ਪੰਨਾ:ਹੀਰ ਵਾਰਸਸ਼ਾਹ.pdf/38

ਇਹ ਸਫ਼ਾ ਪ੍ਰਮਾਣਿਤ ਹੈ

(੩੨)

ਦੂਜੀ ਦੁਸ਼ਮਣਾਂ ਵਿਚ ਹੈ ਵਾਸ ਸਾਡਾ ਸਾਬਰ ਹੋਇਕੇ ਦੁਖਾਂ ਨੂੰ ਚਾ ਜਰਨਾ
ਏਸ ਇਸ਼ਕ ਦੇ ਬਹਿਰ ਦੀ ਲਹਿਰ ਮਾਰੂ ਇੱਕੇ ਲੁੜ੍ਹ ਜਾਸੀ ਇੱਕੇ ਡੁੱਬ ਮਰਨਾ
ਦੂਜਾ ਕੈਦੋ ਹੈ ਸ਼ਕਲ ਸ਼ੈਤਾਨ ਦੀ ਜੀ ਚਾਚਾ ਹੁੰਦਿਆਂ ਓਸ ਨਾ ਫਰਕ ਕਰਨਾ
ਬੇੜਾ ਆਸ਼ਕਾਂ ਦਾ ਅੰਤ ਪਾਰ ਲਗਸੀ ਸੱਚ ਸਾਬਤੀ ਦਾ ਤੁਸਾਂ ਕਦਮ ਧਰਨਾ
ਏਸ ਇਸ਼ਕ ਦੇ ਖੇਤ ਦੀ ਕਾਰ ਏਹਾ ਨਾਲ ਤੁਹਮਤਾਂ ਮਾਮਲਾ ਪਿਆ ਭਰਨਾ
ਖਲਕਤ ਜੱਗ ਉਲਾਂਭੜੇ ਬਹੁਤ ਦੇਸੀ ਨਹੀਂ ਅਹਿਮਕਾਂ ਥੀਂ ਕੁੱਝ ਹੋਰ ਸਰਨਾ
ਦੇਣਾ ਜਾਣਕੇ ਸੀਸ ਵਿੱਚ ਉੱਖਲੀ ਦੇ ਅਤੇ ਧਸ਼ਕਲਾਂ ਤੋਂ ਫੇਰ ਕੇਹਾ ਡਰਨਾ
ਮੀਆਂ ਰਾਂਝਣਾ ਕੂੜ ਏਹ ਦੂਰ ਹੋਸੀ ਅੰਤ ਸੱਚ ਦਾ ਸੱਚ ਹੀ ਆ ਤਰਨਾ
ਜਾਨ ਸੋਈ ਮਹਿਬੂਬ ਤੋਂ ਫਿਦਾ ਹੋਵੇ ਨਹੀਂ ਆਕਬਤ ਨੂੰ ਇਕ ਰੋਜ ਮਰਨਾ
ਜਾਹਲ ਆਸ਼ਕਾਂ ਨੂੰ ਐਵੇਂ ਦੇਣ ਤਾਨ੍ਹੇ ਜਿਵੇਂ ਕਲਬ ਕਮਲੇ ਲਗੇ ਮਗਰ ਹਰਨਾ
ਵਾਰਸਸ਼ਾਹ ਇਕ ਰਬ ਦੀ ਮਿਹਰ ਬਾਝੋਂ ਨਹੀਂ ਆਸ਼ਕਾਂ ਆਸਰਾ ਹੋਰ ਧਰਨਾ

ਮਕੂਲਾ

ਛੰਨਾ ਚੂਰੀ ਦਾ ਕੁੱਟ ਕੇ ਹੀਰ ਜੱਟੀ ਮੀਏਂ ਰਾਂਝੇ ਨੂੰ ਤੁਰਤ ਪੁਚਾਉਂਦੀ ਸੀ
ਕਰਕੇ ਕਸਮ ਸੁਗੰਧ ਤੇ ਕੌਲ ਸੱਚਾ ਮੁੜਕੇ ਘਰਾਂ ਦੀ ਵੱਲ ਉਹ ਆਉਂਦੀ ਸੀ
ਕਤਣ ਤੁੰਮਣਾ ਛਡਿਆ ਹੀਰ ਜੱਟੀ ਹਰ ਵਕਤ ਰੰਝੇਟੇ ਦੇ ਜਾਉਂਦੀ ਸੀ
ਲੋਈ ਸ਼ਰਮ ਦੀ ਲਾਹਕੇ ਸਣੇ ਸਈਆਂ ਨਾਲ ਸ਼ੌਕ ਦੇ ਗਲੇ ਲਗਾਉਂਦੀ ਸੀ
ਖਲਕ ਦੇਖਕੇ ਓਸਦੀ ਚਾਲ ਭੈੜੀ ਪੰਜੇ ਉਂਗਲਾਂ ਮੂੰਹ ਵਿੱਚ ਪਾਉਂਦੀ ਸੀ
ਵਾਰਸਸ਼ਾਹ ਵਿੱਚ ਦੋਜਖਾਂ ਸਾੜਨੀਗੇ ਬੁਰੇ ਅਮਲਾਂ ਨੂੰ ਸ਼ਰਹ ਫੁਰਮਾਉਂਦੀ ਸੀ

ਮਾਂ ਹੀਰ ਨੂੰ ਸਮਝਾਉਂਦੀ ਹੈ

ਨਸ਼ਰ ਹੋਈ ਇਹ ਗਲ ਵਿਚ ਝੰਗ ਸਾਰੇ ਹੀਰ ਦੋਸਤੀ ਚਾਕ ਦੇ ਨਾਲ ਲਾਈ
ਬੇਲੇ ਵੰਞਦੀ ਯਾਦ ਹੰਢਾਵਣੇ ਨੂੰ ਮੂੰਹੋਂ ਸ਼ਰਮ ਹਯਾ ਦੀ ਲੱਜ ਲਾਹੀ
ਘਰ ਆਉਂਦੀ ਰਾਂਝੇ ਤੋਂ ਵਿਦਾ ਹੋਕੇ ਮਾਉਂ ਆਖਦੀ ਕਰੀਂ ਹਯਾ ਕਾਈ
ਮੈਨੂੰ ਸਾੜਿਆਂ ਲੋਕਾਂ ਦੇ ਤਾਨ੍ਹਿਆਂ ਨੇ ਬੁਰੇ ਲੇਖ ਸਾਡੇ ਘਰ ਹੀਰ ਜਾਈ
ਮਾਰ ਡੱਕਰੇ ਕਰਨਗੇ ਵੱਢ ਤੇਰੇ ਚੂਚਕ ਬਾਪ ਤੇਰਾ ਤੇ ਸੁਲਤਾਨ ਭਾਈ
ਆ ਡਾਰੀਏ ਤੇ ਚੈਂਚਲ ਹਾਰੀਏ ਨੀ ਸਿਰ ਸਾਡੜੇ ਵਿੱਚ ਤੂੰ ਖਾਕ ਪਾਈ
ਮੁੱੜ ਜਾਹ ਰੰਝੇਟੇ ਤੋਂ ਡਾਰੀਏ ਨੀ ਟੱਲ ਜਾਹ ਆਖੇ ਮੇਰੇ ਲੱਗ ਜਾਈ
ਪਈ ਮਾਉਂ ਸਮਝਾਂਵਦੀ ਹੀਰ ਤਾਈਂ ਕਿਉਂ ਚਾਕ ਦੇ ਨਾਲ ਪਰੀਤ ਲਾਈ
ਸਾਡੀ ਗਲ ਦੀ ਲੋਕ ਵਿਚਾਰ ਕਰਦੇ ਵਿੱਚ ਝੰਗ ਸਿਆਲਾਂ ਤੇ ਭੈਣ ਭਾਈ