ਪੰਨਾ:ਹੀਰ ਵਾਰਸਸ਼ਾਹ.pdf/61

ਇਹ ਸਫ਼ਾ ਪ੍ਰਮਾਣਿਤ ਹੈ

(੫੫)

ਚਸਕੇ ਖੋਰ ਹੈ ਸ਼ਹਿਰਨਾਂ ਕਹਿਰਨਾਂ ਦਾ ਮਿੱਥੀ ਟੋਕਰੀ ਤੋਂ ਬਣੇ ਡੌਲ ਜਾਈ
ਪਕੜ ਗਏ ਢਾਂਗੇ ਇਸ਼ਕ ਮਹਿਰੀਆਂ ਦੇ ਅਗੇ ਸੰਗਦਾ ਆਉਂਦਾ ਡਾਂਗ ਚਾਈ
ਘਸਾ ਘਸ ਹੈ ਮਾਰਦਾ ਗਗੜੀਆਂ ਦਾ ਅਗੇ ਮੋਰਨੀ ਦੇ ਖੜੀ ਰੱਖ ਪਾਈ
ਲਥਾ ਪਾਰ ਸਮੁੰਦਰੋਂ ਸੰਮੀਆਂ ਦਾ ਮਾਰੇ ਟੁਭੀਆਂ ਤੇ ਖੜਾ ਹਾਥ ਲਾਈ
ਆਤਸ਼ ਇਸ਼ਕ ਹੈ ਆਤਸ਼ਬਾਜਨਾਂ ਦਾ ਕਰੇ ਖੂਨ ਜੈਂਦੇ ਮਗਰ ਲੱਗ ਜਾਈ
ਤਾਰਕਸਨੀ ਦਾ ਪਿਆ ਸੀ ਕਰ ਹਲਾ ਜਿਵੇਂ ਘਤ ਮੁਹਿੰਮ ਸਰਕਾਰ ਆਈ
ਪਿੜ ਮਾਰਿਆ ਇਸ਼ਕ ਅਚਾਰਜਨਾਂ ਦਾ ਜਿਹੜਾ ਤੱਤੜਾ ਧਾਨ ਕੁਧਾਨ ਆਈ
ਸੈਂਤੀ ਸੰਨ ਸੀ ਇਸ਼ਕ ਸਰਾਫਨੀ ਦਾ ਜਿਥੇ ਮੁਹਰ ਮੁਹੰਮਦ ਸ਼ਾਹ ਲਾਈ
ਚੜ੍ਹਿਆ ਊਠ ਤੇ ਇਸ਼ਕ ਬਲੋਚਨੀ ਦਾ ਮਾਰੇ ਪਾਸਨੇ ਤੇ ਫਿਰੇ ਸਾਂਗ ਚਾਈ
ਕੂੰਜ ਵਾਂਗ ਕੁਰਲਾਵੇ ਸਿਪਾਹਣੀ ਦਾ ਜਿਨ੍ਹਾਂ ਕੌਂਤ ਪਰਦੇਸ ਨਾ ਖ਼ਬਰ ਕਾਈ
ਬੱਦਲ ਵਾਂਗ ਗਜਦਾ ਹੈ ਭਰਾਨੀਆਂ ਦਾ ਕੋਲ ਬੈਠਿਆਂ ਦੇ ਪਏ ਕੰਨ ਖਾਈ
ਹੁਕਮ ਕਰੇ ਤੇ ਇਸ਼ਕ ਬਰਵਾਲੀਆਂ ਦਾ ਮੰਜੀ ਚਾ ਲੈਂਦਾ ਜਿਥੇ ਵੈਰ ਪਾਈ
ਪਾਪੜ ਵਾਂਗ ਜੇ ਇਸ਼ਕ ਕੰਬੋਣੀਆਂ ਦਾ ਏਵੇਂ ਲੇਸ ਜਿਉਂ ਮਾਂਹ ਦੀ ਦਾਲ ਭਾਈ
ਚੜਿਆ ਖੁੰਭ ਤੇ ਇਸ਼ਕ ਜੇ ਧੋਬਨਾਂ ਦਾ ਖੜਾ ਪਟੜਿਆਂ ਦੇ ਉਤੇ ਸੁੱਕ ਜਾਈ
ਅਗੇ ਇਸ਼ਕ ਤੂੰ ਵੇਖ ਕਸਾਇਣਾਂ ਦਾ ਯਾਰੀ ਲਾ ਕੇ ਮਾਸ ਨੂੰ ਵੱਢ ਖਾਈ
ਵਟਣੇ ਫੇਰਦਾਏ ਰਸੀਗਰਨੀਆਂ ਦਾ ਦਬਗਰਨੀਆਂ ਦਾ ਚੰਮ ਗਾਲ ਜਾਈ
ਚਾਵਲ ਵਾਂਗ ਛੜਦਾ ਜੰਦਰੇ ਕੁਟਨੀਆਂ ਛਜ ਛਾਣਨੀ ਘਤ ਕੇ ਛੱਟ ਜਾਈ
ਤਿਲੇ ਵਾਂਗ ਭੜਕੇ ਇਸ਼ਕ ਮੋਚਨਾਂ ਦਾ ਦੇ ਦੱਬ ਖੜੇਬ ਦੀ ਖੁਲ੍ਹ ਜਾਈ
ਤਾਰੇ ਤੋੜਦਾ ਇਸ਼ਕ ਸੁਨਿਆਰੀਆਂ ਦਾ ਉਤੋਂ ਸਾਫ ਤੇ ਅੰਦਰੋਂ ਖੌਰ ਸਾਈ
ਕਿਲੇ ਠੋਕਵਾਂ ਇਸ਼ਕ ਤ੍ਰਖਾਣੀਆਂ ਦਾ ਅਗੇ ਮਾਸ਼ਕਣ ਦਾ ਖੜਾ ਮਸ਼ਕ ਚਾਈ
ਇਸ਼ਕ ਉਸਤਰੇ ਵਾਂਗ ਸੀ ਨਾਇਣਾਂ ਦਾ ਮਲਵਾਣੀਆਂ ਦਾ ਬੈਠਾ ਸਤਰ ਲਾਈ
ਇਸ਼ਕ ਸੁਘੜ ਹੈ ਪਦਮਨੀ ਚਿਤਰਨੀ ਦਾ ਇਜ਼ਤ ਆਬਰੂ ਸੀ ਜਿਸ ਖੈਰ ਪਾਈ
ਮਾਸ ਖੋਰ ਹੈ ਹਸਤਨੀ ਸੰਖਨੀ ਦਾ ਚੱਕ ਮਾਰਕੇ ਗਲ੍ਹ ਤੇ ਦੰਦ ਲਾਈ
ਸਾਂਗ ਫੜੀ ਸੀ ਇਸ਼ਕ ਮਹਿਰੇਟੀਆਂ ਦੇ ਅਗੇ ਖੜਾ ਫ਼ਰੰਗਣ ਦਾ ਤੇਗ਼ ਚਾਈ
ਤ੍ਰੈ ਮੈ ਸਠ ਸਹੇਲੀ ਦਾ ਇਸ਼ਕ ਤ੍ਰਠਾ ਰਲੀ ਇਕ ਦੇ ਨਾਲ ਨ ਇੱਕ ਕਾਈ
ਤੈਨੂੰ ਦਸਾਂ ਮੈਂ ਇਸ਼ਕ ਕੀ ਰਾਂਝਿਆ ਵੇ ਨਾਹੀਂ ਭਟ ਬਾਹਮਨ ਨਾ ਇਹ ਡੂਮ ਨਾਈ
ਇਸ਼ਕ ਭੇਤ ਗੁਝਾ ਕੁਦਰਤ ਰਬ ਦੀ ਦਾ ਜੀਦ੍ਹੇ ਲੇਖ ਲਿਖਿਆ ਝੋਲੀ ਵਣਜ ਪਾਈ
ਇਸ਼ਕ ਜੰਮਿਆ ਵਤਨ ਸਿਆਲੀਆਂ ਦੇ ਝੰਗ ਬਾਪ ਤੇ ਨਦੀ ਝਨਾਂ ਮਾਈ