ਪੰਨਾ:ਹੀਰ ਵਾਰਸਸ਼ਾਹ.pdf/314

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੬)

ਕਲਗੀਦਾਰ ਤੇ ਉਡਣਾ ਭੂੰਡ ਨਾਲੇ ਅਸਰਾਲ ਖਰਾਲ ਡਰ ਖਾਉਂਦੇ ਨੇ
ਤੇਦਰੜਾ ਬੂਰੜਾ ਮੱਲੀ ਫ਼ਨੀਅਰ ਸੱਭ ਆਣਕੇ ਸੀਸ ਨਿਵਾਉਂਦੇ ਨੇ
ਮਨੀਦਾਰ ਤੇ ਸਿਰੇ ਖੜੰਬੀਏ ਭੀ ਮੰਤਰ ਪੜ੍ਹੇ ਤੇ ਕੀਲ ਤੇ ਆਉਂਦੇ ਨੇ
ਚਲੀਪਾ ਤੇਲੀਆ ਤੇ ਸੰਗਚੂਰ ਤਾਪੂ ਚਚਲਾ ਡਰਾਣਾ ਭਰਾ ਆਉਂਦੇ ਨੇ
ਖਜੂਰੀਆ ਤੇਲੀਆ ਬਣਤ ਚੰਗਾ ਫਣਵਾਰੀਆ ਕੋਇਚਾ ਚਾਉਂਦੇ ਨੇ
ਲੌਂਗ ਮੰਤਰ ਜਿਨ੍ਹਾਂ ਦੇ ਜਤਨ ਕਰਕੇ ਰੋਗੀ ਹੈਣ ਚੰਗੇ ਬੂਟੀ ਖਾਉਂਦੇ ਨੇ
ਘੰਗੂਰੀਆਂ ਪਾਮੀਆਂ ਬੱਸ ਬਸਾਤੀ ਰੱਤਵਾੜੀਆਂ ਕੋਝੀਆਂ ਛਾਉਂਦੇ ਨੇ
ਕੋਈ ਦੁੱਖ ਤੇ ਦਰਦ ਨਾ ਰਹੇ ਭੋਰਾ ਜਾਦੂ ਜਿੰਨ ਤੇ ਭੂਤ ਸਭ ਜਾਉਂਦੇ ਨੇ
ਮਿਲੇ ਓਸ ਨੂੰ ਕੋਈ ਨਾ ਰਹੇ ਰੋਗੀ ਦੁਖ ਕੁਲਾਂ ਦੇ ਓਸ ਤੋਂ ਜਾਉਂਦੇ ਨੇ
ਰਾਵਣ ਰਾਜੇ ਤੇ ਦੇਉਤੇ ਵੈਦ ਪਰੀਆਂ ਸੱਭ ਉਸ ਤੋਂ ਹੱਥ ਵਿਖਾਉਂਦੇ ਨੇ
ਹੋਰ ਵੈਦਗੀ ਵੈਦ ਲਗਾ ਥੱਕੇ ਵਾਰਸਸ਼ਾਹ ਹੋਰੀਂ ਹੁਣ ਆਉਂਦੇ ਨੇ

ਕਲਾਮ ਖੇੜਿਆਂ

ਖੇੜਿਆਂ ਆਖਿਆ ਕੇਹੜਾ ਘਲੀਏ ਜੀ ਜੇੜ੍ਹਾ ਡਿਗੇ ਫ਼ਕੀਰ ਦੀ ਜਾ ਪੈਰੀਂ
ਸਾਡੀ ਕਰੀਂ ਵਾਹਰ ਨਾਮ ਰੱਬ ਦੇ ਜੀ ਕੋਈ ਫ਼ਜ਼ਲ ਦਾ ਪੱਲੜਾ ਆ ਫੇਰੀਂ
ਸਾਰਾ ਖੋਲ੍ਹ ਕੇ ਹਾਲ ਅਹਿਵਾਲ ਦੱਸੀਂ ਨਾਲ ਮਿਹਰੀਆਂ ਬਰਕਤਾਂ ਵਿੱਚ ਡੇਰੀਂ
ਚਲੋ ਵਾਸਤੇ ਰੱਬ ਦੇ ਨਾਲ ਮੇਰੇ ਕਦਮ ਘੱਤਿਆ ਫ਼ਕਰ ਦੇ ਹੋਣ ਖੈਰੀਂ
ਦੱਮ ਲਾਇਕੇ ਹੀਰ ਵਿਆਹ ਆਂਦੀ ਜੰਞ ਜੋੜ ਕੇ ਗਏ ਸੀ ਵਿੱਚ ਦੈੈਰੀਂ
ਬੈਠ ਕੋੜਮੇਂ ਗੱਲ ਪੱਕਾ ਛੱਡੀ ਸੈਦਾ ਘੱਲੀਏ ਰਲਣ ਜਾਂ ਸੱਥ ਐਰੀਂ
ਜਿਵੇਂ ਜਾਣਸੈੈਂ ਤਿਵੇਂ ਲਿਆ ਉਸ ਨੂੰ ਕਰੀਂ ਮਿੰਨਤਾਂ ਲਾਉਣਾ ਹੱਥ ਪੈਰੀਂ
ਵਾਰਸਸ਼ਾਹ ਮੀਆਂ ਤੇਰਾ ਇਲਮ ਹੋਯਾ ਮਸ਼ਹੂਰ ਹੈ ਜਿਸ ਤੇ ਇਨਸ ਤੈਰੀਂ

ਮਹਿਰ ਅਜੂ ਨੇ ਸੈਦੇ ਨੂੰ ਜੋਗੀ ਪਾਸ ਭੇਜਣਾ

ਅਜੂ ਆਖਿਆ ਸੈਦਿਆ ਜਾਹ ਭਾਈ ਇਹ ਵਹੁਟੀਆਂ ਬਹੁਤ ਪਿਆਰੀਆਂ ਨੇ
ਜਾਹ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਨੇ
ਅਗੇ ਨਜ਼ਰ ਰੱਖੀਂ ਸਾਰਾ ਹਾਲ ਦਸੀਂ ਅਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਨੇ
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ੍ਹ ਕਹੀਂ ਹਕੀਕਤਾਂ ਸਾਰੀਆਂ ਨੇ
ਨਾਲ ਆਜਜ਼ੀ ਦੇ ਕਦਮ ਚੁੰਮ ਆਖੀਂ ਰੱਬ ਆਪ ਬਣਾਈਆਂ ਖੁਆਰੀਆਂ ਨੇ
ਜੋਗੀ ਮਾਰ ਮੰਤਰ ਕਰੋ ਸੱਪ ਹਾਜ਼ਰ ਜਾਹ ਲਿਆ ਮਨਾ ਤੂੰ ਵਾਰੀਆਂ ਨੇ
ਨਾਲ ਅਬਲ ਅਦਾਬ ਭੀ ਬਹੁਤ ਕਰਨਾ ਗਲਾਂ ਕਰਨੀਆਂ ਖੂਬ ਪਿਆਰੀਆਂ ਨੇ
ਆਖੀਂ ਰੱਬ ਦੇ ਵਾਸਤੇ ਚਲੋ ਜੋਗੀ ਸਾਨੂੰ ਪਈਆਂ ਮੁਸੀਬਤਾਂ ਭਾਰੀਆਂ ਨੇ