ਪੰਨਾ:ਹੀਰ ਵਾਰਸਸ਼ਾਹ.pdf/78

ਇਹ ਸਫ਼ਾ ਪ੍ਰਮਾਣਿਤ ਹੈ

(੭੦)

ਵਾਰਸਸ਼ਾਹ ਦਵਾ ਕਬੂਲ ਤੇਰੀ ਜੇ ਤਾਂ ਨੁਕਸ ਨਾਹੀਂ ਵਿਚ ਨੇਕ ਨੀਤੀ

ਰਾਂਝੇ ਦੇ ਭਾਈਆਂ ਨੇ ਖਤ ਲਿਖਣਾ ਰਾਂਝੇ ਦੇ ਵਲ

ਜਦੋਂ ਰਾਂਝਣਾ ਜਾ ਕੇ ਚਾਕ ਲੱਗਾ ਮੱਝੀਂ ਸਾਂਭੀਆਂ ਚੂਚਕ ਸਿਆਲ ਦੀਆਂ ਨੇ
ਲੋਕਾਂ ਤਖ਼ਤ ਹਜ਼ਾਰੇ ਵਿਚ ਜਾ ਕਿਹਾ ਕੂਹਮਾਂ ਓਸ ਅਗੇ ਬੜੇ ਮਾਲ ਦੀਆਂ ਨੇ
ਭਾਈਰਾਂਝੇ ਦਿਆਂ ਸਯਾਲਾਂ ਨੂੰ ਇਹ ਲਿਖਯਾ ਜ਼ਾਤਾਂ ਮਹਰਮ ਜ਼ਾਤ ਦੇ ਹਾਲ ਦੀਆਂ ਨੇ
ਮੌਜੂ ਚੌਧਰੀ ਦਾ ਪੁੱਤ ਚਾਕ ਲਾਯੋ ਇਹ ਕੁਦਰਤਾਂ ਜ਼ਲ ਜ਼ਲਾਲ ਦੀਆਂ ਨੇ
ਸਾਥੋਂ ਰੁੱਸ ਆਯਾ ਤੁਸੀਂ ਮੋੜ ਘੱਲੋ ਓਹਨੂੰ ਵਾਹਰਾਂ ਰਾਤ ਦਿਨ ਭਾਲ ਦੀਆਂ ਨੇ
ਜਿਸ ਭੋਂ ਤੋਂ ਰੁੱਸਕੇ ਉਠ ਆਯਾ ਕਯਾਰੀਆਂ ਬਣੀਆਂ ਪਈਆਂ ਇਸ ਲਾਲ ਦੀਆਂ ਨੇ
ਸਾਥੋਂ ਵਾਹੀਆਂ ਬੀਜੀਆਂ ਲਏ ਦਾਣੇ ਅਤੇ ਮਾਣੀਆਂ ਪਿਛਲੇ ਸਾਲ ਦੀਆਂ ਨੇ
ਸਾਥੋਂ ਘੜੀ ਨਾ ਵਿੱਸਰੇ ਵੀਰ ਪਿਆਰਾ ਰੋਣ ਭਾਬੀਆਂ ਏਸ ਦੇ ਨਾਲ ਦੀਆਂ ਨੇ
ਸਾਡੇ ਆਖਿਆਂ ਜੇ ਤੁਸੀਂ ਘੱਲ ਦੇਵੋ ਇਹ ਤਾਂ ਖੂਬੀਆਂ ਨੇਕ ਖ਼ਸਾਲ ਦੀਆਂ ਨੇ
ਮਹੀਂ ਚਾਰ ਕੇ ਵੱਢਿਓ ਨਕ ਸਾਡਾ ਸਾਥੇ ਖੂਹਣੀਆਂ ਏਸਦੇ ਮਾਲਦੀਆਂ ਨੇ
ਮਹੀਂ ਕਟਕ ਨੂੰ ਦੇਕੇ ਖਿਸਕ ਜਾਸੀ ਸਾਡਾ ਨਹੀਂ ਜ਼ੁਮਾ ਫਿਰੋ ਭਾਲਦੀਆਂ ਨੇ
ਇਹ ਸੂਰਤਾਂ ਠੱਗ ਜੋ ਵੇਖਦੇ ਹੋ ਵਾਰਸਸ਼ਾਹ ਫ਼ਕੀਰ ਦੇ ਨਾਲ ਦੀਆਂ ਨੇ

ਦੂਸਰੀ ਵਾਰੀ ਚਿਠੀ ਰਾਂਝੇ ਦੇ ਭਾਈਆਂ ਦੀ

ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ ਨਹੀਂ ਚੱਲ ਮੇਲਾ ਅਸੀਂ ਆਉਨੇ ਹਾਂ
ਗੱਲ ਪੱਲੜਾ ਪਾ ਕੇ ਵੀਰ ਸੱਭੇ ਅਸੀ ਰੁੱਠੜਾ ਵੀਰ ਮਨਾਉਨੇ ਹਾਂ
ਮਾਉਂ ਬਾਪ ਜਾਯਾ ਵੀਹ ਰੁੱਸ ਆਯਾ ਅਗੇ ਤੁਸਾਂ ਦੇ ਮੁਨਸਫ਼ੀ ਪਾਉਨੇ ਹਾਂ
ਸਾਡੇ ਨਾਲ ਟੋਰੋ ਇਨਸਾਫ਼ ਕਰਕੇ ਅਰਜ਼ ਆਜਜ਼ੀ ਨਾਲ ਸੁਣਾਉਨੇ ਹਾਂ
ਅਸਾਂ ਆਯਾਂ ਨੂੰ ਜੇ ਤੁਸੀਂ ਨਾ ਮੋੜੋ ਬੜੇ ਹੋਰ ਪਏ ਪੱਕ ਪਕਾਉਨੇ ਹਾਂ
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ ਵਾਰਸਸ਼ਾਹ ਨੂੰ ਨਾਲ ਲੈ ਆਉਨੇ ਹਾਂ

ਰਾਂਝੇ ਦੇ ਭਾਈਆਂ ਨੂੰ ਚੂਚਕ ਨੇ ਜਵਾਬ ਦੇਣਾ

ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ ਨੱਢੀ ਹੀਰ ਦਾ ਚਾਕ ਉਹ ਹੁੰਦੜਾ ਜੇ
ਅਸੀਂ ਜੱਟ ਹੈ ਜਾਣਕੇ ਚਾਕ ਲਾਯਾ ਦੇਈਏ ਤ੍ਰਾਹ ਜੇ ਜਾਣੀਏ ਗੁੰਡੜਾ ਜੇ
ਸਾਰਾ ਪਿੰਡ ਡਰੇ ਏਸ ਚਾਕ ਕੋਲੋਂ ਸਿਰ ਮਾਹੀਆਂ ਦੇ ਏਸਦਾ ਕੁੰਡੜਾ ਜੇ
ਐਸ ਗਭਰੂ ਘਰੋਂ ਕਿਉਂ ਕੱਢਿਆ ਜੇ ਲੰਙਾ ਨਹੀਂ ਕਮਜ਼ੋਰ ਨਾ ਟੁੰਡੜਾ ਜੇ
ਸਿਰ ਸੌਂਹਦੀਆਂ ਬੋਦੀਆਂ ਨੱਢੜੇ ਦੇ ਕੰਨੀਂ ਲਾਡਲੇ ਦੇ ਸੋਹੇ ਬੁੰਦੜਾ ਜੇ
ਵਾਰਸਸ਼ਾਹ ਨਾ ਕਿਸੇ ਨੂੰ ਜਾਣਦਾ ਏ ਪਾਸ ਹੀਰ ਦੇ ਰਾਤ ਦਿਨ ਹੁੰਦੜਾ ਜੇ