ਪੰਨਾ:ਹੀਰ ਵਾਰਸਸ਼ਾਹ.pdf/48

ਇਹ ਸਫ਼ਾ ਪ੍ਰਮਾਣਿਤ ਹੈ

(੪੨)

ਬਾਰਾਂ ਮਾਹ ਮਹੀਂ ਓਸ ਚਾਰੀਆਂ ਨੀ ਨਹੀਂ ਕੀਤੀ ਸੂ ਚੂੰ ਚਰਾ ਮੀਆਂ
ਹੱਕ ਖੋਹ ਕੇ ਚਾ ਜਵਾਬ ਦਿਤਾ ਮਹੀਂ ਛੱਡ ਕੇ ਘਰਾਂ ਨੂੰ ਜਾ ਮੀਆਂ
ਲੇਖਾ ਮੰਗਦਾ ਆਪਣੀ ਚਾਕਰੀ ਦਾ ਥੈਲੀ ਦੱਮਾਂ ਦੀ ਦੇਵਣੀ ਆ ਮੀਆਂ
ਪੈਰੀਂ ਲੱਗ ਕੇ ਜਾਹ ਮਨਾ ਉਹਨੂੰ ਆਹ ਫ਼ਕਰ ਦੀ ਬੁਰੀ ਪੈ ਜਾ ਮੀਆਂ
ਜਿਵੇਂ ਜਾਣਸੈਂ ਤਿਵੇਂ ਲਿਆ ਉਸ ਨੂੰ ਆਖੀਂ ਹੀਰ ਦਾ ਹੋ ਖੈਰ ਖਾਹ ਮੀਆਂ
ਆਖੀ ਹੀਰ ਤੇਰੇ ਬਿਨਾਂ ਰਹੇ ਨਾਹੀਂ ਚਲ ਓਸਦਾ ਦਿਲ ਪਰਚਾ ਮੀਆਂ
ਵਾਰਸਸ਼ਾਹ ਫਕੀਰ ਨੇ ਚੁੱਪ ਕੀਤੀ ਉਹਦੀ ਚੁਪ ਹੀ ਦੇਗੁ ਰੁੜ੍ਹਾ ਮੀਆਂ

ਕਲਾਮ ਚੂਚਕ

ਚੂਚਕ ਆਖਿਆ ਜਾ ਮਨਾ ਉਸ ਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏ
ਅੱਜ ਰੋਜ਼ ਦਾ ਕੁਝ ਵਿਸਾਹ ਨਾਹੀਂ ਨਾਲ ਖੁਸ਼ੀ ਦੇ ਵਕਤ ਲੰਘਾ ਲਈਏ
ਮਖਣ ਦਹੀਂ ਦੇਹ ਉਸ ਦੇ ਚੁਡਿਆਂ ਨੂੰ ਉਹਦੀ ਖੂੰਡੀ ਨੂੰ ਸੱਮ ਚੜ੍ਹਾ ਲਈਏ
ਪਟਕਾ ਚਿਕਨ ਦੋਜ਼ੀ ਹੱਥ ਛੈਲ ਛਲੇ ਨਾਲ ਵੰਝਲੀ ਰੰਗ ਰੰਗਾ ਲਈਏ
ਏਸ ਜਗ ਮਕਾਰ ਦਾ ਕੰਮ ਏਹੋ ਕਾਈ ਮਕਰ ਫਰੇਬ ਬਣਾ ਲਈਏ
ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ ਸਭ ਟਹਿਲ ਟਕੋਰ ਕਰਾ ਲਈਏ
ਜਦੋਂ ਹੀਰ ਡੋਲੀ ਪਾ ਤੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦਈਏ
ਵਾਰਸਸ਼ਾਹ ਅਸੀਂ ਜੱਟ ਸਦਾ ਖੋਟੇ ਇੱਕ ਜੱਟਕਾ ਫੰਦ ਵੀ ਲਾ ਲਈਏ

ਮਲਕੀ ਦਾ ਰਾਂਝੇ ਨੂੰ ਲਭਣਾ

ਮਲਕੀ ਜਾਂ ਵਿਹੜੇ ਵਿਚ ਪੁਛਦੀ ਏ ਜਿਹੜਾ ਵਿਹੜਾ ਸੀ ਭਾਈਆਂ ਭਾਵਿਆਂ ਦਾ
ਸਾਡੇ ਮਾਹੀ ਦੀ ਖਬਰ ਹੈ ਕਿਤੇ ਅੜੀਓ ਕਿਧਰ ਮਾਰਿਆ ਗਿਆ ਪਛਤਾਵਿਆਂ ਦਾ
ਜ਼ਰਾ ਹੀਰ ਕੁੜੀ ਓਨੂੰ ਸਦਦੀ ਏ ਰੰਗ ਧੋਵੇ ਪਲੰਘ ਦਿਆਂ ਪਾਵਿਆਂ ਦਾ
ਮਲਕੀ ਨਾਲ ਨਾ ਬੋਲਿਆ ਮੀਆਂ ਰਾਂਝਾ ਜਿਵੇਂ ਚੋਰ ਨੂੰ ਖੌਫ਼ ਕੜਾਵਿਆਂ ਦਾ
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ ਇਹ ਬੈਠਾ ਸਰਦਾਰ ਨਿਥਾਵਿਆਂ ਦਾ
ਖੇਤ ਵਾਲਿਆਂ ਖੇਤ ਸੰਭਾਲ ਲਿਆ ਕੀ ਜ਼ੋਰ ਹੈ ਕੋਰਿਆਂ ਲਾਵਿਆਂ ਦਾ
ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆ ਬਾਵਿਆਂ ਦਾ
ਵਾਰਸਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ ਉਭੇ ਸਾਹ ਲੈਂਦਾ ਮਾਰੇ ਹਾਵਿਆਂ ਦਾ

ਮਲਕੀ ਦਾ ਰਾਂਝੇ ਨੂੰ ਦਲਾਸਾ ਦੇਣਾ

ਮਲਕੀ ਆਖਦੀ ਲੜਿਓ ਜੇ ਨਾਲ ਚੂਚਕ ਕੋਈ ਸੁਖਨ ਨ ਜੀਉ ਤੇ ਲਾਉਣਾ ਈਂ
ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ ਤੁਸਾਂ ਖੱਟਨਾ ਤੇ ਅਸੀਂ ਖਾਉਣਾ ਈਂ
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਮਾਲ ਸਾਂਭ ਰਾਤੀਂ ਘਰੀਂ ਆਉਣਾ ਈਂ