ਪੰਨਾ:Alochana Magazine 2nd issue April1957.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹੁਤਾ ਜੀਵਨ ਵਿਚ ਇਸਤਰੀ ਦੀ ਦੁਰਦਸ਼ਾ, ਉਸ ਨੂੰ ਕੇਵਲ ਕਾਮ-ਤ੍ਰਿਸ਼ਨਾ ਦੀ ਪੂਰਤੀ ਦਾ ਜੋ ਸਾਧਨ ਸਮਝਿਆ ਜਾਂਦਾ ਹੈ ਉਸ ਦਾ ਮਖੌਲ 'ਪੱਥਰ ਗੀਟੇ', 'ਅੰਨ ਦਾਤਾ', 'ਸ਼ਹਿਜ਼ਾਦੇ', 'ਕੀੜੇ' ਆਦਿ ਕਵਿਤਾਵਾਂ ਵਿਚ ਬੜੀ ਬੇ-ਤਰਸੀ ਨਾਲ ਉਡਾਇਆ ਹੈ। ਇਥੇ ਅੰਮ੍ਰਿਤਾ ਦੀ ਕਾਟ ਬੜੀ ਤਿੱਖੀ ਹੋ ਗਈ ਹੈ। ਇਕ ਇਕ ਸ਼ਬਦ ਕਿਸੇ ਅਥਾਹ ਘਿਰਣਾ ਦਾ ਪਤਾ ਦਿੰਦਾ ਹੈ :-

ਨੈਣ ਨਿਰੇ ਪੱਥਰ ਦੇ ਗੀਟੇ
ਪੱਥਰ ਗੀਟੇ--ਕੋਈ ਵੀ ਖੇਡੇ!
ਇਹ ਲਹੂ ਮਾਸ ਦੀ ਚਾਹ
ਨਿੱਤ ਨਵੇਂ ਮਾਸ ਦੀ ਭੁੱਖ
ਨਿੱਤ ਨਵੇਂ ਲਹੂ ਦੀ ਪਿਆਸ
ਹੱਡ ਘਚੋਲੇ
ਚੰਮ ਫਰੋਲੇ!
ਨੈਣ ਨਿਰੇ ਪੱਥਰ ਦੇ ਗੀਟੇ!

(ਪੱਥਰ ਗੀਟੇ)

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ
ਖੇਡ ਲੈ ਖਿਡਾ ਲੈ,
ਲਹੂ ਦਾ ਪਿਆਲਾ
ਤੇਰੇ ਸਾਹਵੇਂ ਖੜੀ ਹਾਂ ਅਚਿ
ਵਰਤਣ ਦੀ ਸ਼ੈ
ਜਿਵੇਂ ਚਾਹੇਂ ਵਰਤ ਲੈ,
ਉੱਗੀ ਹਾਂ
ਪਿਸੀ ਹਾਂ
ਗੁੱਝੀ ਹਾਂ
ਵਿਲੀ ਹਾਂ
ਤੇ ਅਜ ਤੱਤੇ ਤਵੇ ਤੇ
ਜਿਵੇਂ ਚਾਹੇਂ ਪਰੱਤ ਲੈ।
ਮੈਂ ਬੁਰਕੀ ਤੋਂ ਵੱਧ ਕੁਛ ਨਹੀਂ
ਜਿਵੇਂ ਚਾਹੇਂ ਨਿਗਲ ਲੈ,

[੩੧