਦ ਤਕ ਵਧਾ ਕੇ ਪੇਸ਼ ਕੀਤੀ ਹੈ ਤਾਂ ਵੀ ਇਸ ਵਿਚੋਂ ਭਾਨੇ ਸ਼ਾਹ ਦੀ ਇਨਸਾਫ-ਪਸੰਦੀ ਜ਼ਾਹਰ ਹੋ ਜਾਂਦੀ ਹੈ । ਤੀਸਰੀ ਪਰਸਥਿਤੀ ਭਾਨੇ ਸ਼ਾਹ ਦੇ ਪਿੰਡ ਦੇ ਵਸਨੀਕਾਂ ਨਾਲ ਰਿਸ਼ਤੇ ਨੂੰ ਪ੍ਰਗਟ ਕਰਦੀ ਹੈ । ਲੋਹੜੀ ਦੇ ਤਿਉਹਾਰ ਤੇ ਭਾਨੇ ਸ਼ਾਹ ਨਾਲ ਪਿੰਡ ਦੇ ਹਿੰਦੂ ਅਤੇ ਮੁਸਲਮਾਨ ਜੋ ਸਤਿਕਾਰ ਭਰਿਆ ਵਰਤਾਉ ਕਰਦੇ ਹਨ ਉਹ ਭਾਨੇ ਸ਼ਾਹ ਦੇ ਗੁਣਾਂ ਦੀ ਦਾਤ ਹੈ । ਪਰ ਪਿੰਡ ਵਿਚ ਜਦੋਂ ਸੰਪਰਦਾਇਕ ਫਸਾਦ ਹੁੰਦੇ ਹਨ ਤਾਂ ਭਾਨੇ ਸ਼ਾਹ ਦਾ ਪਿੰਡ ਦੀ ਹੋਰ ਆਬਾਦੀ ਨੂੰ ਆਪਣੀ ਜਾਨ ਉਤੇ ਤਰਜੀਹ ਦੇਣਾ ਉਸ ਦੇ ਉਦ-ਆਤਮਾ ਹੋਣ ਦਾ ਇਕ ਹੋਰ ਸਬੂਤ ਹੈ । ਉਪਰੋਕਤ ਪਰਸਥਿਤੀਆਂ ਵਿਚੋਂ ਜਿਥੇ ਭਾਨੇ ਸ਼ਾਹ ਦਾ ਮਾਨਵੀ-ਗੁਣਾਂ ਨਾਲ ਭਰਪੂਰ ਚਰਿੱਤਰ ਉਘੜਦਾ ਹੈ ਉਥੇ ਇਹ ਵੀ ਪਤਾ ਲਗਦਾ ਹੈ ਕਿ ਪਿੰਡ ਵਿਚ ਸੰਪਰਦਾਇਕ ਨਫ਼ਰਤ ਨੂੰ ਕੋਈ ਥਾਂ ਨਹੀਂ। ਸਾਰਾ ਪਿੰਡ, ਵੱਖ ਵੱਖ ਮਜ਼ਹਬਾਂ ਦਾ ਪੈਰੋਕਾਰ ਹੁੰਦਾ ਹੋਇਆ ਵੀ, ਆਪਸ ਵਿਚ ਭਰਾਵਾਂ ਵਾਂਗ ਰਹਿੰਦਾ ਹੈ । ਪਰ ਮੁਸਲਮ ਲੀਗ ਦੇ ਸੰਪਰਦਾਇਕ ਪਰਚਾਰ ਦੇ ਅਸਰਾਂ ਰਾਹੀਂ ਪਿੰਡ ਦਾ ਮੁਨਸ਼ੀ ਪਿੰਡ ਦੀ ਨਿੱਕੀ-ਸੁੱਕੀ ਜਾਤ ਨੂੰ ਆਪਣੇ ਮਗਰ ਲਾ ਕੇ ਨਫਰਤ ਦੇ ਭਾਂਬੜ ਬਾਲ ਦਿੰਦਾ ਹੈ ਜਿਸ ਵਿਚ ਭਾਨੇ ਸ਼ਾਹ ਅਤੇ ਚੌਧਰੀ ਫਜ਼ਲ ਕਰੀਮ ਵਰਗੇ ਪਤਵੰਤਿਆਂ ਦੀ ਉਮਰ ਭਰ ਦੀ ਕੀਤੀ-ਕਤਰੀ ਸੜ ਕੇ ਸੁਆਹ ਹੋ ਜਾਂਦੀ ਹੈ । ਬਾਹਰਲੇ ਭੜਕਾਊ ਅੰਸ਼ (ਮੌਲਵੀ ਅਤੇ ਹੋਰ ਫਸਾਦੀ) ਪਿੰਡ ਵਿਚ ਫਸਾਦ ਕਰਵਾ ਦਿੰਦੇ ਹਨ ਜਿਨਾਂ ਵਿਚ ਨ-ਕੇਵਲ ਪਿੰਡ ਦੀ ਹਿੰਦੂ-ਸਿੱਖ ਆਬਾਦੀ ਮਾਰੀ ਜਾਂਦੀ ਹੈ, ਉਜੜ ਜਾਂਦੀ ਹੈ ਅਥਵਾ ਅਗਵਾ ਹੋ ਜਾਂਦੀ ਹੈ ਸਗੋਂ ਮਾਨਵੀ ਗੁਣਾਂ ਨਾਲ ਭਰਪੂਰ ਮੁਸਲਮਾਨ ਵੀ ਉਜੜੇ ਹੋਏ ਲੋਕਾਂ ਦੀ ਮਦਦ ਕਰਦੇ ਹੋਏ ਮਾਰੇ ਜਾਂਦੇ ਹਨ । ਨਾਨਕ ਸਿੰਘ ਲਈ ਇਸ ਉਪਨਿਆਸ ਵਿਚ 'ਅਜ਼ਾਦੀ ਦਾ ਸਭ ਤੋਂ ਵਧ ਵਿਸ਼ਾਦਕਾਰੀ ਭਾਗ ਇਹੀ ਹੈ । ਮਹਾਤਮਾ ਗਾਂਧੀ ਦੇ ਵਿਸ਼ਾਦ ਦਾ ਵੀ ਮੁੱਖ ਕਾਰਨ ਇਹ ਸੀ । ਸਾਰੀ ਉਮਰ ਹਿੰਦੂ-ਮੁਸਲਿਮ ਏਕਤਾ ਦਾ ਤਨੋ-ਮਨੋਂ ਪਰਚਾਰ ਕਰਨ ਵਾਲਾ ਮਨੁੱਖ ਆਪਣੇ ਆਦਰਸ਼ ਦੀ ਹੋਲੀ ਬਲ ਦੀ ਆਪਣੀ ਅੱਖੀਂ ਵੇਖ ਰਿਹਾ ਹੈ । ਹਿੰਦੂ-ਮੁਸਲਿਮ ਸੰਪਰਦਾਇਕ ਫਸਾਦਾਂ ਦੇ ਘਾਤਕ ਸਿੱਟਿਆਂ ਨੂੰ ਵੇਖ ਕੇ ਪੀੜ ਮਨਾਉਣਾ ਨਾਨਕ ਸਿੰਘ ਅਤੇ ਮਹਾਤਮਾ ਗਾਂਧੀ ਦੇ ਮਾਨਵਵਾਦੀ ਹਿਰਦੇ ਦਾ ਸੂਚਕ ਹੈ । 15