ਪੰਨਾ:A geographical description of the Panjab.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੫੧

ਲਿਆਂ ਵਿਚੋਂ ਨਿੱਕਲਕੇ ਇਕ ਦਿਨ ਆਣ ਕਠੇ ਹੁੰਦੇ, ਅਰ ਅਸਨਾਨ ਕਰਕੇ ਫੇਰ ਖਿੰਡ ਫੁਟ ਜਾਂਦੇ ਸਨ।

ਉਤੀ ਸਮੇ ਵਿਖੇ ਅਜਿਹਾ ਹੋਇਆ, ਜੋ ਅਹਿਮਦਸਾਹ ਦੇ ਹੁਕਮ ਨਾਲ਼ ਉਸ ਤਲਾਉ ਦੀਆਂ ਪੌੜੀਆਂ ਸਣੇ ਘਰ, ਸੁਰੰਗ ਭਰਕੇ ਉਡਾ ਦਿੱਤੀਆਂ, ਬਲਕ ਖੁਰਖੋਜ ਬੀ ਨਾ ਰਹਿਣ ਦਿੱਤਾ।

ਜਾਂ ਅਹਿਮਦਸਾਹ ਮਰ ਗਿਆ, ਅਤੇ ਪਠਾਣ ਇਸ ਦੇਸ ਵਿਚ ਆਉਣ ਜੋਗੇ ਨਾ ਰਹੇ, ਅਤੇ ਦਿੱਲੀ ਦੇ ਪਾਤਸਾਹਾਂ ਵਿਚੋਂ ਬੀ ਕੋਈ ਨਾ ਰਿਹਾ, ਅਤੇ ਇਹ ਮੁਲਖ ਸਿੱਖਾਂ ਦੇ ਕਾਬੂ ਚੜ੍ਹ ਗਿਆ, ਤਾਂ ਇਨ੍ਹਾਂ ਸਿੱਖਾਂ ਨੈ ਸਭ ਤੇ ਪਹਿਲੇ ਇਸ ਘਰ ਅਰ ਤਲਾਉ ਦੇ ਬਣਾਉਣ ਪੁਰ ਲੱਕ ਬੱਧਾ, ਅਤੇ ਇਸ ਤਲਾਉ ਦੀ ਅੰਬਾਰਤ ਡਾਢੀ ਪੱਕੀ ਅਰ ਸੁੰਦਰ ਚੂਨੇ ਗੱਚ ਬਣਾਈ, ਅਤੇ ਇਸ ਘਰ ਵਿਚ ਸੋਇਨੇ ਚਾਂਦੀ ਦਾ ਕੰਮ ਕਰਕੇ ਇਹ ਦਾ ਹਰਮੰਦਰ ਨਾਉਂ ਧਰਿਆ; ਅਤੇ ਉਹ ਪੋਥੀ, ਜੋ ਬਾਬੇ ਨਾਨਕ ਅਤੇ ਉਹ ਦੇ ਚੇਲਿਆਂ ਦੀ ਹਿੰਦੀ ਅਰ ਪੰਜਾਬੀ ਬੋੋਲੀ ਵਿਚ ਰਚੀ ਹੋਈ ਹੈ, ਉਹ ਦਾ ਗਰੰਥ ਨਾਉਂ ਧਰਕੇ, ਇਸ ਹਰਮੰਦਰ ਵਿਚ ਰੱਖੀ; ਅਤੇ ਉਸ ਗਰੰਥ ਦਾ ਵਡਾ ਅਦਬ ਅਰ ਮਨੌਤ ਕਰਦੇ ਹਨ। ਅਤੇ ਜਾਂ ਗਰੰਥੀ ਉਸ ਨੂੰ ਪੜ੍ਹਨ ਲਗਦਾ ਹੈ, ਤਾਂ ਸਿੱਖ ਲੋਕ ਵਡੀ ਅਧੀਨਗੀ ਨਾਲ਼ ਸਿਰ ਝੁਕਾਕੇ ਸੁਣਦੇ ਰਹਿੰਦੇ ਹਨ। ਅਤੇ ਜੋ ਜੋ ਇਸ ਕੌਮ ਦੇ ਸਰਦਾਰ ਸੇ, ਉਸ ਵੇੇਲੇ ਠਾਣੇਮਾਰ ਹੋ ਗਏ, ਅਰ ਇਕ ਦੂੂਜੇ ਦੀ ਤਾਬੇਦਾਰੀ ਨਾ ਕਰਦੇ ਸੇ; ਉਨੀਂ ਇਸ ਤਲਾਉ ਦੇ ਗਿਰਦੇ ਗਿਰਦੇ ਘਰ ਬਣਾਕੇ, ਉਨ੍ਹਾਂ ਦਾ ਨਾਉਂ ਬੁੰਗਾ ਚੱਕ ਰਖਿਆ, ਅਤੇ ਹਰੇਕ ਬੁੰਗਾ ਆਪਣੇ ਬਣਾਉਣ ਵਾਲ਼ੇ ਦੇ ਨਾਉਂ ਪੁਰ ਮਸਹੂਰ ਹੋ ਗਿਆ। ਅਤੇ ਜਿਹੜਾ ਬੁੰਗਾ ਅਕਾਲੀਆਂ ਲਈ, ਜੋ ਉਸ ਤਲਾਉ ਦੇ ਪੁਜਾਰੀ ਹਨ, ਬਣਾਇਆ ਸੀ, ਉਹ ਨੂੰ ਅਕਾਲ ਬੁੰਗਾ ਆਖਦੇ ਹਨ।