ਪੰਨਾ:Aaj Bhi Khare Hain Talaab (Punjabi).pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਮਿੱਟੀ ਨੂੰ ਆਗਰ ਵਿੱਚ ਆਉਣ ਤੋਂ ਰੋਕਦੇ ਹਨ।ਪੱਥਰਾਂ ਨਾਲ ਬਣੇ ਇਸ ਹਿੱਸੇ ਨੂੰ ਪਠਿਆਲ ਕਹਿੰਦੇ ਹਨ।ਪਠਿਆਲ ਉੱਤੇ ਸੁੰਦਰ ਮੰਦਿਰ, ਬਾਰਾਂਦਰੀ, ਛਤਰੀ ਅਤੇ ਘਾਟ ਬਣਾਉਣ ਦਾ ਰਿਵਾਜ ਹੈ।ਤਾਲਾਬ ਅਤੇ ਪਾਲ ਦਾ ਆਕਾਰ ਕਾਫੀ ਵੱਡਾ ਹੋਵੇ ਤਾਂ ਫਿਰ ਘਾਟ ਉੱਤੇ ਪੱਥਰ ਦੀਆਂ ਪੌੜੀਆਂ ਵੀ ਬਣਦੀਆਂ ਹਨ।ਜਿੱਥੇ ਬਹੁਤ ਵੱਡਾ ਅਤੇ ਡੂੰਘਾ ਤਾਲਾਬ ਹੈ ਉੱਥੇ ਪੌੜੀਆਂ ਦੀ ਲੰਬਾਈ ਅਤੇ ਗਿਣਤੀ ਵੀ ਉਸੇ ਅਨੁਪਾਤ ਨਾਲ ਵੱਧ ਜਾਂਦੀ ਹੈ।ਇਸ ਕਾਰਨ ਪਾਲ ਵਾਂਗ ਪੌੜੀਆਂ ਦੀ ਮਜਬੂਤੀ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ।ਜੇ ਅਜਿਹਾ ਨਾ ਹੋਵੇ ਤਾਂ ਫਿਰ ਪੌੜੀਆਂ ਵਿੱਚ ਕੱਟ ਪੈ ਜਾਣਗੇ।ਇਨ੍ਹਾਂ ਪੌੜੀਆਂ ਨੂੰ ਸਹਾਰਾ ਦੇਣ ਲਈ ਵਿੱਚ ਵਿਚਾਲੇ ਬੁਰਜਨੁਮਾ, ਚਬੂਤਰੇ ਵਰਗੀ ਵੱਡੀ ਪੌੜੀ ਬਣਾਈ ਜਾਂਦੀ ਹੈ।ਹਰ ਅੱਠ ਜਾਂ ਦਸ ਪੌੜੀਆਂ ਮਗਰੋਂ ਆਉਣ ਵਾਲੇ ਇਸ ਢਾਂਚੇ ਨੂੰ ਹਥਣੀ ਕਿਹਾ ਜਾਂਦਾ ਹੈ।

ਅਜਿਹੀ ਕਿਸੇ ਹਥਣੀ ਦੀ ਕੰਧ ਵਿੱਚ ਇੱਕ ਆਲਾ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਘਟੋਈਆ ਬਾਬਾ ਦੀ ਸਥਾਪਨਾ ਕੀਤੀ ਜਾਂਦੀ ਹੈ।ਘਟੋਈਆ ਦੇਵਤਾ ਘਾਟ ਦੀ ਰਾਖੀ ਕਰਦੇ ਹਨ।ਹਮੇਸ਼ਾ ਅਪਰਾ ਦੀ ਉਚਾਈ ਦੇ ਹਿਸਾਬ ਨਾਲ ਹੀ ਇਸਦੀ ਸਥਾਪਨਾ ਹੁੰਦੀ ਹੈ।ਇਸ ਤਰ੍ਹਾਂ ਜੇਕਰ ਆਗੌਰ ਵਿੱਚ ਪਾਣੀ ਜ਼ਿਆਦਾ ਵਰ੍ਹੇ, ਆਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਉੱਚਾ ਉੱਠਣ ਲੱਗੇ, ਤਾਲਾਬ 'ਤੇ ਖਤਰਾ ਮੰਡਰਾਉਣ ਲੱਗੇ ਤਾਂ ਘਟੋਈਆ ਬਾਬਾ ਦੇ ਚਰਨਾਂ ਤੱਕ ਪਾਣੀ ਆਉਣ ਤੋਂ ਬਾਅਦ ਅਪਰਾ ਚੱਲ ਪਵੇਗੀ ਅਤੇ ਪਾਣੀ ਵਧਣਾ ਰੁਕ ਜਾਵੇਗਾ।ਇਸ ਤਰ੍ਹਾਂ ਘਾਟ ਦੀ,ਤਾਲਾਬ ਦੀ ਰਾਖੀ ਦੇਵਤਾ ਅਤੇ ਮਨੁੱਖ ਮਿਲ ਕੇ ਕਰਦੇ ਹਨ।