ਪੰਨਾ:ਹੀਰ ਵਾਰਸਸ਼ਾਹ.pdf/308

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੨)

ਗਿਰਦ ਚਲ੍ਹੇ ਦੇ ਘੋਰਲੇ ਆਣ ਹੋਈਆਂ ਸਭੇ ਹਾਰ ਸ਼ਿੰਗਾਰ ਸਵਾਰੀਆਂ ਨੇ
ਓਦਰੋਂ ਸਹਿਤੀ ਨੇ ਕੁਆਰੀਆਂ ਮੇਲ ਲਈਆਂ ਚਲੋ ਚੱਲ ਹੀ ਸਭ ਪੁਕਾਰੀਆਂ ਨੇ
ਏਵੇਂ ਬੰਨ੍ਹ ਕਤਾਰ ਹੋ ਸਫ਼ਾ ਹੋਈਆਂ ਜਿਵੇਂ ਲਦਿਆ ਸਾਥ ਬਪਾਰੀਆਂ ਨੇ
ਸਹਿਤੀ ਹੀਰ ਨੇ ਆਪੋ ਵਿੱਚ ਇਕ ਹੋਕੇ ਝੁੁੰਡ ਮੇਲ ਲਏ ਜਟਾਂ ਧਾਰੀਆਂ ਨੇ
ਹੁਣ ਵੇਖੀਏ ਕੀ ਕੁਝ ਹੋਵਣਾ ਏਂ ਤੇਰੀਆਂ ਕੁਦਰਤਾਂ ਤੋਂ ਬਲਿਹਾਰੀਆਂ ਨੇ
ਬਹਿਰ ਇਸ਼ਕ ਦਾ ਝਾਕਣਾ ਬਹੁਤ ਔਖਾ ਨਾਲੇ ਔਖੀਆਂ ਲੈਣੀਆਂ ਤਾਰੀਆਂ ਨੇ
ਹੋਰ ਕੁੜੀ ਨਾ ਪਿੰਡ ਵਿੱਚ ਰਹੀ ਕੋਈ ਫ਼ੌਜਾਂ ਹਿੰਦ ਤੇ ਤੁਰਕ ਨੇ ਚਾੜ੍ਹੀਆਂ ਨੇ
ਵਾਰਸਸ਼ਾਹ ਹੁਣ ਹੀਰ ਨੂੰ ਸੱਪ ਲੜਨਾ ਖਚਰ ਪਾਉਂਦੀਆਂ ਚੈਂਚਲਹਾਰੀਆਂ ਨੇ

ਕਲਾਮ ਸ਼ਾਇਰ

ਹਿਲੋਂ ਆਈ ਕੋਲਾਂ ਪਿੱਛੋਂ ਆਈ ਰਹਿਮੋੋਂ ਅਤੇ ਮੀਰ ਖਾਤੂਨ ਚੱਲ ਆਉਂਦੀ ਏ
ਨਾਲੇ ਆਈ ਸਲਾਮਤੇ ਸਾਹਿਬਾਂ ਭੀ ਭੋਲੀ ਇਮਾਮ ਖਾਤੂੰ ਸੱਦ ਲਿਆਉਂਦੀ ਏ
ਗੁਜਰੀ ਰਹਿਮਤੇ ਤੇ ਨਾਲੇ ਦੌਲਤੇ ਭੀ ਇੱਕ ਦੂਈ ਨੂੰ ਗੱਲ ਸੁਣਾਉਂਦੀ ਏ
ਸਹਿਤੀ ਹੀਰ ਦੋਵੇਂ ਵਿੱਚ ਗੁਰੂ ਬਣੀਆਂ ਇਕ ਦੂਈ ਤੇ ਹੁਕਮ ਚਲਾਉਂਦੀ ਏ
ਭਾਗੀ ਡੂਮਣੀ ਤੇ ਮੋਰਾਂ ਕੰਜਰੀ ਭੀ ਖ਼ੂਬ ਦਸ ਕੇ ਹਥ ਬਣਾਉਂਦੀ ਏ
ਚੰਦ ਕੌਰ ਜੱਟੀ ਆਣ ਰੁਜੂ ਹੋਈ ਮੇਵਾ ਓਸ ਦੇ ਨਾਲ ਸੁਹਾਉਂਦੀ ਏ
ਨਾਲ ਆਈ ਸੁਖਦਈ ਤੇ ਚੰਦ ਕੌਰਾਂ ਭੜਥੂ ਮੰਗਲਾਂ ਆਣ ਕੇ ਪਾਉਂਦੀ ਏ
ਸਭਰਾਈ ਤੇ ਸਾਹਿਬਾਂ ਨਾਲ ਤੋਤੀ ਅਤੇ ਜੀਉਣੀ ਭੀ ਰੰਗ ਲਾਉਂਦੀ ਏ
ਨਾਲੇ ਆਈ ਭਗਵੰਤੀ ਤੇ ਸੰਤੀ ਗੁੰਡੀ ਝੰਡੋ ਯਾਰਾਂ ਨੂੰ ਪਈ ਤਰਸਾਉਂਦੀ ਏ
ਮਾਮੋ ਨਾਇਣ ਮਿੱਠੀ ਨਾਇਣ ਦੋਵੇਂ ਭੈਣਾਂ ਭਰ ਕੱਜਲਾ ਪਾ ਖਪਾਉਂਦੀ ਏ
ਆਈ ਦਰਸ਼ਨੋਂ ਦ੍ਰੋਪਤੀ ਪਹਾੜਨਾਂ ਭੀ ਜੰਤੇ ਕਲਨ ਕਸ਼ਮੀਰ ਭੀ ਆਉਂਦੀ ਏ
ਹਤਾਯੂੜ ਵਲਾ ਪਨਜੂ ਕਹਿੰਦੀਆਂ ਨੇ ਅਛਨਾ ਗੱਛਨਾ ਕਾਈ ਸੁਣਾਉਂਦੀ ਏ
ਕਾਈ ਆਖਦੀ ਕੀ ਗਲਾਣੀਏਂ ਤੂੰ ਤਿਕੇ ਸ਼ਰਮ ਭੀ ਜਰਾ ਨਾ ਆਉਂਦੀ ਏ
ਨੂਰ ਬੇਗਮ ਕੰਧਾਰਨੋਂ ਖ਼ਾਨ ਬੇਗਮ ਬਯਾ ਬਯਾ ਕਰਕੇ ਕੁਰਲਾਉਂਦੀ ਏ
ਜ਼ੁਲਫ਼ੋਗੁਫਤਾ ਆਂਚਹਿ ਖੂਬ ਹਸਤੀ ਕੰਮੋਂ ਫ਼ਾਰਸੀ ਲਫ਼ਜ਼ ਬਤਾਉਂਦੀ ਏ
ਕੀਲ ਜੈਨਇਨਾਂ ਵਲਤਾਹਾ ਸੀਗੇ ਅਰਬੀ ਦੇ ਨਾਲ ਬੁਲਾਉਂਦੀ ਏ
ਪਿਛੋਂ ਨੂਰ ਬੀਬੀ ਤੇ ਸਕੂਰ ਬੀਬੀ ਨਾਲ ਰੰਗ ਦੇ ਗਾਉਣੇ ਗਾਉਂਦੀ ਏ
ਰਾਮੀ ਸਾਹਮਨੀ ਤੇ ਨੰਦੀ ਪ੍ਰੋਹਤਿਆਣੀ ਗੰਗਾਦਈ ਅਰੋੜੀ ਭੀ ਆਉਂਦੀ ਏ
ਜਮਨਾ ਦੇਈ ਝੀਊਰੀ ਸੁਖਾਂ ਖਤਰਾਣੀ ਲਾਲ ਦਈ ਲੁਹਾਰੀ ਭੀ ਆਉਂਦੀ ਏ