ਪੰਨਾ:ਅੱਗ ਦੇ ਆਸ਼ਿਕ.pdf/118

(ਪੰਨਾ:Agg te ashik.pdf/118 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਨਿਕਲ ਗਿਆ। ਪ੍ਰੀਪਾਲ ਥਾਂਏ ਹੀ ਠੰਡੀ ਹੋ ਗਈ ਸੀ।

ਕੰਵਰ ਦੀ ਜੀਪ ਸਿੱਧੀ ਥਾਣੇ ਜਾ ਕੇ ਰੁਕੀ। ਕੁਝ ਮਿੰਟਾਂ ਵਿਚ ਹੀ ਪੁਲਿਸ ਦੀ ਧਾੜ ਦੁਰਘਟਨਾ ਵਾਲੀ ਥਾਂ ਵਲ ਧਾਈ ਕਰੀ ਆ ਰਹੀ ਸੀ। ਸ਼ਿਵਦੇਵ ਵਾਹੋ ਦਾਹੀ ਸਟੇਸ਼ਨ ਵਲ ਦੌੜਿਆ। ਪੁਲਿਸ ਉਹਦਾ ਪਿੱਛਾ ਕਰ ਰਹੀ ਸੀ। ਸ਼ਿਵਦੇਵ ਲਈ ਬੱਚ ਨਿਕਲਣਾ ਮੁਸ਼ਕਲ ਹੋ ਗਿਆ। ਰੇਲਵੇ ਫਾਟਕ 'ਤੇ ਪੁਲਿਸ ਨੇ ਉਹਨੂੰ ਘੇਰ ਲਿਆ ਅਤੇ ਦੁਨਾਲੀ ਕਬਜ਼ੇ ਵਿਚ ਕਰ ਲਈ। ਪੁਲਿਸ ਨੇ ਵਕੂਏ ਈ ਕਹਾਣੀ ਆਪਣੀ ਮਰਜ਼ੀ ਅਨੁਸਾਰ ਘੜ ਲਈ।

ਇਸ ਸਾਰੀ ਦੁਰਘਟਨਾ ਬਾਰੇ ਨੂਰਪੁਰ ਵਿਚ ਕਾਂ-ਵੱਟੀ ਫਿਰ ਗਈ। ਕਿਸ਼ਨ ਸਿੰਘ ਨੂੰ ਧਰਤੀ ਵਿਹਲ ਨਹੀਂ ਦੇਂਦੀ ਸੀ। ਅਚਾਨਕ ਦੀ ਬਿਪਤਾ ਅਤੇ ਨਮੋਸ਼ੀ ਨੇ ਉਹਨੂੰ ਮਰਨ ਬਰਬਰ ਕਰ ਦਿਤਾ। ਉਹ ਹੱਥਾਂ ਨੂੰ ਦੰਦੀਆਂ ਵੱਢਣ ਸਿਵਾ ਹੋਰ ਕੀ ਕਰ ਸਕਦਾ ਸੀ?

ਅਗਲੇ ਦਿਨ ਪੋਸਟ ਮਾਰਟਮ ਕਰਨ ਬਾਅਦ, ਲਾਸ਼ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ।

ਇਸ ਸਾਲ ਮੀਂਹ ਵਕਤ ਸਿਰ ਪੈ ਗਏ ਸਨ। ਫਸਲਾਂ ਉਤੇ ਭਰ ਜੋਬਨ ਸੀ। ਮੱਕੀਆਂ ਦੇ ਖੇਤ ਝੂਮਦੇ ਨਜ਼ਰੀਂ ਆਉਂਦੇ, ਕਪਾਹਾਂ ਖਿੜੀਆਂ ਅਤੇ ਕਮਾਦ ਅਤੇ ਚਰ੍ਹੀਆਂ ਸਰ ਸਰ ਕਰਦੇ ਹਵਾ ਨਾਲ ਝੁਕ ਝੁਕ ਜਾਂਦੇ ਸਨ। ਐਦਕਾਂ ਫਿਰ ਸਰਵਣ ਨੇ ਉਸੇ ਪੈਲੀ ਵਿਚ ਮੱਕੀ ਬਿਜਾਈ ਸੀ, ਜਿਸ ਵਿਚ ਕਦੀ ਪ੍ਰੀਪਾਲ ਉਸ ਅਗੇ ਆਪਣਾ ਪਿਆਰ ਪ੍ਰਗਟਾਇਆ ਸੀ, ਜਿਸ ਵਿਚ ਸਰਵਣ ਨੇ ਉਹਦੀ ਹਿੱਕ ਵਿਚ ਤੁੱਕਾ ਮਾਰਿਆ ਸੀ।

ਪ੍ਰੀਪਾਲ ਦਾ ਸਸਕਾਰ ਕਰ ਦਿਤਾ ਗਿਆ। ਸਰਵਣ ਮੱਕੀ ਦੇ ਖੇਤ ਦੀ ਵੱਟ ਉਤੇ ਬੈਠਾ ਸੀ। ਪ੍ਰੀਪਾਲ ਦਾ ਸਿਵਾ ਬਲ ਰਿਹਾ ਸੀ ਅਤੇ ਸਰਵਣ ਦੇ ਦਿਮਾਗ ਵਿਚੋਂ ਦੀ ਉਸ ਨਾਲ ਹੋਈਆਂ ਗੱਲਾਂ ਫਿਲਮ ਦੀ ਰੀਲ ਵਾਂਗ ਲੰਘ ਰਹੀਆਂ ਸਨ।

'ਕਿਉਂ ਵੇ, ਸਾਡੇ ਜੋਗੇ ਤੁੱਕੇ ਈ ਆ ਤੇਰੀ ਪੈਲੀ ਵਿਚ?'

੧੧੩