ਪੰਨਾ:ਹੀਰ ਵਾਰਸਸ਼ਾਹ.pdf/75

ਇਹ ਸਫ਼ਾ ਪ੍ਰਮਾਣਿਤ ਹੈ

(੬੭)

ਸੌਣ ਬਹਿਣ ਦੇ ਲਈ ਵੀ ਨਹੀਂ ਮੇਰੀ ਰਹੀ ਝੁਗੀ ਦੀ ਛਤ ਤੇ ਛਾਂ ਮੀਆਂ
ਪਰ੍ਹੇ ਵਿਚ ਮੈਂ ਆਣ ਪੁਕਾਰ ਕੀਤੀ ਦਸੋ ਬਾਝ ਪੈਂਚਾਂ ਕਿਧਰ ਜਾਂ ਮੀਆਂ
ਵਾਰਸਸ਼ਾਹ ਨਾ ਵੱਸੀਏ ਮੂਲ ਓਥੇ ਜਿਥੇ ਹੋਣ ਉਪੱਦਰੇ ਥਾਂ ਮੀਆਂ

ਪੈਂਚਾਂ ਨੇ ਕੈਦੋ ਨੂੰ ਤਸੱਲੀ ਦੇਣੀ

ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ ਤੈਨੂੰ ਮਾਰਿਆ ਨੇ ਝਖਾਂ ਮਾਰੀਆ ਨੇ
ਹਾਇ ਹਾਇ ਫ਼ਕੀਰ ਤੇ ਕਹਿਰ ਹੋਯਾ ਕੋਈ ਵੱਡਾ ਹੀ ਖੂਨ ਗੁਜ਼ਾਰਿਆ ਨੇ
ਬਹੁਤ ਦੇ ਦਲਾਸੜਾ ਪੂੰਝ ਅੱਖੀਂਂ ਕੈਦੋ ਲੰਙੇ ਦਾ ਜੀਊ ਚਾ ਠਾਰਿਆ ਨੇ
ਸਭ ਲੜਕੀਆਂ ਨੂੰ ਝਿੜਕ ਝੰਬ ਦੇ ਕੇ ਕੋਲ ਕੈਦੋ ਦੇ ਕੂੜ ਪਸਾਰਿਆ ਨੇ
ਤੇਰੀ ਝੁੱਗੀ ਨੂੰ ਫੇਰ ਬਣਾ ਦੇਸਾਂ ਜਿਹੜੀ ਲਾਂਭ ਵਲੋਂ ਇਹਨਾਂ ਸਾੜਿਆ ਨੇ
ਤੈਨੂੰ ਪੋਸਤ ਅਫੀਮ ਤੇ ਭੰਗ ਦੇਈਏ ਹੋਰ ਜੋ ਕੁਝ ਚਾ ਵਿਗੜਿਆ ਨੇ
ਕੈਦੋ ਆਖਦਾ ਧੀਆਂ ਦੇ ਵੱਲ ਹੋ ਕੇ ਦੇਖੋ ਦੀਨ ਇਮਾਨ ਨਿਘਾਰਿਆ ਨੇ
ਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ ਝੂਠਾ ਦੇ ਦਿਲਾਸੜਾ ਮਾਰਿਆ ਨੇ

ਚੂਚਕ ਨੇ ਕੈਦੋ ਨੂੰ ਸਮਝਾਉਣਾ

ਚੂਚਕ ਆਖਦਾ ਅੱਖੀਂ ਵਿਖਾ ਮੈਨੂੰ ਮੁੰਡੀ ਲਾਹ ਸੁਟਾਂ ਮੁੰਡੀ ਮੁੰਡਿਆਂ ਦੀ
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ ਸਾਡੇ ਦੇਸ ਨਾ ਥਾਂ ਹੈ ਗੁੰਡਿਆਂ ਦੀ
ਸਿਰ ਦੋਹਾਂ ਦੇ ਵੱਢ ਕੇ ਅਲਖ ਲਾਹਾਂ ਅਸੀਂ ਸੱਥ ਨਾ ਪਰ੍ਹੇ ਹਾਂ ਲੁੰਡਿਆਂ ਦੀ
ਕੈਦੋ ਆਖਿਆ ਵੇਖ ਫੜਾਵਨਾ ਹਾਂ ਭਲਾ ਮਾਂ ਖੜੀ ਇਨ੍ਹਾਂ ਲੁੰਡਿਆਂ ਦੀ
ਕੈਦੋ ਗਲ ਸੁਣ ਕੇ ਖਬਰਦਾਰ ਹੋਇਆ ਕਮਰ ਬੱਧੀ ਸੂ ਪਕੜਕੇ ਮੁੰਡਿਆਂ ਦੀ
ਏਸ ਹੀਰ ਦੇ ਬਿਰਛ ਦੀ ਭੰਗ ਲੈਸਾਂ ਸੇਹਲੀ ਵੱਟਸਾਂ ਚਾਕ ਦੇ ਜੁੰਡਿਆਂ ਦੀ
ਅਖੀਂ ਵੇਖ ਕੇ ਫੇਰ ਜੇ ਨਾ ਮਾਰੋ ਤਦੋਂ ਜਾਨਸਾਂ ਪਰ੍ਹੇ ਦੇ ਬੁੰਡਿਆਂ ਦੀ
ਵਾਰਸਸ਼ਾਹ ਮੀਆਂ ਏਥੋਂ ਖੇਡ ਪੌਂਦੀ ਵੇਖੋ ਬੁਢਿਆਂ ਦੀ ਅਤੇ ਮੁੰਡਿਆਂ ਦੀ

ਕੈਦੋ ਨੇ ਹੀਰ ਦੇ ਪਾਸ ਆਉਣਾ

ਕੈਦੋ ਮਹਿਰ ਤੋਂ ਲੈ ਜਵਾਬ ਟੁਰਿਆ ਮੁੜ ਭੌਂਕਦਾ ਹੀਰ ਤੇ ਆਇਆ ਈ
ਐਡਾ ਕਹਿਰ ਕੀਤੋ ਨਾਲ ਸ਼ੁਹਦਿਆਂ ਦੇ ਤੇਰੇ ਜੀ ਤੇ ਮਿਹਰ ਨਾ ਆਇਆ ਈ
ਸਭ ਤਖਤ ਤੇ ਮਾਲ ਮਤਾਅ ਮੇਰਾ ਵਿਚ ਝੁਗੀ ਦੇ ਚਾ ਜਲਾਇਆ ਈ
ਹੀਰ ਆਖਿਆ ਕੈਦੋ ਨੂੰ ਪੇਸ਼ ਤੇਰੇ ਚਾਚਾ ਆਪਣਾ ਫੇੜਿਆ ਆਇਆ ਈ
ਅੱਕ ਬੀਜ ਕੇ ਕਿਸੇ ਨਾ ਅੰਬ ਖਾਧੇ ਫਰਵਾਂਹ ਸ਼ਹਿਤੂਤ ਨਾ ਲਾਇਆ ਈ
ਜਿਹਾ ਬੀਜੀਏ ਵਾਰਸਾ ਵੱਢ ਲਈਏ ਹਰਫ ਵਿਚ ਹਦੀਸ ਦੇ ਆਇਆ ਈ
ਬੋਲਣ ਝੂਠ ਤੇ ਚੁਗਲੀਆਂ ਕਰੇ ਗ਼ੀਬਤ ਰਾਹ ਫਕਰ ਦੇ ਵਿਚ ਨਾ ਆਇਆ ਈ