ਪੰਨਾ:ਹੀਰ ਵਾਰਸਸ਼ਾਹ.pdf/72

ਇਹ ਸਫ਼ਾ ਪ੍ਰਮਾਣਿਤ ਹੈ

(੬੪)

ਮੈਨੂੰ ਮਾਰਕੇ ਹੀਰ ਖੁਆਰ ਕੀਤਾ ਪੈਂਚੋ ਪਿੰਡ ਦਿਓ ਦਿਹੋ ਖਾਂ ਦਾਦ ਮੀਆਂ
ਕਫ਼ਨੀ ਪਾੜ ਬਾਦਸ਼ਾਹ ਦੇ ਜਾ ਦਸਾਂ ਮੈਂ ਤਾਂ ਪੱਟ ਸੁੱਟਾਂ ਬੁਨਿਆਦ ਮੀਆਂ
ਮੈਂ ਬੋਲਣੋ ਨਾ ਰਿਹਾ ਸੱਚ ਪਿਛੇ ਝੁਗੀ ਫੂਕ ਕੀਤਾ ਬੇਅਬਾਦ ਮੀਆਂ
ਚਲੋ ਝਗੜੀਏ ਚੱਲ ਕੇ ਨਾਲ ਚੂਚਕ ਇਹ ਗਲ ਨਾ ਜਾਏ ਬਰਬਾਦ ਮੀਆਂ
ਵਾਰਸ ਅਹਿਮਕਾਂ ਨੂੰ ਬਿਨਾਂ ਫਾਟ ਖਾਧੇ ਨਹੀਂ ਆਉਂਦਾ ਇਸ਼ਕ ਸਵਾਦ ਮੀਆਂ

ਜਵਾਬ ਚੂਚਕ

ਚੂਚਕ ਆਖਿਆ ਲੰਙਿਆ ਜਾਹ ਸਾਥੋਂ ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ
ਸਰਦਾਰ ਹੈਂ ਚੋਰ ਉਚੱਕਿਆਂ ਦਾ ਸੂੰਹਾ ਬੈਠਾ ਏਂ ਮਾਹਣੂਆਂ ਭੇੜਿਆਂ ਦਾ
ਤੇਰੇ ਵਸਬ ਮਲੂਮ ਨੇ ਸੱਭ ਸਾਨੂੰ ਲਾਹੜੀ ਵਡਾ ਹੈਂ ਲਗ ਲਬੇੜਿਆਂ ਦਾ
ਆਪ ਚੋਰ ਤੇ ਆਪ ਹੀ ਸਾਧ ਹੋਵੇਂ ਖੋਜ ਤਾੜਨੈਂ ਦੂਰ ਤੇ ਨੇੜਿਆਂ ਦਾ
ਤੈਨੂੰ ਸੁਲਹ ਸਲੂਕ ਦਾ ਵੱਲ ਨਾਹੀਂ ਵੱਲ ਆਉਂਦਾ ਵੱਖ ਨਖੇੜਿਆਂ ਦਾ
ਖੂਹ ਕੁਲ ਜਹਾਨ ਸਭ ਰਾਸ ਗੇੜੇ ਤੈਨੂੰ ਵੱਲ ਹੈ ਉਲਟਿਆਂ ਗੋੜਿਆਂ ਦਾ
ਆਪ ਛੇੜਕੇ ਤੇ ਪਿਛੋਂ ਫਿਰੇ ਭੌਂਦਾ ਇਹੋ ਚੱਜ ਹੈ ਅਹਿਮਕਾਂ ਭੇੜਿਆਂ ਦਾ
ਤੈਨੂੰ ਵੈਰ ਹੈ ਨਾਲ ਅਵਾਣੀਆਂ ਦੇ ਅਤੇ ਵੱਲ ਹੈ ਦਬ ਦਰੇੜਿਆਂ ਦਾ
ਫਿਰੇਂ ਛੇੜਦਾ ਕੁੜੀਆਂ ਕੁਵਾਰੀਆਂ ਨੂੰ ਅਤੇ ਰੋਨਾ ਏਂ ਰੋਣ ਕਹੇੜਿਆਂ ਦਾ
ਪਹਿਲੋਂ ਛੇੜ ਕੇ ਆਪਣੀ ਵਾਰ ਰੋਣਾ ਕੰਮ ਬੋਂਡੀਆਂ ਚੁਤ ਖਦੇੜਿਆਂ ਦਾ
ਮਿਲੇ ਸਿਰਾਂ ਨੂੰ ਚਾ ਵਿਛੋੜਨਾ ਏਂ ਤੈਨੂੰ ਬਾਣ ਹੈ ਪਾਣ ਦੁਫੇੜਿਆਂ ਦਾ
ਵਾਰਸਸ਼ਾਹ ਅਬਲੀਸ ਦੀ ਸ਼ਕਲ ਕੈਦੋ ਇਹ ਮੂਲ ਹੈ ਸਭ ਬਖੇੜਿਆਂ ਦਾ

ਜਵਾਬ ਕੈਦੋ

ਮੈਨੂੰ ਮਾਰ ਕੇ ਉੱਧਲਾਂ ਮੁੰਜ ਕੀਤਾ ਝੁਗੀ ਲਾ ਮਵਾਤੜਾ ਸਾੜੀਆ ਨੇ
ਕੁਕੜ ਕੁਤੀਆਂ ਭੰਗ ਅਫੀਮ ਲੁਟੀ ਮੇਰੀ ਬਾਉਲੀ ਚਾ ਉਜਾੜੀਆ ਨੇ
ਭੰਗ ਘੋਟਣੇ ਦੌਰੇ ਸਭ ਭੰਨ ਸੁਟੇ ਨਾਲੇ ਬਿੱਲੀ ਫਕੀਰ ਦੀ ਮਾਰੀਆ ਨੇ
ਦੌਰੇ ਭੰਨ ਕੇ ਕੁਟ ਕੇ ਛੜਨ ਲਤੀਂ ਲੇਫ ਜੁਲੀਆਂ ਫੋਲ ਕੇ ਪਾੜੀਆ ਨੇ
ਧੜਵੈਲ ਧਾੜੇ ਮਾਰ ਮੁਲਕ ਲੁਟਣ ਮੇਰੇ ਬਾਬ ਦੀ ਧਾੜ ਉਤਾਰੀਆ ਨੇ
ਦੋਹੀ ਰਬ ਦੀ ਚੂਚਕਾ ਇਸ਼ਕ ਪਿਛੇ ਮੈਂ ਗਰੀਬ ਨੂੰ ਬੰਨ੍ਹ ਕੇ ਮਾਰੀਆ ਨੇ
ਮਾਰ ਅੱਡੀਆਂ ਜੁਤੀਆਂ ਢੀਮ ਪੱਥਰ ਨਾਲ ਛਮਕਾਂ ਚੰਮ ਉਤਾਰੀਆ ਨੇ
ਵਾਰਸਸ਼ਾਹ ਫ਼ਕੀਰ ਦਾ ਗਜ਼ਬ ਪੌਸੀ ਦੀਨ ਦੁਨੀ ਦਾ ਖੌਫ ਵਿਸਾਰੀਆਂ ਨੇ

ਕਲਾਮ ਚੂਚਕ

ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋ ਘਰੀ ਤੂੰ ਲੂਤੀਆਂ ਲਾਉਨਾ ਏ