ਪੰਨਾ:ਹੀਰ ਵਾਰਸਸ਼ਾਹ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

ਹੀਰ ਨੇ ਆਪਣੀ ਮਾਂ ਨਾਲ ਗੁਸੇ ਹੋਣਾ

ਹੀਰ ਮਾਉਂ ਦੇ ਨਾਲ ਆ ਲੰੜਨ ਲਗੀ ਤੁਸੀਂ ਸਾਕ ਕੀਤਾ ਨਾਲ ਜ਼ੋਰੀਆਂ ਦੇ
ਮੈਂ ਤਾਂ ਨਹੀਂ ਜਾਣਾ ਨਾਲ ਖੇੜਿਆਂ ਦੇ ਭਾਵੇਂ ਲਾ ਲੌ ਜ਼ੋਰ ਹਜ਼ੂਰੀਆਂ ਦੇ
ਕਦੋਂ ਮੰਗਿਆ ਮੁਣਸ ਮੈਂ ਤੁਧ ਕੋਲੋਂ ਵੈਰ ਕੱਢਿਆ ਨੇ ਨਾਲ ਘੂਰੀਆਂ ਦੇ
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ ਇਹ ਕੰਮ ਨਾ ਹੁੰਦੇ ਨੇ ਚੋਰੀਆਂ ਦੇ
ਜੇੜ੍ਹੇ ਹੋਣ ਬੇਕਲ ਚਾ ਲਾਂਵਦੇ ਨੇ ਇੱਟਾਂ ਬਾਰੀਆਂ ਦੀਆਂ ਵਿਚ ਮੋਰੀਆਂ ਦੇ
ਪਹਿਲਾਂ ਮਾਰਕੇ ਪਿਛੋਂ ਪਿਆਰ ਕਰਨਾ ਚੁੱਪ ਕਰਨ ਨਾਹੀ ਨਾਲ ਲੋਰੀਆਂ ਦੇ
ਚਾ ਚੁਗਲ ਨੂੰ ਕੂੰਜ ਦਾ ਸਾਕ ਦਿੱਤੋ ਪਰੀ ਬਧੀਆ ਈ ਗੱਲ ਢੋਰੀਆਂ ਦੇ
ਵਾਰਸਸ਼ਾਹ ਮੀਆਂ ਗੰਨਾ ਚੱਖ ਸਾਰਾ ਮਜ਼ੇ ਵੇਖ, ਲੈ ਪੋਰੀਆਂ ਪੋਰੀਆਂ ਦੇ

ਹੀਰ ਨੇ ਰਾਂਝੇ ਨਾਲ ਸਲਾਹ ਕਰਨੀ

ਹੀਰ ਆਖਿਆ ਰਾਂਝਿਆ ਕਹਿਰ ਹੋਯਾ ਏਥੋਂ ਚੱਲ ਜੇ ਉੱਠ ਕੇ ਚੱਲਣਾ ਈਂ
ਦੋਵੇਂ ਉੱਠਕੇ ਲੰਮੜੇ ਰਾਹ ਪਈਏ ਕੋਈ ਅਸਾਂ ਨੇ ਦੇਸ ਨਾ ਮਲਣਾ ਈਂ
ਜਦੋਂ ਝੁਗੜੇ ਵੜੀ ਮੈਂ ਖੇੜਿਆਂ ਦੇ ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈਂ
ਮਾਂ ਬਾਪ ਨੇ ਜਦੋਂ ਵਿਆਹ ਦਿੱਤੀ ਕੋਈ ਅਸਾਂ ਦਾ ਜ਼ੋਰ ਨਾ ਚੱਲਣਾ ਈਂ
ਅਸੀਂ ਇਸ਼ਕ ਦੇ ਆਣ ਮੈਦਾਨ ਰੁੱਝੇ ਬੁਰਾ ਸੂਰਮੇ ਨੂੰ ਰਣੋ ਟੱਲਣਾ ਈਂ
ਵਾਰਸਸ਼ਾਹ ਦੇ ਇਸ਼ਕ ਫ਼ਿਰਾਕ ਦੌੜੇ ਇਹ ਕਟਕ ਫਿਰ ਆਖ ਕਿਸ ਝੱਲਣਾ ਈਂ

ਜਵਾਬ ਰਾਂਝਾ

ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ ਨਾਲ ਚੋਰੀਆਂ ਅਤੇ ਉਧਾਲੀਆਂ ਦੇ
ਕਿੜਾਂ ਪੌਂਦੀਆਂ ਨੱਠੇ ਨੇ ਦੇਸ ਵਿਚੋਂ ਕਿੱਸੇ ਸੁਣੇ ਨੀ ਖੂਹਣੀਆਂ ਗਾਲੀਆਂ ਦੇ
ਮਾਲੂਮ ਹੋਯਾ ਤੇਰੇ ਸੁਖਨ ਉੱਤੋਂ ਚਾਲੇ ਦਸਨੀ ਏਂ ਮੂੰਹ ਕਾਲੀਆਂ ਦੇ
ਸਿਰ ਜਾਣ ਕੁਰਬਾਨ ਤੂੰ ਵਰਜਨੀਏਂ ਪੁੱਤਰ ਡਿਠੇ ਨੀ ਕਿਨ੍ਹਾਂ ਬਰਵਾਲੀਆਂ ਦੇ
ਠੱਗੀ ਨਾਲ ਤੈਂ ਮਹੀਆਂ ਚਰਾ ਲਈਆਂ ਇਹ ਦਾ ਨੇ ਰੰਨਾਂ ਦੀਆਂ ਚਾਲੀਆਂ ਦੇ
ਵਾਰਸਸ਼ਾਹ ਸਰਾਫ਼ ਸਭ ਜਾਣਦੇ ਨੀ ਐਬ ਖੋਟਿਆਂ ਪੈਸਿਆਂ ਵਾਲੀਆਂ ਦੇ

ਹੀਰ ਦੇ ਵਿਆਹ ਦੀ ਤਿਆਰੀ

ਚੂਚਕ ਸਿਆਲ ਨੇ ਕੌਲ ਵਿਸਾਰ ਦਿੱਤੇ ਜਦੋਂ ਹੀਰ ਨੂੰ ਪਾਇਆ ਮਾਈਆਂ ਨੇ
ਕੁੜੀਆਂ ਝੰਗ ਸਿਆਲ ਦੀਆਂ ਧੁੰਬਲਾ ਹੋ ਸਭੇ ਪਾਸ ਰੰਝੇਟੇ ਦੇ ਆਈਆਂ ਨੇ
ਹੁਣ ਤੇਰੀ ਰੰਝੇਟਿਆ ਗੱਲ ਕੀਕੂੰ ਤੂੰ ਭੀ ਰਾਤ ਦਿਨ ਮਹੀਂ ਚਰਾਈਆਂ ਨੇ
ਉਹਦੇ ਵਿਆਹ ਦੇ ਸਾਜ਼ ਸਮਾਨ ਹੋਏ ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ
ਓਇ ਮੂਰਖਾ ਪੁੱਛ ਤੂੰ ਨੱਢੜੀ ਨੂੰ ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ