ਪੰਨਾ:ਅੱਗ ਦੇ ਆਸ਼ਿਕ.pdf/135

(ਪੰਨਾ:Agg te ashik.pdf/135 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਬੜੀ ਵਾਹ ਲਾਈ, ਪਰ ਕੰਮ ਨੇਪਰੇ ਨਾ ਚੜਦਾ ਵੇਖ ਉਹ ਕੁਝ ਹੋਰ ਸਬੀਲਾਂ ਸੋਚਣ ਲੱਗਾ। ਜਗੀਰਦਾਰਾਂ ਦੀ ਪੁਰਾਣੀ ਲੀਹ ਉਤੇ ਤੁਰਦਿਆਂ ਉਸ ਕੁਝ ਬਦਮਾਸ਼ਾਂ ਦਾ ਆਸਰਾ ਲਿਆ। ਇਲਾਕੇ ਦੇ ਕੁਝ ਛੱਟੇ-ਫੂਕੇ ਮੁਸ਼ਟੰਡੇ, ਹਥਿਆਰਬੰਦ ਹੋ, ਸ਼ਰਾਬ ਵਿਚ ਗਟੂਟ, ਪਿੰਡ ਦੀਆਂ ਗਲੀਆਂ ਦੇ ਚੱਕਰ ਕਢਦੇ ਰਹਿੰਦੇ। ਅਲਾਟੀਆਂ ਨੂੰ ਹੌਲੀ ਹੌਲੀ ਸੁੱਝਣ ਲਗੀ ਕਿ ਕੰਵਰ ਅਵੱਸ਼ ਕੋਈ ਪੁਆੜਾ ਪਾਵੇਗਾ। ਉਹਨਾਂ ਨੂੰ ਇਹ ਕੰਸੋਆਂ ਵੀ ਮਿਲਣ ਲਗੀਆਂ ਕਿ ਕੰਵਰ ਨੇ ਉਹਨਾਂ ਨੂੰ ਫਸਲ ਵਢਣ ਨਹੀਂ ਦੇਣੀ।

ਖ਼ਤਰੇ ਨੂੰ ਭਾਂਪਦਿਆਂ ਉਹ ਇਕ ਮੁੱਠ ਹੋ ਗਏ। ਸਰਵਣ ਪੜ੍ਹਿਆ ਲਿਖਿਆ ਅਤੇ ਸਿਆਣਾ ਸਮਝਿਆ ਜਾਣ ਕਾਰਨ ਪਿੰਡ ਵਿਚ ਸਤਿਕਾਰਿਆ ਜਾਂਦਾ ਸੀ। ਅਲਾਟੀਆਂ ਨੇ ਉਸ ਨਾਲ ਨੇੜਤਾ ਕਰਨੀ ਸ਼ੁਰੂ ਕਰ ਦਿਤੀ ਅਤੇ ਸਰਵਣ ਉਹਨਾਂ ਦੀ ਮਦਦ ਨੂੰ ਆਪਣਾ ਇਖ਼ਲਾਕੀ ਫਰਜ਼ ਸਮਝਦਾ ਸੀ। ਰਾਤ ਬਰਾਤੇ ਇਕਠੇ ਹੋ ਉਹ ਸਰਵਣ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਅਤੇ ਸਰਵਣ ਦੀ ਭਰੀ ਹਾਮੀ ਨਾਲ ਉਹਨਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ।

ਕਣਕਾਂ ਪੱਕ ਕੇ ਮੜ੍ਹਕ ਹੋ ਗਈਆਂ ਤਾਂ ਅਲਾਟੀਆਂ ਨੇ ਫਸਲ ਵੱਢਣ ਦਾ ਨਿਰਣਾ ਕਰ ਲਿਆ। ਦਾਤੀਆਂ ਬੇੜ ਚੁਕ, ਸਾਰਾ ਨੂਰਪੁਰ ਅਲਾਟੀਆਂ ਦੀ ਮਦਦ ਲਈ ਪਿੰਡੋਂ ਨਿਕਲ ਤੁਰਿਆ। ਕੰਵਰ ਨੇ ਆਪਣੇ ਕੋਠੇ ਉਤੇ ਚੜ ਖੇਤਾਂ ਵਲ ਧਾਈ ਕਰੀ ਜਾਂਦੀ ਵਹੀਰ ਨੂੰ ਤਕਿਆ।

ਵਾਢ੍ਹਿਆਂ ਨੇ ਮੜੁਤ ਹੋਈ ਕਣਕ ਦੇ ਸੱਥਰ ਲੌਹਣੇ ਸ਼ੁਰੂ ਕਰ ਦਿਤੇ। ਕੰਵਰ ਨੇ ਕੋਠੇ ਉਤੋਂ ਉਤਰ ਇਕ ਅੱਧ ਪੈੱਗ ਲਾ ਕੇ ਆਪਣੇ ਕਿਰਕਿਰੇ ਹੌਂਸਲੇ ਨੂੰ ਸਾਣ ਉਤੇ ਚਾਹੜਿਆ ਅਤੇ ਦੁਨਾਲੀ ਮੋਢੇ ਪਾ ਗੁੱਸੇ ਵਿਚ ਖੇਤਾਂ ਨੂੰ ਤੁਰ ਪਿਆ।

'ਕਣਕ ਵੱਢਣੋ ਹਟ ਜਾਓ!!' ਕੰਵਰ ਨੇ ਪੂਰੇ ਜਬ੍ਹੇ ਵਿਚ ਆਖਿਆ।

੧੩੦