ਪੰਨਾ:ਹੀਰ ਵਾਰਸਸ਼ਾਹ.pdf/65

ਇਹ ਸਫ਼ਾ ਪ੍ਰਮਾਣਿਤ ਹੈ

(੫੭)

ਅੱਖੀਂ ਵੇਖੀਏ ਤੇ ਲਈਏ ਕੱਜ ਅਖੀ ਪਰਦਾ ਕਿਸੇ ਦਾ ਮੂਲ ਨਾ ਚਾਈਏ ਨੀ
ਦਿਨੇ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸਿਰੀਂ ਅਹਿਸਾਨ ਚੜਾਈਏ ਨੀ
ਹੀਰ ਪੰਜ ਮੋਹਰਾਂ ਹੱਥ ਦਿਤੀਆਂ ਨੂੰ ਕਿਵੇਂ ਮਿੱਠੀਏ ਡੌਲ ਬਣਾਈਏ ਨੀ
ਕੁੜੀਆਂ ਪਾਸ ਨਾ ਖੋਲ੍ਹਣਾ ਭੇਤ ਮੂਲੇ ਸਭਾ ਜੀਉ ਦੇ ਵਿਚ ਲੁਕਾਈਏ ਨੀ
ਵਾਰਸਸ਼ਾਹ ਛੁਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਨੀ

ਕਲਾਮ ਸ਼ਾਇਰ

ਮਾਯਾ ਵੇਖਕੇ ਮਿਠੀ ਨੂੰ ਖੁਸ਼ੀ ਹੋਈ ਆਈ ਮੂਲ ਨਾ ਸ਼ਰਮ ਹਯਾ ਮੀਆਂ
ਮਾਯਾ ਐਬ ਛਪਾਂਵਦੀ ਨਾਕਸਾਂ ਦੇ ਮਾਯਾ ਲਾਜ ਰੱਖੇ ਹਰ ਥਾਂ ਮੀਆਂ
ਮਾਯਾ ਬਾਝ ਨਾ ਕੋਈ ਹੈ ਬਾਂਹ ਬੇਲੀ ਮਾਯਾ ਬਾਝ ਨਾ ਪਿੰਡ ਗਰਾਂ ਮੀਆਂ
ਮਾਲਦਾਰ ਦਾ ਆਦਰ ਕਰੇ ਖਲਕਤ ਮਾਯਾ ਬਾਝ ਨਾ ਲੈਂਦਾ ਈ ਨਾਂ ਮੀਆਂ
ਮਾਯਾ ਬਾਝ ਡੁੱਬੇ ਅਕਲ ਹੋਸ਼ ਸੱਭੇ ਕਿਸੇ ਫ਼ਿਕਰ ਨਾ ਰਹੇ ਅਸਾਂ ਮੀਆਂ
ਮਾਯਾ ਵਾਸਤੇ ਦੀਨ ਈਮਾਨ ਡੋਬਣ ਜਿਨ੍ਹਾਂ ਅਹਿਮਕਾਂ ਨਾ ਹੋਈ ਆਨ ਮੀਆਂ
ਦਾਨਸ਼ਮੰਦ ਤੇ ਅਕਲ ਦੇ ਕੋਟ ਜਿਹੜੇ ਮਾਯਾ ਬਾਝ ਉਹ ਹੋਣ ਹੈਰਾਨ ਮੀਆਂ
ਵਾਰਸਸ਼ਾਹ ਜੇ ਜ਼ਿਕਰ ਤੂੰ ਕਰੇਂ ਖਾਲਕ ਜੋ ਕੁਝ ਲਿਖਿਆ ਦੇਗੂ ਦੀਵਾਨ ਮੀਆਂ

ਨਾਈਆਂ ਦੇ ਘਰ ਦਾ ਨਿਸ਼ਾਨ

ਫਲੇ ਕੋਲ ਮੰਗੂ ਜਿਥੇ ਬੈਠਦਾ ਸੀ ਉਥੇ ਕੋਲ ਹੈਸੀ ਘਰ ਨਾਈਆਂ ਦਾ
ਮਿੱਠੀ ਨੈਣ ਘਰਾਂ ਦੀ ਖਸਮਣੀ ਸੀ ਨਾਈ ਕੰਮ ਕਰਦੇ ਫਿਰਨ ਨਾਈਆਂ ਦਾ
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ ਜਿਹਾ ਸਾਹੁਰੇ ਕਦਰ ਜਵਾਈਆਂ ਦਾ
ਚਾਨ ਭਾਨ ਮਿੱਟੇ ਫਿਰਨ ਵਾਲਿਆਂ ਦੀ ਬਾਰਾ ਖੁਲ੍ਹ ਦਾ ਲੇਫ ਤੁਲਾਈਆਂ ਦਾ
ਮਿਠੀ ਛੇਜ ਵਿਛਾਇਕੇ ਫੁੱਲ ਪੂਰੇ ਉਤੇ ਆਉਂਦਾ ਕਦਮ ਖੁਦਾਈਆਂ ਦਾ
ਦੋਵੇਂ ਹੀਰ ਰਾਂਝਾ ਉਤੇ ਕਰਨ ਮੌਜਾਂ ਖੜੀਆਂ ਖਾਨ ਮਝੀਂ ਸਿਰ ਸਾਈਆਂ ਦਾ
ਘੜੀ ਰਾਤ ਰਹਿੰਦੀ ਹੀਰ ਘਰ ਜਾਏ ਰਾਂਝਾ ਵੱਗ ਛੇੜੇ ਮਝਾਂ ਗਾਈਆਂ ਦਾ
ਵਾਰਸ ਅਪਣੀ ਕਾਰ ਵਿਚ ਜਾ ਰੁੱਝਣ ਬੂਹਾ ਫੇਰ ਨਾ ਦੇਖਦੇ ਨਾਈਆਂ ਦਾ

ਹੀਰ ਨੇ ਸਣੇ ਸਹੇਲੀਆਂ ਰਾਂਝੇ ਨਾਲ ਝਨਾਉ ਵਿਚ ਨ੍ਹਾਉਣਾ

ਦਿਨ ਹੋਵੇ ਦੁਪਹਿਰ ਤੇ ਆਏ ਰਾਂਝਾ ਅਤੇ ਓਦਰੋਂ ਹੀਰ ਭੀ ਆਉਂਦੀ ਏ
ਇਹ ਮਹੀਂ ਲਿਆ ਬਹਾਉਂਦਾ ਏ ਉਹ ਨਾਲ ਸਹੇਲੀਆਂ ਆਉਂਦੀ ਏ
ਪੱਜ ਨ੍ਹਾਉਣੇ ਦਾ ਕਰਕੇ ਰੋਜ ਜੱਟੀ ਨਿਤ ਵੱਲ ਝਨਾਉਂ ਦੇ ਧਾਉਂਦੀ ਏ
ਰਾਂਝੇ ਨਾਲ ਸਹੇਲੀਆਂ ਹੀਰ ਨੱਢੀ ਮਜ਼ਾ ਇਸ਼ਕ ਦਾ ਖੂਬ ਦਿਖਾਉਂਦੀ ਏ
ਉਤੇ ਆ ਦਰਯਾ ਝਨਾਉ ਦੇ ਤੇ ਰੱਲ ਹੋ ਇਕੱਠੜੀ ਨ੍ਹਾਉਂਦੀ ਏ