ਪੰਨਾ:ਹੀਰ ਵਾਰਸਸ਼ਾਹ.pdf/332

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੪)

ਹਾਬੀਲ ਕਾਬੀਲ ਦੇ ਜੰਗ ਹੋਏ ਛੱਡ ਗਏ ਨੀ ਕੁਤਬ ਟਿਕਾਣਿਆਂ ਨੂੰ
ਖ੍ਵਾਰਸ਼ ਹੱਕ ਦੀ ਕਲਮ ਤਕਦੀਰ ਵੱਗੀ ਮੋੜੇ ਕੌਣ ਅਲਾਹ ਦੇ ਭਾਣਿਆਂ ਨੂੰ
ਸੁੱਤੇ ਸੋਈ ਵਗੁੱਤੜੇ ਮਹਿਰ ਵਾਂਗੂੰ ਗ਼ਾਲਬ ਨੀਂਦ ਹੈ ਦੇਵ ਰੰਜਾਣਿਆਂ ਨੂੰ
ਰਾਂਝੇ ਹੀਰ ਨੂੰ ਬੰਨ੍ਹ ਲੈ ਟੁਰੇ ਖੇੜੇ ਦੋਵੇਂ ਰੋਂਦੇ ਨੀ ਵਕਤ ਵਿਹਾਣਿਆਂ ਨੂੰ
ਨੀਂਦ ਫਜ਼ਰ ਦੀ ਕਜ਼ਾ ਨਮਾਜ਼ ਕਰਦੀ ਸਅਤਾਬ ਦੇ ਤੰਬੂਆਂ ਤਾਣਿਆਂ ਨੂੰ
ਨੀਂਦ ਨਾਲ ਜ਼ੁਲੈਖਾਂ ਦੇ ਕਿਹੀ ਕੀਤੀ ਖਬਰਾਂ ਪੁੱਛੀਏ ਦਰਦ ਰੰਜਾਣਿਆਂ ਨੂੰ
ਨੀਂਦ ਵੇਖ ਜੋ ਸੱਸੀ ਨੂੰ ਵਖਤ ਪਾਯਾ ਫਿਰੇ ਢੂੰਡਦੀ ਯਾਰ ਦੇ ਵਾਹਣਿਆਂ ਨੂੰ
ਨੀਂਦ ਮਿਰਜੇ ਦਾ ਸੀਸ ਕਟਾ ਦਿੱਤਾ ਘੱਤ ਕਖਾਂ ਦੇ ਵਿੱਚ ਫੁਕਾਣਿਆਂ ਨੂੰ
ਮਾਰੇ ਨੀਂਦਰਾਂ ਦੇ ਨਹੀਂ ਤਾਬ ਆਈ ਰਹੀਆਂ ਹਸਰਤਾਂ ਨੀਂਦ ਸਤਾਣਿਆਂ ਨੂੰ
ਇਨ੍ਹਾਂ ਵੇਲਿਆਂ ਨੂੰ ਪਿਛੋਂ ਯਾਦ ਕਰਸੈਂ ਜੱਟੀ ਹੀਰ ਦੇ ਸੁਖਨ ਅਲਾਣਿਆਂ ਨੂੰ
ਕਹੇ ਤੱਤੜੇ ਵਕਤ ਸੀ ਨਿਹੁੁੰ ਲਗਾ ਅਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ
ਸਾਢੇ ਤਿੰਨ ਹਥ ਜ਼ਿਮੀਂ ਹੈ ਮੁਲ ਤੇਰਾ ਵਾਰਸਸ਼ਾਹ ਕਿਉਂ ਵਲੇੇਂ ਵਲਾਣਿਆਂ ਨੂੰ

ਕਲਾਮ ਹੀਰ ਦੀ ਜੋਗੀ ਨਾਲ

ਵਕਤ ਸੌਣ ਦਾ ਨਹੀਂ ਸੀ ਹੀਰ ਵਾਰੀ ਜੋਰਾਵਰੀ ਤੂੰ ਮੁਖ ਲਪੇਟਿਆ ਵੇ
ਹਾਏ ਹਾਏ ਮੁੱਠੀ ਮੱਤ ਨਾ ਲਈਆ ਦਿੱਤੀ ਅਕਲ ਹਜ਼ਾਰ ਜੋਗੇਟਿਆ ਵੇ
ਵੱਸ ਪਿਓਂ ਤੂੰ ਵੈਰੀਆਂ ਡਾਢਿਆਂ ਦੇ ਕੀ ਵਾਹ ਹੈ ਮੁਸ਼ਕ ਲਪੇਟਿਆ ਵੇ
ਪਿੰਡਾ ਚਾਬਕਾਂ ਨਾਲ ਉਧੇੜ ਦੇਸਣ ਮੀਆਂ ਰਾਂਝਿਆ ਹੁਸਨ ਵਲ੍ਹੇਟਿਆ ਵੇ
ਖਲੀ ਬਾਂਹ ਕਰਕੇ ਹੀਰ ਆਖਦੀ ਏ ਮੇਰੇ ਵੱਸ ਨਾ ਕੁਝ ਗਮਰੇਟਿਆ ਵੇ
ਜੇੜ੍ਹਾ ਖਿੰਡਿਆ ਵਿੱਚ ਜਹਾਨ ਸਾਰੇ ਨਹੀਂ ਜਾਵਣਾ ਮੂਲ ਸਮੇਟਿਆ ਵੇ
ਰੋਜ਼ ਹਸ਼ਰ ਦੇ ਸੱਭ ਹਿਸਾਬ ਹੋਸੀ ਤੇਰੇ ਨਾਲ ਹੀ ਮੀਆਂ ਰੰਝੇਟਿਆ ਵੇ
ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ
ਮੈਂ ਆਖਨੀ ਹਾਂ ਉੱਠ ਜਾਹ ਝਬਦੇ ਏਥੇ ਕਾਸਨੂੰ ਜ਼ਿਮੀਂ ਤੇ ਲੇਟਿਆ ਵੇ
ਦੇਸ ਵੈਰੀਆਂ ਦੇ ਵਿੱਚ ਘੂਕ ਸੁੱਤੋਂ ਕੀਤੀ ਸੂਰਤ ਨਾ ਹੋਸ਼ ਸਲੇਟਿਆ ਵੇ
ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ ਖੜੀ ਬਾਂਹ ਕਰ ਕੂਕ ਸੁਖਰੇਟਿਆ ਵੇ
ਵੇਲਾ ਬੀਤਿਆ ਹੱਥ ਨਾ ਆਉਂਦਾ ਏ ਮੀਆਂ ਰਾਂਝਿਆ ਸਮਝ ਬਠੇਟਿਆ ਵੇ
ਅਸਰ ਸੁਹਬਤਾਂ ਦੇ ਕੱਰ ਜਾਣ ਗਲਬਾ ਜਾਹ ਰਾਜੇ ਦੇ ਪਾਸ ਜਟੇਟਿਆ ਵੇ
ਚਾਂਦੀ ਕਲੀ ਤੇ ਤਾਂਬਿਉਂ ਹੋਵੇ ਸੋਨਾ ਛੁੱਟਾ ਕੀਮੀਆਂ ਦੇ ਨਾਲ ਫੇਟਿਆ ਵੇ
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦੀ ਗੱਧਾ ਜਰੀ ਦੇ ਨਾਲ ਲਪੇਟਿਆ ਵੇ