ਪੰਨਾ:ਹੀਰ ਵਾਰਸਸ਼ਾਹ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੫)

ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ ਹੱਥ ਚਾਬਕ ਅਸਵਾਰ ਨੇ ਫੇਰਿਆ ਈ
ਵਾਰਸਸ਼ਾਹ ਅੱਜ ਹੁਸਨ ਮੈਦਾਨ ਚੜ੍ਹਕੇ ਘੋੜਾ ਸ਼ਾਹਸਵਾਰ ਨੇ ਛੇੜਿਆ ਈ

ਤਥਾ

ਨੈਣ ਮਸਤ ਗਲ੍ਹਾਂ ਤੇਰੀਆਂ ਲਾਲ ਹੋਈਆਂ ਡੂਕਾਂ ਭੰਨ ਚੋਲੀ ਵਿੱਚ ਠੇਲ੍ਹੀਆਂ ਨੀ
ਕਿਸੇ ਅੰਬ ਤੇਰੇ ਅੱਜ ਚੂਪ ਲਏ ਤਿੱਲ ਪੀੜ ਕੱਢੇ ਜਿਵੇਂ ਤੇਲੀਆਂ ਨੀ
ਤੇਰਾ ਕਿਸੇ ਨੱਢੇ ਨਾਲ ਮੇਲ ਹੋਇਆ ਧਾਰਾਂ ਕੱਜਲੇ ਦੀਆਂ ਸਰਮੇਲੀਆਂ ਨੀ
ਸਭੇ ਮਲ ਦਲ ਸੁੱਟੀਏਂ ਵਾਂਗ ਫੁੱਲਾਂ ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੀ
ਕਿਸੇ ਜੋਸ਼ ਭਰੇ ਫੱੜ ਕੇ ਨੱਪੀਏਂ ਤੂੰ ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੀ
ਭਰੀਆਂ ਵਹੁਟੀਆਂ ਦਾ ਖੁਲ੍ਹਾ ਅੱਜ ਬਾਰਾ ਕੰਤਾਂ ਰਾਵੀਆਂ ਢਾਹ ਮਹੇਲੀਆਂ ਨੀ
ਕਿਸੇ ਲਈ ਹੁਸ਼ਨਾਕ ਨੇ ਜੀਤ ਬਾਜੀ ਪਾਸਾ ਲਾਇਕੇ ਬਾਜੀਆਂ ਖੇਲੀਆਂ ਨੀ
ਸੂਬੇਦਾਰ ਨੇ ਕਿਲ੍ਹੇ ਨੂੰ ਢੋ ਤੋਪਾਂ ਕਰਕੇ ਸਰ ਰਈਯਤਾਂ ਮੇਲੀਆਂ ਨੀ
ਤੇਰੀਆਂ ਗਲ੍ਹਾਂ ਤੇ ਦੰਦਾਂ ਦੇ ਦਾਗ ਦਿੱਸਣ ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ
ਅਜ ਨਹੀਂ ਅਯਾਲੀਆਂ ਖਬਰ ਲੱਧੀ ਬਘਿਆੜਾਂ ਨੇ ਪਾੜੀਆਂ ਛੇਲੀਆਂ ਨੀ
ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ ਹਥਨੀਆਂ ਹਾਥੀਆਂ ਤੇ ਚਾ ਪੇਲੀਆਂ ਨੀ
ਚੁੱਟਾ ਝਾਂਜੜਾ ਬਾਗ਼ ਦੇ ਸਫ਼ੇ ਵਿੱਚੋਂ ਲਾਹ ਕੁੰਡੀਆਂ ਸੱਭ ਜਾ ਮੇਲੀਆਂ ਨੀ
ਰੰਗ ਹੋਰ ਦਾ ਹੋਰ ਹੈ ਅੱਜ ਤੇਰਾ ਖੇਡਾਂ ਖੇਡੀਆਂ ਕਿਤੇ ਅਕੇਲੀਆਂ ਨੀ
ਸਾਰਾ ਜੱਗ ਜਹਾਨ ਕਪਾਹ ਵੇਲੇ ਤੂੰ ਭਾਬੀਏ ਪੂਣੀਆਂ ਵੇਲੀਆਂ ਨੀ
ਥਕ ਟੁੱਟ ਕੇ ਘਰਕਦੀ ਆ ਪਈਏਂ ਲਗੀਆਂ ਮੁੱਠੀਆਂ ਭਰਨ ਸਹੇਲੀਆਂ ਨੀ
ਕਿਸੇ ਹਿੱਕ ਤੇਰੀ ਨਾਲ ਹਿੱਕ ਜੋੜੀ ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ
ਜਿਨ੍ਹਾਂ ਘਾਰ ਗਵਾਇਕੇ ਪ੍ਰੇਮ ਲੱਧੇ ਓਹ ਤਾਂ ਜਗ ਉੱਤੇ ਅਰਬੇਲੀਆਂ ਨੀ
ਦੱਸ ਵਾਰਸਾ ਕਿਸੇ ਨੌਜੂਮੀਏਂ ਤੂੰ ਕਿਸੇ ਗੋਸ਼ੇ ਈ ਹੋਰੀਆਂ ਖੇਲੀਆਂ ਨੀ

ਤਥਾ

ਜਿਵੇਂ ਸੋਹਣੇ ਆਦਮੀ ਫਿਰਨ ਬਾਹਰ ਕਿਚਰਕ ਦੌਲਤਾਂ ਰਹਿਣ ਛਪਾਈਆਂ ਨੀ
ਅੱਜ ਭਾਵੇਂ ਤਾਂ ਬਾਗ ਵਿੱਚ ਈਦ ਹੋਈ ਖਾਧੀਆਂ ਭੁੱਖਿਆਂ ਨੇ ਮਠਿਆਈਆਂ ਨੀ
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ ਜਮ ਜਮ ਜਾਣ ਬਾਗੀਂ ਭਰਜਾਈਆਂ ਨੀ
ਵੱਸੇ ਬਾਗ ਜੁਗਾਂ ਤਾਈਂ ਸਣੇ ਭਾਬੀ ਜਿੱਥੇ ਖਾਣ ਫ਼ਕੀਰ ਮਲਾਈਆਂ ਨੀ
ਖ਼ਾਕ ਤੋਤਿਆਂ ਦੇ ਜਿੱਥੇ ਢੇਰ ਵੱਡੇ ਤੀਰ ਅੰਦਾਜ਼ਾਂ ਨੇ ਤਾਣੀਆਂ ਲਾਈਆਂ ਨੀ
ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੀ
ਪਾਣੀ ਬਾਝ ਸੁੱਕੀ ਦਾੜੀ ਖੇੜਿਆਂ ਦੀ ਹੈ ਮੁੰਨ ਕੱਢੀ ਕਿਨ੍ਹਾਂ ਨਾਈਆਂ ਨੀ