ਪੰਨਾ:ਹੀਰ ਵਾਰਸਸ਼ਾਹ.pdf/39

ਇਹ ਸਫ਼ਾ ਪ੍ਰਮਾਣਿਤ ਹੈ

(੩੩)

ਵਾਰਸਸ਼ਾਹ ਤਿਨ੍ਹਾੰ ਪੂਰੀ ਨਾਂਹ ਪੈਂਦੀ ਜਿਨ੍ਹਾਂ ਮਾਪਿਆਂ ਦੀ ਜਿੰਦ ਜਾਨ ਤਾਈ

ਜਵਾਬ ਹੀਰ

ਸੁਣ ਮਲਕੀਏ ਅੰਬੜੀਏ ਮੇਰੀਏ ਨੀ ਜਿਚਰ ਜਾਨ ਰੰਝੇਟੇ ਤੋਂ ਨਾਂਹ ਟਲਸਾਂ
ਭਾਵੇਂ ਵੱਢਕੇ ਡੱਕਰੇ ਕਰਨ ਮੇਰੇ ਜ਼ਿਬ੍ਹਾ ਕਰਬਲਾ ਹੋ ਸ਼ਹੀਦ ਮਰਸਾਂ
ਆਸ਼ਕ ਹੋਏ ਜੋ ਇਸ਼ਕ ਦੇ ਵਿੱਚ ਸਾਬਤ ਜੇਕਰ ਰੱਬ ਮੇਲੇ ਉਨ੍ਹਾਂ ਨਾਲ ਮਿਲਸਾਂ
ਵਾਰਸਸ਼ਾਹ ਜੇ ਜੀਉਂਦੀ ਮਰਾਂਗੀ ਮੈਂ ਲੇਲੀ ਮੱਜਨੂੰ ਦੇ ਨਾਲ ਜਾ ਰਲਸਾਂ

ਮਲਕੀ ਦਾ ਗੁੱਸਾ

ਮਲਕੀ ਆਖਦੀ ਭੈੜੀਏ ਤੱਤੀਏ ਨੀ ਗੱਲਾਂ ਛੱਡ ਇਹ ਭੈੜੀਆਂ ਵਾਦੀਆਂ ਨੀ
ਕੱਤਨ ਤੁਮਣ ਦੀ ਨਹੀਂ ਹੈ ਚਾਹ ਤੈਨੂੰ ਅਸਾਂ ਪੱਕੀਆਂ ਤੇ ਤੁਸਾਂ ਖਾਧੀਆਂ ਨੀ
ਚੂਰੀ ਕੁੱਟ ਕੇ ਉਠ ਕੇ ਨਿੱਤ ਬੇਲੇ ਜਾਵੇਂ ਰਾਂਝੇ ਦੇ ਪਾਸ ਜੋ ਵਾਦੀਆਂ ਨੀ
ਧੀਆਂ ਹੋ ਨਾ ਜੇੜ੍ਹੀਆਂ ਲਗਣ ਆਖੇ ਜਾਣੋ ਧੀਆਂ ਨਾ ਉਹ ਮਾਲਜ਼ਾਦੀਆਂ ਨੀ
ਫੁੱਲ ਬੀਜਿਆ ਸੀ ਕੰਢੇ ਉੱਗ ਪਏ ਵਾਹ ਵਾਹ ਇਹ ਕਿਸਮਤਾਂ ਸਾਡੀਆਂ ਨੀ
ਵਾਰਸ਼ਸ਼ਾਹ ਨਾ ਅੱਛੀਆਂ ਲਗਦੀਆਂ ਨੀ ਸਾਨੂੰ ਇਹ ਜੋ ਤੇਰੀਆਂ ਵਾਦੀਆਂ ਨੀ

ਆਉਣਾ ਹੀਰ ਦਾ ਘੜੀ ਮੁੜੀ ਰਾਂਝੇ ਪਾਸ

ਚੋਰੀ ਮਾਉਂ ਤੋਂ ਉੱਠ ਕੇ ਕਿਸੇ ਵੇਲੇ ਹੀਰ ਰਾਂਝੇ ਦੇ ਪਾਸ ਭੀ ਆਉਂਦੀ ਏ
ਕਿਸੇ ਵਕਤ ਬੇ ਵਕਤ ਭੀ ਹੀਰ ਜੱਟੀ ਛੰਨਾ ਚੂਰੀ ਦਾ ਕੁੱਟ ਲੈ ਜਾਉਂਦੀ ਏ
ਰਹਿਣਾ ਕੌਲ ਇਕਰਾਰ ਤੇ ਤੁਸਾਂ ਸਾਬਤ ਨਾਲ ਆਜਜ਼ੀ ਆਖ ਸੁਣਾਉਂਦੀ ਏ
ਵਾਰਸਸ਼ਾਹ ਮੀਆਂ ਜੇੜ੍ਹਾ ਕੌਲ ਕੀਤੋ ਉਹੋ ਗੱਲ ਸਾਨੂੰ ਭੱਲੀ ਭਾਉਂਦੀ ਏ

ਜ਼ਿਕਰ ਕੈਦੋ

ਕੈਦੋ ਲੰਙਾ ਚਾਚਾ ਜਿਹੜਾ ਹੀਰ ਸੰਦਾ ਉਹਦਾ ਤੌਰ ਬੁਰਾ ਦਿਸ ਆਉਂਦਾ ਏ
ਦਾਓ ਤੱਕਦਾ ਖੜਾ ਓਹ ਵੇਖਦਾ ਸੀ ਵਾਂਗ ਸ਼ੋਹਦਿਆਂ ਫੇਰੀਆਂ ਪਾਉਂਦਾ ਏ
ਚੂਚਕ ਮਲਕੀ ਨੂੰ ਰਾਤ ਦਿਨ ਮੱਤ ਦਿੰਦਾ ਨੱਢੀ ਮਾਰਕੇ ਨਹੀਂ ਸਮਝਾਉਂਦਾ ਏ
ਨੱਢੀ ਨਾਲ ਰਾਂਝੇ ਫਿਰੇ ਵਿੱਚ ਬੇਲੇ ਕੈਦੋ ਸਿਰੋ ਸਿਰ ਪਿਆ ਕੁਰਲਾਉਂਦਾ ਏ
ਕਰਸੀ ਵਿੱਚ ਸੰਸਾਰ ਖੁਆਰ ਸਾਰੇ ਮਾਹੀ ਮਹੀਂ ਦਾ ਮੂਲ ਨਾ ਭਾਉਂਦਾ ਏ
ਮਕਸੂਦ ਵਰ ਆਯਾ ਈ ਮੀਆਂ ਵਾਰਸ ਜੇੜ੍ਹੀ ਗਲ ਨੂੰ ਨਿਤ ਖਪਾਉਂਦਾ ਏ

ਤਥਾ

ਕੈਦੋ ਢੂੰਡਦਾ ਖੋਜ ਨੂੰ ਫਿਰੇ ਭੌਦਾ ਬਾਸ ਚੂਰੀ ਦੀ ਬੇਲਿਓਂ ਆਉਂਦੀ ਏ
ਮਗਰ ਲੱਗਕੇ ਹੀਰ ਦੇ ਉੱਠ ਤੁਰਿਆ ਜਿਸ ਰਾਹ ਰਾਂਝੇ ਵਲ ਜਾਉਂਦੀ ਏ
ਸਭ ਫੱਬ ਗਈ ਗੱਲ ਲੰਗੜੇ ਦੀ ਜਿੱਸ ਗੱਲ ਨੂੰ ਹੀਰ ਕੁਰਲਾਉਂਦੀ ਏ