ਪੰਨਾ:ਹੀਰ ਵਾਰਸਸ਼ਾਹ.pdf/326

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੮)

ਮੇਰੇ ਹੱਥ ਫੜਾਇ ਦੀ ਲਾਜ ਰੱਖੀਂ ਤੇਰਾ ਅਸਾਂ ਨੇ ਕੰਮ ਤਮਾਮ ਕੀਤਾ
ਵਾਰਸਸ਼ਾਹ ਜਿਤ ਵਲ ਮਿਹਰਬਾਨ ਹੋਵੇ ਓਥੇ ਖਲਕ ਨੇ ਆਇ ਕਿਆਮ ਕੀਤਾ

ਸਹਿਤੀ ਵਾਸਤੇ ਜੋਗੀ ਨੇ ਦੁਆਮੰਗਣੀ ਅਤੇ ਮੁਰਾਦ ਬਲੋਚ ਨੇ ਆਉਣਾ

ਰਾਂਝੇ ਹੱਥ ਉਠਾਇ ਦੁਆ ਮੰਗੀ ਰੱਬਾ ਮੇਲਣਾ ਯਾਰ ਗਵਾਰਨੀ ਦਾ
ਏਸ ਹੁੱਬ ਦੇ ਨਾਲ ਹੈ ਕੰਮ ਕੀਤਾ ਬੇੜਾ ਪਾਰ ਕਰਨਾ ਕੰਮਸਾਰਨੀ ਦਾ
ਇਹ ਤਾਂ ਜੱਗ ਦੇ ਵਿੱਚ ਖੁਆਰ ਹੋਈ ਪਰਦਾ ਢੱਕਣਾ ਏਸ ਖੁਆਰਨੀ ਦਾ
ਏਸ ਆਣ ਬੇਚਾਰੀ ਨੇ ਯਾਰ ਮੇਲੇ ਮੇਲੀਂ ਯਾਰ ਤੂੰ ਏਸ ਬਿਚਾਰਨੀ ਦਾ
ਰੱਬਾ ਮੇਹਰ ਦੇ ਨਾਲ ਤੂੰ ਯਾਰ ਬਖਸੀਂ ਏਸ ਬਾਲੜੀ ਕੰਮ ਸਵਾਰਨੀ ਦਾ
ਢਿਲ ਵਿੱਚ ਨਾ ਘੱਤਨਾ ਕੰਮ ਸਾਈਆਂ ਸਹਿਤੀ ਇਸ਼ਕ ਤੇ ਮੁਸ਼ਕ ਨਿਤਾਰਨੀ ਦਾ
ਪੰਜਾਂ ਪੀਰਾਂ ਦੀ ਤੁਰਤ ਅਵਾਜ਼ ਹੋਈ ਰੱਬਾ ਯਾਰ ਮੇਲੀਂ ਇਸ ਯਾਰਨੀ ਦਾ
ਪਿਆ ਵਿੱਚ ਘੁੰਮਣ ਕੰਢੀ ਦੂਰ ਜਾਪੇ ਬੁਲਾ ਭੇਜ ਸਰਸਰ ਬੇੜੇ ਤਾਰਨੀ ਦਾ
ਤੇਰੇ ਕਰਮ ਕੋਲੋਂ ਨਹੀਂ ਦੂਰ ਅੱਲਾ ਆਵੇ ਝੱਬ ਦਿਲਦਾਰ ਦਿਲਦਾਰਨੀ ਦਾ
ਫ਼ਜ਼ਲ ਰੱਬ ਕੀਤਾ ਯਾਰ ਆਣ ਮਿਲਿਆ ਵਾਰਸਸ਼ਾਹ ਮੁਰਾਦ ਪੁਕਾਰਨੀ ਦਾ

ਕਲਾਮ ਸ਼ਾਹ ਮੁਰਾਦ ਤੇ ਸਹਿਤੀ ਅਰ ਦੁਆ ਰਾਂਝਾ

ਪੀੜ ਹੂਰ ਦੁਲਦੁਲ ਸੰਦੀ ਭੈਣ ਡਾਚੀ ਆ ਵੇਖ ਲੈ ਝਟ ਕਰ ਲਾੜੀਏ ਨੀ
ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ ਉੱਤੋਂ ਬੋਲਿਆ ਸਾਈਂ ਸਵਾਰੀਏ ਨੀ
ਜਾਦੂ ਮਿਹਰ ਇਕੇ ਕਰਾਮਾਤ ਆਖਾਂ ਗੱਲ ਢੂੰਡਨੇ ਦੀ ਵੱਡੀ ਭਾਰੀਏ ਨੀ
ਜਾਪੇ ਇੰਜ ਜੋ ਕਿਸੇ ਮੁਹਾਰ ਫੜਕੇ ਤੇਰੇ ਬੂਹੇ ਤੇ ਆਣ ਖਲ੍ਹਾਰੀਏ ਨੀ
ਕੀਤੇ ਗਿਰਦ ਨਾਮਾ ਇੱਕੇ ਫੰਧ ਕੋਈ ਇੱਕੇ ਮੰਤਰਾਂ ਵਾਂਗ ਮਦਾਰੀਏ ਨੀ
ਡਾਚੀ ਮਿਹਰ ਦੀ ਤੇ ਅਸਵਾਰ ਆਹਾ ਜਾਗੋ ਮੀਟਸਾਂ ਨਾਲ ਖੁਮਾਰੀਏ ਨੀ
ਇੱਕ ਸੱਦ ਗੈਬੋੋਂ ਪਈ ਕੰਨ ਮੇਰੇ ਡਾਚੀ ਸੁਣਦਿਆਂ ਸਾਰ ਰੰਗਾਰੀਏ ਨੀ
ਮੂੰਹ ਗੋਲ ਨਜ਼ਰ ਇਕੇ ਤੀਰ ਆਖਾਂ ਡਾਚੀ ਵੱਗੀ ਏ ਵਾਂਗ ਅੰਧਾਰੀਏ ਨੀ
ਮੇਰੀ ਗਈ ਕਤਾਰ ਕੁਰਾਹ ਘੁੱਥੀ ਕੋਈ ਸਿਹਰ ਕੀਤੋ ਟੁਣੇ ਹਾਰੀਏ ਨੀ
ਸ਼ਾਹਲਾ ਢੁੱਕ ਆਵੇ ਹੁਸ਼ ਢੁਕ ਨੇੜੇ ਆ ਚੜ੍ਹੀ ਕਚਾਵੇ ਤੇ ਡਾਰੀਏ ਨੀ
ਦਾਈ ਸੂਈ ਦੀ ਪੋਤਰੀ ਏਹ ਡਾੱਚੀ ਘਿੰਨ ਝੋਕ ਪਲਾਣੇ ਨੂੰ ਲਾੜੀਏ ਨੀ
ਓਹਦਾ ਪੋਲੜਾ ਮੂੂੰਹ ਤੇ ਪਾਟ ਪਰਬਤ ਇਹ ਫਰਿਸ਼ਤਿਆਂ ਉੱਠ ਚਿਤਾਰੀਏ ਨੀ
ਦਿਨ ਦੀਵਿਆਂ ਹੱਥ ਨਾ ਆਂਵਦੀ ਸੈਂ ਅੱਧੀ ਰਾਤੜੇ ਮਾਰਦੀ ਧਾੜੀਏ ਨੀ
ਵਾਰਸਸ਼ਾਹ ਦੀ ਉਮਰ ਦੀ ਬੱਰੀ ਨੂੰ ਖਾ ਜਾਏਗੀ ਮੌਤ ਬਘਿਆੜੀਏ ਨੀ