ਪੰਨਾ:ਹੀਰ ਵਾਰਸਸ਼ਾਹ.pdf/287

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੩)

ਖੋਲ੍ਹ ਫ਼ਾਲਨਾਮਾ ਤੇ ਦੀਵਾਨ ਹਾਫ਼ਜ਼ ਵਾਰਸਸ਼ਾਹ ਤੋਂ ਫ਼ਾਲ ਕਢਾਈਏ ਜੀ

ਰਾਂਝੇ ਅਗੇ ਹੀਰ ਦਾ ਮਸਤ ਹੋਣਾ

ਅਵਲ ਪੈਰ ਪਕੜੇ ਏਤਕਾਦ ਕਰ ਕੇ ਫੇਰ ਨਾਲ ਕਲੇਜੇ ਦੇ ਲੱਗ ਗਈ
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਵੇਖੋ ਜੱਲ ਪਤੰਗ ਤੇ ਅੱਗ ਗਈ
ਕਹੀ ਲੱਗ ਗਈ ਚਿੰਣਗ ਜੱਗ ਗਈ ਖ਼ਬਰ ਜੱਗ ਗਈ ਵੱਜ ਤਲੱਗ ਗਈ
ਯਾਰੋ ਠੱਗਾਂ ਦੀ ਰੇਵੜੀ ਹੀਰ ਜੱਟੀ ਮੂੰਹ ਲਗਦਿਆਂ ਯਾਰ ਨੂੰ ਠੱਗ ਗਈ
ਲਗਾ ਮਸਤ ਹੋ ਕਮਲੀਆਂ ਕਰਨ ਗੱਲਾਂ ਦੁਆ ਕਿਸੇ ਫ਼ਕੀਰ ਦੀ ਵੱਗ ਗਈ
ਰਾਂਝਾ ਸ਼ੌਕ ਦੇ ਨਾਲ ਉਠ ਖੜਾ ਹੋਯਾ ਵਾਉ ਇਸ਼ਕ ਦੀ ਦੋਹਾਂ ਨੂੰ ਵੱਗ ਗਈ
ਵਾਉ ਵੱਗ ਗਈ ਹਿਰਸ ਭੱਗ ਗਈ ਦਿੱਲ ਲੱਗ ਗਈ ਖ਼ਬਰ ਜੱਗ ਗਈ
ਜਦੋਂ ਯਾਰ ਨੂੰ ਯਾਰ ਫਿਰ ਆਣ ਮਿਲਿਆ ਹਿਰਸ ਦੋਹਾਂ ਦੀ ਅੰਦਰੋਂ ਭੱਗ ਗਈ
ਇਕੇ ਧੂੰਆਂ ਧੁਖੰਦੜਾ ਜੋਗੀੜੇ ਦਾ ਉੱਤੋਂ ਫੂਕ ਕੇ ਛੋਕਰੀ ਅੱਗ ਗਈ
ਦੋਵੇਂ ਮਸਤ ਦੀਦਾਰ ਵਿੱਚ ਝੂਲਦੇ ਸਨ ਜ਼ਹਿਰ ਸ਼ੌਕ ਦੀ ਧਾ ਰੱਗ ਰੱਗ ਗਈ
ਰਾਂਝਾ ਸ਼ੌਕ ਦੇ ਨਾਲ ਦੀਦਾਰ ਕਰਦਾ ਗੱਲ ਹਿਜ਼ਰ ਦੀ ਦੂਰ ਅਲੱਗ ਗਈ
ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਯਾ ਗੱਲ ਆਮ ਮਸ਼ਹੂਰ ਹੋ ਜੱਗ ਗਈ
ਯਾਰੋ ਝੁੱਲੀ ਅੰਧੇਰੜੀ ਇਸ਼ਕ ਵਾਲੀ ਉੱਡ ਸ਼ਰਮ ਹਯਾ ਦੀ ਪੱਗ ਗਈ
ਵਾਰਸ ਟੁੱਟਿਆਂ ਨੂੰ ਰੱਬ ਜੋੜਦਾ ਏ ਵੇਖੋ ਕੰਮਲੇ ਨੂੰ ਪਰੀ ਲੱਗ ਗਈ

ਹੀਰ ਨੇ ਜੋਗੀ ਪਾਸੋਂ ਆਪਣੇ ਘਰ ਦੀ ਵਲ ਰਾਵਾਨਾ ਹੋਣਾ ਅਤੇ ਸਹਿਤੀ ਨਾਲ ਸਲਾਹ ਕਰਨੀ

ਹੀਰ ਹੋ ਰੁਖਸਤ ਰਾਂਝੇ ਯਾਰ ਕੋਲੋਂ ਆਖੇ ਸਹਿਤੀਏ ਮਤਾ ਪਕਾਈਏ ਨੀ
ਠੂਠਾ ਭੰਨ ਫਕੀਰ ਨੂੰ ਕੱਢਿਆ ਈ ਕਿਵੇਂ ਓਸਨੂੰ ਖੈਰ ਭੀ ਪਾਈਏ ਨੀ
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ ਨਾਲ ਕਰਮ ਦੇ ਬੰਨ੍ਹੜੇ ਲਾਈਏ ਨੀ
ਮੇਰੇ ਵਾਸਤੇ ਓਸ ਨੇ ਲਏ ਤਰਲੇ ਕਿਵੇਂ ਓਸਦੀ ਆਸ ਪੁਚਾਈਏ ਨੀ
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ ਦੋਵੇਂ ਆਪਣੇ ਯਾਰ ਹੰਢਾਈਏ ਨੀ
ਹੋਇਆ ਮੇਲ ਜੋ ਚਿਰੀ ਵਿਛੁੰਨਿਆਂ ਦਾ ਯਾਰ ਰੱਜ ਕੇ ਗਲੇ ਲਗਾਈਏ ਨੀ
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ ਜਿਵੇਂ ਸਹਿਤੀਏ ਡੌਲ ਬਣਾਈਏ ਨੀ
ਸੱਸੀ ਨਾਲ ਹੋਤਾਂ ਪੁਨੂੰ ਮੇਲ ਕੀਤਾ ਤਿਵੇਂ ਮੇਰਾ ਭੀ ਮੇਲ ਮਿਲਾਈਏ ਨੀ
ਵਰ ਲਿਆ ਮਕਸੂਦ ਜੋ ਆਸ਼ਕਾਂ ਦਾ ਬਦਲਾ ਰੱਬ ਤੋਂ ਹੱਥੋ ਹੱਥ ਪਾਈਏ ਨੀ
ਖੇੜਿਆਂ ਵਿੱਚ ਨਾ ਪਰਚਦਾ ਜੀਉ ਮੇਰਾ ਕਿਵੇਂ ਰਾਂਝੇ ਦੇ ਨਾਲ ਮਿਲਾਈਏ ਨੀ
ਚੋਰੀ ਚੋਰੀ ਤਾਂ ਜਤਨ ਹਜ਼ਾਰ ਕਰੀਏ ਹੱਕਦਾਰ ਨੂੰ ਹੱਕ ਪਹੁੰਚਾਈਏ ਨੀ