ਪੰਨਾ:ਹੀਰ ਵਾਰਸਸ਼ਾਹ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਤਥਾ

ਖੇੜਿਆਂ ਭੇਜਿਆ ਅਸਾਂ ਤੇ ਇਕ ਨਾਈ ਕਰਨ ਮਿੰਨਤਾਂ ਚਾ ਅਹਿਸਾਨ ਕੀਜੇ
ਭਲੇ ਜੱਟ ਬੂਹੇ ਉਤੇ ਆਣ ਬੈਠੇ ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਜੇ
ਅਸਾਂ ਭਾਈਆਂ ਇਹ ਸਲਾਹ ਦਿਤੀ ਕਿਹਾ ਅਸਾਂ ਦਾ ਸਭ ਪਰਵਾਨ ਕੀਜੇ
ਇਨ੍ਹਾਂ ਦਮਾਂ ਦਾ ਕੁਝ ਵਿਸਾਹ ਨਾਹੀਂ ਅਤੇ ਬਾਹਾਂ ਦਾ ਨਾ ਗੁਮਾਨ ਕੀਜੇ
ਜਿਥੇ ਰੱਬ ਦੇ ਨਾਮ ਦਾ ਜ਼ਿਕਰ ਆਵੇ ਲੱਖ ਬੇਟੀਆਂ ਦਾ ਕੁਰਬਾਨ ਕੀਜੇ
ਵਾਰਸਸ਼ਾਹ ਮੀਆਂ ਨਹੀਂ ਕਰੋ ਆਕੜ ਫਰਿਅਊਨ ਜਿਨ੍ਹਾਂ ਵਲ ਧਿਆਨ ਕੀਜੇ

ਖੇੜਿਆਂ ਦੇ ਹੀਰ ਦਾ ਮੰਗੇਵਾ

ਚੂਚਕ ਫੇਰ ਕੇ ਗੰਢ ਸਦਾਅ ਘੱਲੇ ਆਵਣ ਚੌਧਰੀ ਸਾਰਿਆਂ ਚੱਕਰਾਂ ਦੇ
ਸੰਮ ਬਾਜਵੇ ਖਰਲ ਸਿਆਲ ਆਏ ਚੰਗੇ ਜੱਟ ਜੋ ਤਾਰੜਾਂ ਤੱਗੜਾਂ ਦੇ
ਚੀਮੇ ਚੱਠੇ ਸਿਆਲ ਦੇ ਬਾਵਰੇ ਨੀ ਮਲਕ ਆਏ ਨੀ ਖੋਖਰਾਂ ਡੰਗਰਾਂ ਦੇ
ਸਿਧੂ ਵੈਂਸ ਹੰਜ਼ਰਾ ਵੜੈਚ ਚੰਧੜ ਪੰਚ ਚੰਧੜਾਂ ਵਾਲੀਆਂ ਖੋਖਰਾਂ ਦੇ
ਮਾਨ ਬਾਗੜੀ ਗਿੱਲ ਤੇ ਵਿਰਕ ਆਏ ਸਾਊ ਸੱਤ ਸਾਰੰਗ ਜੇੜ੍ਹੇ ਵੱਗੜਾਂ ਦੇ
ਸਾਹੀਆਂ ਗੋਂਦਲਾਂ ਡੋਗਰਾਂ ਔਲਖਾਂ ਦੇ ਬੇਟੇ ਪੰਜ ਗਰਾਈਆਂ ਗੱਗੜਾਂ ਦੇ
ਹੋਰ ਭਾਈ ਜੇੜ੍ਹੇ ਸਾਂਝੇ ਬੰਨ੍ਹਿਆਂ ਦੇ ਟੂਰਨੇ ਸੇਤੀ ਜੋ ਬਹਾਰ ਦਿਆਂ ਨੱਗਰਾਂ ਦੇ
ਪਲੇ ਪਾਯਾ ਰੁਪਯਾ ਤੇ ਗੁੜ ਸ਼ੱਕਰ ਸਵਾਲ ਪਾਉਂਦੇ ਛੋਹਰਾਂ ਬੱਕਰਾਂ ਦੇ
ਕਹਿਆ ਲਾਗੀਆਂ ਸੰਨ ਨੂੰ ਸੰਨ ਮਿਲਿਆ ਤੇਰਾ ਸਾਕ ਹੋਯਾ ਨਾਲ ਠੱਕਰਾਂ ਦੇ
ਧਰਿਆ ਢੋਲ ਜਟੇਟੀਆਂ ਦੇਣ ਵੇਲਾਂ ਛੰਨੇ ਲਿਆਉਂਦੀਆਂ ਦਾਣਿਆਂ ਸ਼ੱਕਰਾਂ ਦੇ
ਇਕ ਆਂਦੀਆਂ ਗਾਂਦੀਆਂ ਨਾਲ ਖੁਸ਼ੀ ਭੜਥੂ ਮਾਰਦੀਆਂ ਨੇ ਨਾਲ ਨੱਖਰਾਂ ਦੇ
ਰਾਂਝੇ ਹੀਰ ਸੁਣਿਆ ਦਲਗੀਰ ਹੋਏ ਦੋਵੇਂ ਦੇਣ ਗਾਲ੍ਹੀਂ ਨਾਲ ਅੱਕੜਾਂ ਦੇ
ਇਕ ਜੋੜੀਆਂ ਜੁੱਟ ਇਕ ਨਰੜ ਹੁੰਦੇ ਢੋ ਢੁੱਕਦੇ ਲਿਖਿਆਂ ਅੱਖਰਾਂ ਦੇ
ਖੇੜੇ ਸਿਆਲ ਕਰਤੂਤ ਦੇ ਧਨੀ ਦੋਵੇਂ ਵਾਰਸ ਜੁੜੇ ਸਿਰ ਸਾਊਆਂ ਟੱਕਰਾਂ ਦੇ

ਖੇੜਿਆਂ ਨੂੰ ਖੁਸ਼ਖਬਰੀ ਦੇਣੀ ਅਤੇ ਉਨ੍ਹਾਂ ਦਾ ਖੁਸ਼ ਹੋਣਾ

ਮਿਲੀ ਜਾਂ ਵਧਾਈ ਜਾਂ ਖੇੜਿਆਂ ਨੂੰ ਲੁੱਡੀ ਮਾਰ ਕੇ ਝੁੰਬਰਾਂ ਘੱਤ ਦੇ ਨੇ
ਛਾਲਾਂ ਨਾਲ ਅਪੁੱਠੀਆਂ ਖੁਸ਼ੀ ਹੋਕੇ ਨਾਲ ਮਜਲਸਾਂ ਖੇਡਦੇ ਵੱਤ ਦੇ ਨੇ
ਬੋਲਣ ਰਾਗ ਸੂਹਾਗਾਂ ਦੇ ਨਾਲ ਖੁਸ਼ੀ ਹੋਰ ਨਾਚ ਨੱਚਣ ਗਤਾ ਗੱਤ ਦੇ ਨੇ
ਇੱਕ ਦੂਜੇ ਨੂੰ ਦੇਣ ਮੁਬਾਰਕਾਂ ਜੀ ਹੋਰ ਕੰਮ ਸਭ ਹੋਣ ਸੁਪੱਤ ਦੇ ਨੇ
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੇ
ਵਾਰਸਸ਼ਾਹ ਚਾ ਸ਼ੀਰਨੀ ਵੰਡੀਆ ਨੇ ਵਡੇ ਦੇਗਚੇ ਦੁੱਧ ਤੇ ਭੱਤ ਦੇ ਨੇ