ਪੰਨਾ:ਹੀਰ ਵਾਰਸਸ਼ਾਹ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਕੋਹੇ ਵਾਂਗ ਦਿਨ ਰਾਤ ਕੁਰਲਾਉਂਦੀ ਵੇ ਲੱਗਾ ਹੁੰਧ ਕਲੱਮੜੀ ਕਾ ਮੈਨੂੰ
ਵਾਰਸ ਨਹੀਂ ਮਹਿਰਮ ਕੋਈ ਹਾਲ ਦਾ ਵੇ ਦਸਾਂ ਹਾਲ ਮੈਂ ਰਾਂਝਿਆ ਜਾ ਕੈਨੂੰ

ਵਿਆਹ ਦਾ ਦਿਨ ਮੁਕੱਰਰ ਕਰਨਾ

ਖੇੜਿਆਂ ਸਾਹ ਕਢਾਇਆ ਬਾਹਮਣਾਂ ਤੋਂ ਭਲਾ ਥਿੱਤ ਮਹੂਰਤ ਵਾਰ ਮੀਆਂ
ਨਾਵੀਂ ਸਾਵਣੋਂ ਰਾਤ ਸੀ ਵੀਰ ਵਾਰੀ ਲਿੱਖ ਘੱਲਿਆ ਇਹ ਨਰਵਾਰ ਮੀਆਂ
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਕਰ ਛਡਿਆ ਇਹ ਇਕਰਾਰ ਮੀਆਂ
ਓਥੇ ਖੇੜਿਆਂ ਸਭ ਸਾਮਾਨ ਕੀਤੇ ਇਧਰ ਸਿਆਲ ਭੀ ਹੋਏ ਤਿਆਰ ਮੀਆਂ
ਰਾਂਝਾ ਦੇਖ ਕੇ ਸਾਜ ਸਮਾਨ ਸਾਰਾ ਹੋ ਬੈਠਾਂ ਏ ਬੇਕਰਾਰ ਮੀਆਂ
ਖ਼ਤ ਲਿਖਿਆ ਅਜੂ ਦਾ ਆਣ ਪਹੁੰਚਾ ਚੂਚਕ ਲਾਗੀਆਂ ਟੋਰੇ ਵਿਆਹ ਮੀਆਂ
ਰਾਂਝੇ ਦੁਆ ਕੀਤੀ ਜੰਞ ਆਂਵਦੀ ਨੂੰ ਪਵੇ ਗੈਬ ਦਾ ਕਟਕ ਤੇ ਧਾੜ ਮੀਆਂ
ਵਾਰਸਸ਼ਾਹ ਸਰਬਾਲੜਾ ਨਾਲ ਹੋਯਾ ਹੱਥ ਤੀਰ ਗਾਨਾ ਤਲਵਾਰ ਮੀਆਂ

ਮਠਿਆਈ ਦਾ ਜ਼ਿਕਰ

ਲਗੇ ਨੁਗਦੀਆਂ ਤੇ ਸਕਰਪਾਰੇ ਤਲੀਅਨ ਢੇਰ ਲਾ ਦਿਤੇ ਵੱਡੇ ਘੇਵਰਾਂ ਦੇ
ਤਲੇ ਖੂਬ ਜਲੇਬ ਗੁਲਭਿਸ਼ਤ ਬੂੰਦੀ ਲਡੂ ਟਿੱਕਿਆਂ ਪੇਰੜੇ ਮੇਵਰਾਂ ਦੇ
ਮੈਦਾ ਖੰਡ ਤੇ ਘਿਓ ਪਾ ਰਲੇ ਝੱਪੇ ਭਾਬੀ ਲਾਡਲੀ ਨਾਲ ਜਿਉਂ ਦੇਵਰਾਂ ਦੇ
ਕਲਾਕੰਦ ਮਖਾਣਿਆਂ ਸੁਆਦ ਮਿੱਠੇ ਪਕਵਾਨ ਕੀਤੇ ਨਾਲ ਤੇਵਰਾਂ ਦੇ
ਹੋਰ ਜੋ ਜਹਾਨ ਦੀ ਰਸਮ ਆਹੀ ਸਭਾ ਜਮ੍ਹਾ ਹੋਈ ਨਾਲ ਬੇਵਰਾਂ ਦੇ
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ਬਾਜ਼ੂਬੰਦ ਮਾਲਾ ਨਾਲ ਤੇਵਰਾਂ ਦੇ

ਹੋਰ ਮਠਿਆਈ

ਮਠੀ ਹੋਰ ਖਜੂਰ ਪਰਾਕੜੀ ਭੀ ਭਰੇ ਟੋਕਰੇ ਨਾਲ ਸਮੋਸਿਆਂ ਦੇ
ਅੰਦਰਸੇ ਕਚੌਰੀਆਂ ਅਤੇ ਲੁੱਚੀ ਵੜੇ ਖੰਡ ਤੇ ਖੁਰਮਿਆਂ ਖੋਸਿਆਂ ਦੇ
ਪੇੜੇ ਨਾਲ ਖਤਾਈਆਂ ਗੋਲ ਗੱਪੇ ਤੇ ਬਦਾਨਿਆਂ ਨਾਲ ਤਲੋਸਿਆਂ ਦੇ
ਰਾਂਝਾ ਜੋੜ ਪਰ੍ਹੇ ਫਰਿਆਦ ਕਰਦਾ ਵੇਖੋ ਖੁਸਦੇ ਸਾਕ ਬੇਦੋਸਿਆਂ ਦੇ
ਅਸੀਂ ਚੁੱਪ ਕਰ ਕੇ ਪਰ੍ਹੇ ਹੋ ਬੈਠੇ ਵੱਸ ਚਲਦੇ ਨਹੀਂ ਹੁਣ ਰੋਸਿਆਂ ਦੇ
ਵਾਰਸਸ਼ਾਹ ਨਸੀਬ ਹੁਣ ਔਣ ਝੋਲੀ ਕਰਮ ਡਹਿਣ ਨਾਹੀਂ ਨਾਲ ਝੋਸਿਆਂ ਦੇ

ਖਾਣਾ ਪਕਾਣਾ

ਮੰਡੇ ਮਾਸ ਚਾਵਲ ਦਾਲ ਦਹੀਂ ਧੱਗੜ ਇਹ ਮਾਹੀਆਂ ਪਾਲੀਆਂ ਰਾਹੀਆਂ ਨੂੰ
ਸਭ ਚੂਹੜੇ ਚੱਪੜੇ ਰੱਜ ਰਹੇ ਰਾਖੇ ਜਿਹੜੇ ਸੀ ਸਾਂਭ ਦੇ ਵਾਹੀਆਂ ਨੂੰ
ਯਖਨੀ ਜ਼ਰਦੇ ਤੇ ਹੋਰ ਪਲਾਉ ਕਲਈਏ ਅਸ਼ਰਾਫ ਅਮੀਰ ਸਿਪਾਹੀਆਂ ਨੂੰ
ਕਾਮੇ ਚਾਕ ਚੋਬਰ ਸੀਰੇ ਡੰਗਰਾਂ ਨੂੰ ਦਹੀਂ ਮਖਣ ਜੋ ਦੇਣ ਮੌਲਾਈਆਂ ਨੂੰ