ਪੰਨਾ:A geographical description of the Panjab.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੦

ਦੁਆਬੇ ਚਨਹਿਤ ਦੇ ਨਗਰ।

ਇਸ ਮੁਲਖ ਵਿਚ ਉਹ ਦੀ ਵਡਿਆਈ ਬਹੁਤ ਮਸਹੂਰ ਹੈ। ਉਹ ਦੇ ਦੁਆਲ਼ੇ ਕਈ ਮਜਾਉਰਾਂ ਦੇ ਘਰ ਬਸਦੇ ਹਨ,ਅਤੇ ਕਈਆਂ ਨਹਿਰਾਂ ਪੁਰ ਉਸ ਮਹਾਪੁਰਸ ਦੀ ਨਸਾਨੀ ਪੁਲ਼ ਬੰਨੇ ਹੋਏ ਮਜੂਦ ਹਨ। ਉਥੋਂ ਬਜੀਰਾਬਾਦ ਦਾ ਘਾਟ ਪੰਜ ਕੋਹ, ਅਤੇ ਦਰਿਆਉ ਬਹਿਤ ਜਿਹਲਮ ਦੇ ਘਾਟ ਪੱਚੀ ਕੋਹ ਹੈ।

Jalálpur

ਇਸ ਸਹਿਰ ਤੇ ਪੰਜ ਕੋਹ ਕਸਬਾ ਜਲਾਲਪੁਰ,ਵੜਾਇਚ ਗੋਤੇ ਜਿਮੀਦਾਰਾਂ ਦਾ ਅਬਾਦ ਕੀਤਾ ਹੋਇਆ ਹੈ; ਉਹ ਦੀ ਅੰਬਾਰਤ ਭਾਵੇਂ ਕੱਚੀ ਹੀ ਹੈ, ਪਰ ਅਬਾਦੀ ਦੇ ਸਬਬ ਰੌਣਕ ਬਹੁਤ ਹੈ;ਕਿੰਉਕਿ ਹੁਣ ਬੀ ਦੋ ਹਜਾਰ ਘਰ, ਅਰ ਸੌ ਹੱਟ ਬਸਦੀ ਹੈ। ਅਤੇ ਸਹਿਰੋਂ ਅੰਦਰਵਾਰ ਹਾਕਮ ਦੇ ਰਹਿਣ ਦੀ ਵਡੀ ਸੁੰਦਰ ਪੱਕੀ ਹਵੇਲੀ ਬਣੀ ਹੋਈ ਹੈ, ਅਤੇ ਚੌਧਰੀਆਂ ਦੇ ਘਰ ਬੀ ਪੱਕੇ ਬਣੇ ਹੋਏ ਹਨ; ਪਰ ਉਨ੍ਹਾਂ ਲੋਕਾਂ ਨੈ ਇਕ ਚੁਨੇ ਗੱਚ ਮਸੀਤ ਪਾਈ ਹੈ।

ਜਲਾਲਪੁਰ ਦੇ ਅੱਧ ਕੋਹ ਦੀ ਬਿੱਥ ਪੁਰ ਇਸਲਮਗੜ੍ਹ ਦਾ ਕਿਲਾ, ਚੌਧਰੀ ਰਹਿਮਤਖਾਂ ਵੜਾਇਚ ਦਾ ਪਾਇਆ ਹੋਇਆ ਹੈ, ਜੋ ਅਹਿਮਦਸਾਹ ਦੁਰਾਨੀ ਦੀ ਵਾਰੇ ਮੁਲਖ ਅਰ ਫੌਜਾਂਵਾਲ਼ਾ ਸੀ। ਇਹ ਕਿਲਾ ਥਾ ਤਾ ਕੱਚਾ ਹੀ, ਪਰ ਬਹੁਤ ਸੁਡੋਲ ਅਤੇ ਡਾਢਾ ਬਣਿਆ ਹੋਇਆ ਸਾ, ਅਤੇ ਦੂਰੋਂ ਬਹੁਤ ਸੁਹਣਾ ਨਜਰੀ ਆਉਂਦਾ ਸੀ; ਕਿੰਉਕਿ ਉੁਹ ਦੇ ਗਿਰਦੇ ਕੰਗੂਰੇਦਾਰ ਕੰਧ ਥੀ, ਸੋਈ ਕਈਆਂ ਜਾਗਾਂ ਤੇ ਢੈਹਿ ਗਈ ਹੈ। ਇਸ ਕਿਲੇ ਦੇ ਅੰਦਰ ਥਹੁੜੀ ਜਿਹੀ ਬਸੋਂ, ਅਤੇ ਇਕ ਵਡੀ ਖੁੱਲੀ ਮਸੀਤ ਸੀ; ਸੋ ਹੁਣ ਉੱਜੜ ਪਈ ਹੈ; ਅਤੇ ਇਸ ਕਿਲੇ ਅਰ ਜਲਾਲਪੁਰ ਦੇ ਗੱਭੇ ਇਕ ਸੁੱਕੀ ਹੋਈ ਨਹਿਰ ਹੈ, ਜੋ ਬਰਸਾਤ ਨੂੰ ਚੱਲਦੀ ਹੈ।