ਪੰਨਾ:ਹੀਰ ਵਾਰਸਸ਼ਾਹ.pdf/6

ਇਹ ਸਫ਼ਾ ਪ੍ਰਮਾਣਿਤ ਹੈ

(੪)

ਭਾਬੀਆਂ ਨੇ ਰਾਂਝੇ ਨੂੰ ਤਾਹਨੇ ਮਾਰਨੇ

ਮੂੰਹ ਚੰਦ ਜੋ ਆਰਸੀ ਨਾਲ ਦੇਖਣ ਤਿਨ੍ਹਾਂ ਢੰਗ ਕੇਹਾ ਹੱਲ ਵਾਹੁਣਾ ਏਂ
ਤਨ ਪਾਲ ਕੇ ਚੋਪੜੇ ਪਟੇ ਜਿਨ੍ਹਾਂ ਕਿੱਸੇ ਰੰਨ ਕੀ ਓਹਨਾਂ ਨੂੰ ਚਾਹੁਨਾ ਏਂ
ਕਿਤੇ ਆਪ ਮੁਹਾਰਿਆਂ ਨਿਕਲ ਜਾਸੀ ਮੂੰਹੋਂ ਆਖਣਾ ਨਹੀਂ ਅਖਾਉਣਾ ਏਂ
ਕੋਈ ਡੰਗ ਲੰਘਾ ਲੈ ਪਿੰਡ ਸਾਡੇ ਗਲੋਂ ਅਸਾਂ ਭੀ ਕਿਵੇਂ ਚਾ ਲਾਹੁਣਾ ਏਂ
ਹੁਣ ਕੀ ਭੂਈਂ ਦੇ ਝੱਗੜੇ ਕਰੇ ਮੁੰਡਾ ਏਸ ਤੋੜ ਨਾ ਮੂਲ ਨਿਬਾਹੁਣਾ ਏਂ
ਦਿਹੇਂ ਵੰਝਲੀ ਵਾਹੇ ਤੇ ਰਾਤ ਗਾਵੇਂ ਅਸਾਂ ਮੂਲ ਨਾ ਏਹ ਵਿਆਹੁਣਾ ਏਂ
ਕੰਮ ਵਾਹੀ ਦੇ ਵਿੱਚ ਨਾ ਜ਼ਰਾ ਲੱਗੇ ਵਿਹਲੇ ਬੈਠਿਆਂ ਏਸ ਦਿਨ ਲਾਹੁਣਾ ਏਂ
ਦੁਨੀਆਂ ਦਾਰੀਆਂ ਦੇ ਝੇੜੇ ਉਮਰ ਦੇ ਨੀ ਦਿਨ ਚਾਰ ਨਾ ਏਸ ਨਿਬਾਹੁਣਾ ਏਂ
ਇਹਨੂੰ ਵੇਹਲਿਆਂ ਬਹਿਣ ਦੀ ਪਈ ਵਾਦੀ ਚਿੱਤ ਕੰਮ ਨੂੰ ਏਸ ਨਾ ਡਾਹੁਣਾ ਏਂ
ਗਲੀਆਂ ਵਿਹੜਿਆਂ ਵਿਚ ਲਟੋਰ ਭੌਂਦਾ ਕਿਸੇ ਵਰਜਨਾ ਨਹੀਂ ਤ੍ਰਾਹੁਣਾ ਏਂ
ਗੁੱਸੇ ਹੋਣ ਨੂੰ ਮੂਲ ਨਾ ਜਾਣਦਾ ਏ ਨ ਇਹ ਪਯਾਰ ਦੇ ਨਾਲ ਵਸ ਆਉਣਾ ਏਂ
ਵਾਰਸ ਸ਼ਾਹ ਕੀ ਜਾਣੀਏਂ ਇਹ ਨੱਢਾ ਕਿਸੇ ਰੋਜ਼ ਦਾ ਜਾਪੇ ਪ੍ਰਾਹੁਣਾ ਏਂ

ਰਾਂਝੇ ਦਾ ਹੱਲ ਵਾਹੁਣਾ

ਕਰ ਲਈ ਹਰਨਾਲੀ ਸੀ ਰਾਂਝਣੇ ਨੇ ਹੱਲ ਵਾਹੁਣ ਨੂੰ ਤੁਰਤ ਤਿਆਰ ਹੋਯਾ
ਵਿੱਚ ਜ਼ਿਮੀਂ ਦੇ ਜਾ ਕੇ ਹੱਲ ਜੁੱਤਾ ਨਾਲ ਧੁੱਪ ਦੇ ਬਹੁਤ ਲਾਚਾਰ ਹੋਯਾ
ਰੋ ਰੋ ਮਾਂ ਤੇ ਬਾਪ ਨੂੰ ਯਾਦ ਕਰਦਾ ਹਲ ਵਾਹੁਣ ਥੀਂ ਬਹੁਤ ਬੇਜ਼ਾਰ ਹੋਯਾ
ਖੁਸ਼ੀ ਨਾਲ ਸੀ ਖੇਡਦਾ ਦਿਨੇਂ ਰਾਤੀਂ ਫਿਰੇ ਦੈਰਿਆਂ ਵਿੱਚ ਬੇਕਾਰ ਹੋਯਾ
ਪੈ ਗਏ ਹੁਣ ਰੇੜਕੇ ਗਲੀਂ ਸਾਰੇ ਦੁੱਖ ਰੋਵਣੇ ਵਿੱਚ ਦਰਕਾਰ ਹੋਯਾ
ਵਾਰਸ ਮਾਂ ਤੇ ਬਾਪ ਦੇ ਨਾਲ ਖੁਸ਼ੀਆਂ ਰਲ ਭਾਈਆਂ ਨਾਲ ਖੁਆਰ ਹੋਯਾ

ਰਾਂਝੇ ਦਾ ਪਰੇਸ਼ਾਨ ਹੋਣਾ

ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ ਲਾਹ ਅਰਲੀਆਂ ਛਾਉਂ ਨੂੰ ਆਉਂਦਾ ਏ
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਿਖਾਉਂਦਾ ਏ
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਆਉਂਦਾ ਏ
ਭਾਬੀ ਆਖਿਆ ਲਾਡਲਾ ਬਾਪ ਦਾ ਸੈਂ ਅਤੇ ਖਰਾ ਪਿਆਰੜਾ ਮਾਉਂਦਾ ਏ
ਪਤਾ ਲਗੂ ਏ ਤੈਨੂੰ ਲਡਿੱਕਿਆ ਵੇ ਰੋਟੀ ਕਿਸ ਤਰ੍ਹਾਂ ਜੱਗ ਕਮਾਉਂਦਾ ਏ
ਤੈਨੂੰ ਵਿਹਲਿਆਂ ਬੈਠ ਕੇ ਨਾਲ ਮੌਜਾਂ ਲਹੂ ਦੂਇਆਂ ਦਾ ਚੂਸਣਾ ਆਉਂਦਾ ਏ
ਹੱਡ ਭੰਨ ਕੇ ਕੰਮ ਹੁਣ ਪਿਆ ਕਰਨਾ ਤਦੇ ਦਿੱਲ ਹੁਣ ਤੇਰਾ ਘਬਰਾਉਂਦਾ ਏ
ਰਾਤੀਂ ਦੁਖਾਂ ਦੇ ਨਾਲ ਨਾ ਨੀਂਦ ਪੈਂਦੀ ਦਿੱਨ ਰੋਵਣੇ ਨਾਲ ਵਿਹਾਉਂਦਾ ਏ