ਪੰਨਾ:A geographical description of the Panjab.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦

ਦੁਆਬੇ ਬਾਰੀ ਦੇ ਨਗਰ।

ਬਣਵਾਈਆਂ, ਪਰ ਛੜੇ ਦੋਲਤਖਾਨੇ ਉਪੁਰ ਅੱਠ ਲੱਖ ਰੁਪਈਆ ਖਰਚਿਆ।

ਅਤੇ ਆਲਮਗੀਰ ਪਾਤਸਾਹ ਦੇ ਵਾਰੇ, ਦਰਿਆਉ ਰਾਵੀ, ਜਾਂ ਦੋਲਤਖਾਨੇ ਦੇ ਮੁੱਢ ਪਹੁੰਚਿਆ, ਤਾਂ ਪਾਤਸਾਹ ਦੇ ਹੁਕਮ ਮਜੂਬ, ਦੋਲਤਖਾਨੇ ਦੇ ਪਾਹ ਦਹੁੰ ਕੋਹਾਂ ਤੀਕੁਰ ਵਡਾ ਤਕੜਾ ਬੰਨ ਮਾਰਿਆ। ਅਤੇ ੧੨੦੮ ਸਨ ਹਿਜਰੀ ਵਿਖੇ ਦਰਿਆਉ ਉਸ ਬੰਨ੍ਹ ਨੂੰ ਤੋੜਕੇ ਕਿਲੇ ਦੀ ਕੰਧ ਹੇਠ ਆਣ ਪੁੱਜਾ; ਅਤੇ ਬਾਗ ਅਰ ਅੰਬਾਰਤਾਂ, ਜੋ ਕਿਲੇ ਅਰ ਮਸੀਤ ਦੀ ਅਲੰਗ ਦੇ ਮੁੰਢ ਸਨ, ਸਭ ਖਰਾਬ ਹੋ ਗਈਆਂ; ਉਸ ਵੇਲੇ ਬੇੜੀ ਮਸੀਤ ਦੀ ਅਲੰਗ ਦੇ ਹੇਠ ਆਣਕੇ ਲਗਦੀ ਸੀੇ।

ਫੇਰ ੧੨੩੧ ਸਨ ਹਿਜਰੀ ਵਿਚ, ਦਰਿਆਉ, ਉਥੋਂ ਮੁੜਕੇ, ਜਹਾਂਗੀਰਸਾਹ ਦੇ ਮਕਬਰੇ ਦੇ ਬਾਗ ਦੀ ਕੰਧ ਦੇ ਮੁੰਢ ਜਾ ਵਗਿਆ; ਅਤੇ ਬਾਗ ਦੇ ਪੂਰਬੀ ਅਰ ਦੱਖਣੀ ਲੋਟ ਦੇ ਬੁਰਜ, ਚਹੁੜੀ ਜਿਹੀ ਪੂਰਬ ਲੋਟ ਦੀ ਕੰਧ ਸਣੇ ਢਾਹਕੇ ਫੇਰ ਮੁੜ ਪਿਆ। ਜਿਹਾ ਦਰਿਆਉ ਲਹੌਰ ਅਰ ਸਾਹਦਰੇ ਦੇ ਗੱਭੇ ਚੱਲਣ ਲਗ ਪਿਆ, ਤਿਹਾ ਹੀ ਸਹਿਰ ਦਿਨੋ ਦਿਨ ਬਸਦਾ ਜਾਣ ਲੱਗਾ; ਅਤੇ ਐਡਾ ਬਸਿਆ, ਕਹਿੰਦੇ ਹਨ ਜੋ ਉਹ ਦਾ ਗਿਰਦਾ ਮਿਣਤੀ ਵਿਚ ਬਾਰਾਂ ਕੋਹ ਉੱਤਰਿਆ।

ਜਾਂ ਨਾਦਰਸਾਹ ਇਰਾਨੀ ਸਨ ੧੧੫੧ ਹਿਜਰੀ ਵਿਚ, ਹਿੰਦੁਸਥਾਨ ਪੁਰ ਚੜ੍ਹਿ ਆਇਆ, ਅਤੇੇ ਲਹੌਰ ਆਣ ਅੱਪੁੜਿਆ, ਅਤੇ ਉਹ ਦੀ ਫੌਜ ਦੇ ਕਜਲਬਾਸ ਲੁਟ ਵਿਚ ਪੈ ਗਏ, ਅਤੇ ਬੇਗਮਪੁਰਾ ਉਸ ਦੇ ਇਰਦੇ ਗਿਰਦੇ ਸਣੇ ਸਭ ਲੁਟ ਲੀਤਾ, ਤਾਂ ਖਾਨਬਹਾਦਰ ਨੈ, ਜੋ ਲਹੌਰ ਦਾ ਸੂਬਾ ਸੀ, ਨਾਦਰਸਾਹ ਅੱਗੇ ਜਾਕੇ, ਅਮਾਨ ਮੰਗੀ; ਇਸ ਕਰਕੇ ਬਾਕੀ ਦਾ ਸਹਿਰ ਬਚ ਰਿਹਾ, ਅਤੇ ਪਾਤਸਾਹ ਦਿੱਲੀ ਨੂੰ ਕੂਚ ਕਰਿ ਆਇਆ।