ਪੰਨਾ:A geographical description of the Panjab.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬਾ ਬਾਰੀ।

੩੭

ਘਟ ਜਾਂਦਾ ਹੈ; ਅਤੇ ਉਥੋਂ ਟੱਪਕੇ ਸਹਿਰ ਦੀਨਾਨਗਰ ਦੇ ਚੜ੍ਹਦੇ ਪਾਸੇ ਵਹਿੰਦੀ ਹੈ; ਅਤੇ ਉਸ ਜਾਗਾ ਉਹ ਦੇ ਕੰਢੇ ਕਈ ਸੁੰਦਰ ਬਾਗ ਹਨ। ਉਥੋਂ ਬਟਾਲੇ ਦੇ ਪਰਗਣੇ ਵਿਚ ਸਹਿਰੋਂ ਤਿੰਨਾਂ ਕੋਹਾਂ ਪੁਰ ਪਹੁੰਚਦੀ ਹੈ; ਉੁਥੇ ਉਸ ਉਤੇ ਇਕ ਵਡਾ ਡਾਢਾ ਪੱਕਾ ਪੁਲ਼ ਬੰਨਿਆ ਹੋਇਆ ਹੈ। ਉਥੋਂ ਇਹ ਨਹਿਰ ਕਸਬੇ ਮਜੀਠੇ ਦੇ ਕੋਲ਼ ਪਹੁੰਚਦੀ ਹੈ, ਅਰ ਉਥੋਂ ਕੂਹਲ ਕੱਟਕੇ ਅਮਰਿਤਸਰ ਨੂੂੰ ਲੈ ਗਏ ਹਨ। ਅਤੇ ਮਹਾਰਾਜੇ ਰਣਜੀਤਸਿੰਘੁ ਨੈ, ਸਨ ਬਾਰਾਂ ਸੈ ਅਠੱਤੀ ੧੨੩੮ ਹਿਜਰੀ ਵਿਚ, ਇਹ ਸਾਰੀ ਨਹਿਰ ਉੱਪਰੋਂ ਮੋੜਕੇ ਅਮਰਿਤਸਰ ਤੇ ਲਾਹੌਰ ਦੇ ਰਾਹ ਪਾ ਦਿੱਤੀ ਹੈ, ਅਰ ਉਹ ਦੇ ਦੋਹੀਂ ਪਾਸੀਂ ਰਾਹ ਵਗਦਾ ਹੈ। ਅਤੇ ਅਮਿਰਤਸਰ ਦੇ ਸਹਿਰ ਤੇ ਬਾਹਰ, ਉਹ ਦੇ ਕੰਢੇ ਪੁਰ, ਇਕ ਵਡਾ ਸੁੰਦਰ ਬਾਗ ਬਣਵਾਕੇ, ਉਸ ਵਿਚ ਹੌਦ ਅਰ ਫੁਹਾਰੇ ਲਾਏ ਹੋਏ ਹਨ; ਅਤੇ ਉਸ ਬਾਗ ਦਾ ਨਾਉਂ ਰਾਮ ਬਾਗ; ਅਰ ਉਸ ਨਹਿਰ ਦਾ ਨਾਉਂਂ ਹਸਲੀ ਧਰਿਆ ਹੈ।

ਪਾਤਸਾਹਾਂ ਦੇ ਸਮੇਂ ਵਿਖੇ, ੳਹ ਨਹਿਰ ਸਾਲਾਮਾਰ ਬਾਗ ਨੂੰ, ਜੋ ਲਹੌਰ ਵਿਚ ਹੈ, ਪਾਣੀ ਦੇਕੇ, ਕਿਲੇ ਛੁੱਟ ਸਹਿਰ ਵਿਚ ਸਰਦਾਰਾਂ ਦੇ ਘਰੋਘਰ ਫਿਰਦੀ ਸੀ; ਹੁਣ ਅਜੇਹੀ ਖਰਾਬ ਹੋ ਗਈ ਹੈ, ਜੋ ਸਾਲਾਮਾਰ ਤੀਕੁਰ ਬੀ ਥੁੁਹੁੜਾ ਪਾਣੀ ਉੱਪੜਦਾ ਹੈ। ਇਸ ਨਹਿਰ ਦਾ ਲੰਬਾਉ ਨਿਕਾਸ ਦੀ ਜਾਗਾ ਤੇ ਲੈਕੇ ਲਹੌਰ ਤੀਕੁਰ ਅੱਸੀ ਪਚਾਸੀ ਕੋਹ ਹੋਊ।

ਇਸ ਦੁਆਬੇ ਦੇ ਵਡੇ ਲੋਕ ਵਡੇ ਕਰੜੇ ਅਤੇ ਗੁਸੈਂਲੇ ਹਨ, ਅਤੇ ਮਾਂਝੇ ਦੇ ਲੋਕ, ਜੋ ਇਸ ਦੁਆਬੇ ਵਿਚ ਇਕ ਮੁਲਖ ਹੈ, ਬਹੁਤ ਹੀ ਮਾਰਖੰਡ ਅਰ ਚੋਰ ਅਰ ਧਾੜਵੀ ਅਤੇ ਲੜਾਕੇ ਅਰ ਕਟੀਲੇ ਮਨੁਖ ਹਨ; ਅਤੇ ਸਾਰੇ ਪਿੰਡ ਹਿੰਦੂਆਂ ਹੀ ਦੇ ਹਨ। ਅਤੇ ਇਸ ਦੁਆਬੇ ਦੇ ਪਿੰਡਾਂ ਦੇ ਵਸਕੀਣਾਂ ਦਾ ਭਰਾਵਾ ਅਖਸਰ ਲੰਗੋਟੀ