ਪੰਨਾ:ਹੀਰ ਵਾਰਸਸ਼ਾਹ.pdf/353

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੫)

ਸਾਨੂੰ ਸ਼ਰਮ ਈਮਾਨ ਦਾ ਖੌਫ ਰਹਿੰਦਾ ਜਿਵੇਂ ਮੂਸਾ ਨੂੰ ਖੌਫ਼ ਕੌਹਤੂਰ ਦਾ ਏ
ਇਨ੍ਹਾਂ ਗਾਜੀਆਂ ਕਰਮ ਬਹਿਸ਼ਤ ਹੋਵੇ ਤੇ ਸ਼ਹੀਦਾਂ ਨੂੰ ਜਿਉਂ ਦਾਹਵਾ ਹੂਰ ਦਾ ਏ
ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ ਜਿਵੇਂ ਢੋਲ ਸੁਹਾਉਂਦਾ ਦੂਰ ਦਾ ਏ
ਇਜ਼ਤ ਆਬਰੂ ਨਾਲ ਤੂੰ ਬਖਸ਼ ਈਮਾਂ ਸਾਨੂੰ ਆਸਰਾ ਰੱਬ ਗਫ਼ੂਰ ਦਾ ਏ
ਵਾਰਸਸ਼ਾਹ ਨਾ ਅਮਲ ਦੀ ਰਾਸ ਮੈਥੇ ਤਕਵਾ ਬਖਸ਼ਿਆ ਆਪ ਹਜ਼ੂਰ ਦਾ ਏ
ਵਾਰਸਸ਼ਾਹ ਵਸਨੀਕ ਜੰਡਿਆਲੇ ਦਾ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਏ
ਕਿੱਸਾ ਲਿਖ ਕੇ ਜਾ ਉਸਤਾਦ ਅੱਗੇ ਢੋਇਆ ਰਖਿਆ ਨਜ਼ਰ ਮਨਜ਼ੂਰ ਦਾ ਏ
ਸਾਹਿਬ ਹੱਥ ਵਡਿਆਈਆਂ ਸਾਰੀਆਂ ਨੀ ਕੋਈ ਉਜਰ ਨਾ ਏਸ ਮਜੂਰ ਦਾ ਏ
ਸ਼ਕਰ ਗੰਜ ਮਸਊਦ ਦੀ ਨਾਲ ਮੱਦਦ ਖਲਾ ਫੈਜ਼ ਇਹ ਫੈਜ਼ ਗੰਜੂਰ ਦਾ ਏ
ਵਾਰਸਸ਼ਾਹ ਹੋਵੇ ਰੌਸ਼ਨ ਨਾਮ ਤੇਰਾ ਕਰਮ ਹੋਵੇ ਜੇ ਰੱਬ ਸ਼ਕੂਰ ਦਾ ਏ
ਵਾਰਸਸ਼ਾਹ ਦੀ ਆਜਜ਼ੀ ਮੰਨ ਸਾਂਈਆਂ ਦੁਖ ਦਰਦ ਗਵਾ ਰੰਜੂਰ ਦਾ ਏ
ਵਾਰਸਸ਼ਾਹ ਤੈੈਂ ਜੁਮਲਿਆਂ ਮੋਮਨਾਂ ਨੂੰ ਹਿੱਸਾ ਬਖਸ਼ਿਆ ਆਪਣੇ ਨੂਰ ਦਾ ਏ

ਤਥਾ

ਤੇਰੇ ਨਾਮ ਦੇ ਆਸਰੇ ਨਾਲ ਜੀਵਾਂ ਰੱਬਾ ਇਹੋ ਹੈ ਨਿਤ ਸਵਾਲ ਮੇਰਾ
ਟੋਰੀਂ ਨਾਲ ਈਮਾਨ ਸਲਾਮਤੀ ਦੇ ਹੋਵੇ ਖੁਆਰ ਨਾ ਹਾਲ ਅਹਿਵਾਲ ਮੇਰਾ
ਆਪਣੇ ਜ਼ੌਕ ਤੇ ਸ਼ੌਕ ਦਾ ਚਾ ਰੱਖੀਂ ਗਲੋਂ ਗਮਾਂ ਦਾ ਲਾਹ ਜੰਜਾਲ ਮੇਰਾ
ਪੜ੍ਹੇ ਸੁਣੇ ਲਿੱਖੇ ਸੋਈ ਖੁਸ਼ੀ ਥੀਵੇ ਹੋਵੇ ਸੁਖ਼ਨ ਕਬੂਲ ਬੇਤਾਲ ਮੇਰਾ
ਮੇਰਾ ਨਬੀ ਸ਼ਰੀਹ ਨਿਗ੍ਹਾਬਾਨ ਹੋਵੇ ਮਾਜ਼ੀ ਹਾਲ ਤੇ ਜੋ ਇਸਤਕਬਾਲ ਮੇਰਾ
ਵਾਰਸਸ਼ਾਹ ਫਕੀਰ ਦੇ ਐਬ ਕੱਜੀਂ ਤੂੰਹੇੇਂ ਕਾਦਰਾ ਜ਼ੁੱਲ ਜਲਾਲ ਮੇਰਾ

ਕਿਤਾਬ ਦਾ ਖ਼ਤਮ ਹੋਣਾ

ਖ਼ਤਮ ਰੱਬ ਦੇ ਕਰਮ ਦੇ ਨਾਲ ਹੋਈ ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ
ਗਲ ਸੋਹਣੀ ਆਸ਼ਕਾਂ ਸੱਚਿਆਂ ਦੀ ਖੁਸ਼ਬੂ ਗੁਲਾਬ ਗੁਲਜ਼ਾਰ ਦੀ ਸੀ
ਜੇ ਕੋਈ ਸੁਣੇ ਪਰੀਤ ਦੇ ਨਾਲ ਬਹਿਕੇ ਵਿਚੋਂ ਕੂੜ ਦਿਓਂ ਸੱਚ ਨਿਤਾਰ ਦੀ ਸੀ
ਐਸਾ ਸ਼ੇਅਰ ਕੀਤਾ ਪੁੱਰ ਮਗਜ਼ ਮੌਜ਼ੂ ਜਿਹੀ ਮੋਤੀਆਂ ਲੜੀ ਸ਼ਾਹਵਾਰ ਦੀ ਸੀ
ਕੁੱਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ ਰੰਗ ਰੰਗ ਦੀ ਖ਼ੂਬ ਬਹਾਰ ਦੀ ਸੀ
ਤਮਸੀਲ ਦੇ ਨਾਲ ਬਿਆਨ ਕੀਤਾ ਜਿਹੀ ਜ਼ੀਨਤ ਲਾਲ ਦੇ ਹਾਰ ਦੀ ਸੀ
ਜੋ ਕੋਈ ਪੜ੍ਹੇ ਸੋ ਬਹੁਤ ਖੁਰਸ਼ੰਦ ਹੋਵੇ ਵਾਹ ਵਾਹ ਸਭ ਖਲਕ ਪੁਕਾਰ ਦੀ ਸੀ
ਵਾਰਸਸ਼ਾਹ ਨੂੰ ਸਿੱਕ ਦੀਦਾਰ ਦੀ ਸੀ ਜਿਹੀ ਹੀਰ ਨੂੰ ਭਟਕਨਾ ਯਾਰ ਦੀ ਸੀ