ਪੰਨਾ:ਹੀਰ ਵਾਰਸਸ਼ਾਹ.pdf/285

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੧)

ਵਾਰਸਸ਼ਾਹ ਆ ਚੰਬੜੀ ਰਾਂਝਣੇ ਨੂੰ ਜੇਹਾ ਗੱਧੇ ਦੇ ਗੱਲ ਵਿੱਚ ਲਾਲ ਹੋਵੇ

ਰਾਂਝੇ ਅਤੇ ਹੀਰ ਦਾ ਮਿਲਾਪ

ਘੁੁੰਡ ਲਾਹ ਕੇ ਹੀਰ ਦੀਦਾਰ ਦਿੱਤਾ ਰਿਹਾ ਹੋਸ਼ ਨਾ ਅਕਲ ਥੀਂ ਤਾਕ ਕੀਤਾ
ਲੰਕ ਬਾਗ ਦੀ ਪਰੀ ਨੇ ਝਾਕ ਦੇਕੇ ਸੀਨਾ ਚਾਕ ਦਾ ਪਾੜਕੇ ਚਾਕ ਕੀਤਾ
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ ਤੇਰੇ ਇਸ਼ਕ ਨੇ ਮਾਰ ਗ਼ਮਨਾਕ ਕੀਤਾ
ਮਾਂ ਬਾਪ ਤੇ ਅੰਗ ਭੁਲਾ ਬੈਠੀ ਅਸਾਂ ਚਾਕ ਨੂੰ ਆਪਣਾ ਸਾਕ ਕੀਤਾ
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ ਸ਼ਾਹਦ ਹਾਲ ਦਾ ਮੈਂ ਰੱਬ ਪਾਕ ਕੀਤਾ
ਦੇਖ ਨਵੀਂ ਨਰੋਈ ਅਮਾਨ ਤੇਰੇ ਸੀਨਾ ਸਾੜ ਕੇ ਬਿਰਹੋਂ ਨੇ ਖਾਕ ਕੀਤਾ
ਅੱਲਾ ਜਾਣਦਾ ਏ ਇਨ੍ਹਾਂ ਆਸ਼ਕਾਂ ਨੇ ਮਜੇ ਜੌਕ ਤੇ ਚਾ ਤਲਾਕ ਕੀਤਾ
ਵਾਰਸਸ਼ਾਹ ਲੈ ਚੱਲਣਾ ਤੁਸਾਂ ਸਾਨੂੰ ਕਿੱਸ ਵਾਸਤੇ ਜੀਉ ਗ਼ਮਨਾਕ ਕੀਤਾ

ਕਲਾਮ ਜੋਗੀ ਹੀਰ ਨਾਲ

ਚੌਧਰਾਈਆਂ ਛੱਡ ਕੇ ਚਾਕ ਬਣਿਆ ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ
ਕੌਲ ਕੁਆਰੀਆਂ ਦੇ ਲੋਹੜੇ ਮਾਰੀਆਂ ਦੇ ਉੱਧਲ ਹਾਰੀਆਂ ਦੇ ਵੇਖੋ ਹੋਰ ਹੋਏ
ਮਾਂ ਬਾਪ ਕਰਾਰ ਕਰ ਕੌਲ ਹਾਰੇ ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ
ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ ਜਿਨ੍ਹਾਂ ਖੋਟਿਆਂ ਦੇ ਦਿੱਲ ਖੋਰ ਹੋਏ
ਤੇਰੇ ਵਾਸਤੇ ਮਿਲੇ ਹਾਂ ਕੱਢ ਦੇਸੋਂ ਅਸੀਂ ਆਪਣੇ ਦੇਸ ਦੇ ਚੋਰ ਹੋਏ
ਵਾਰਸਸ਼ਾਹ ਨਾ ਅਕਲ ਤੇ ਹੋਸ਼ ਰਹੀਆ ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ

ਕਲਾਮ ਹੀਰ ਜੋਗੀ ਨਾਲ

ਮਿਹਤਰ ਨੂਹਦਿਆਂ ਬੇਟਿਆਂ ਜ਼ਿਦ ਕੀਤੀ ਭੁੱਬ ਮੋਏ ਨੀ ਛੱਡ ਟਕਾਣਿਆਂ ਨੂੰ
ਯਾਕੂਬਦਿਆਂ ਪੁਤਰਾਂ ਜ਼ੁਲਮ ਕੀਤਾ ਸੁਣਿਆ ਹੋਸੀਆ ਯੂਸਫਦਿਆਂ ਵਾਣਿਆਂ ਨੂੰ
ਹਾਬੀਲ ਕਬੀਲ ਦਾ ਜੰਗ ਹੋਯਾ ਛੱਡ ਗਏ ਪੈਗੰਬਰੀ ਬਾਣਿਆਂ ਨੂੰ
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ ਛੱਡ ਚੱਲਦੀ ਝੰਗ ਮਘਿਆਣਿਆਂ ਨੂੰ
ਜਦੋਂ ਵੇਲੜਾ ਵਕਤ ਘੁਸਾ ਬੈਠੀ ਖਬਰਾਂ ਹੋਈਆਂ ਨੇ ਖ਼ਾਕ ਸਮਾਣਿਆਂ ਨੂੰ
ਤਕਦੀਰ ਖ਼ੁਦਾਇ ਦੀ ਦੁੱਖ ਪਾਏ ਸੱਭ ਹੱਕ ਦੇ ਰਾਹ ਵਿਕਾਣਿਆਂ ਨੂੰ
ਅਜਰਾਈਲ ਸਿਰ ਉਤੇ ਘੂਰਦਾ ਏ ਛੱਡ ਚੱਲਣਾ ਤੰਬੂਆਂ ਤਾਣਿਆਂ ਨੂੰ
ਮੇਰੇ ਵੱਸ ਨਹੀਂ ਕੁੱਝ ਮਾਹੀਆ ਵੇ ਚੋਲੀ ਚਿਣਗ ਪੈ ਗਈ ਅਯਾਣਿਆਂ ਨੂੰ
ਖਾਹਸ਼ ਹੱਕ ਦੀ ਕਲਮ ਤਕਦੀਰ ਵਗੀ ਮੋੜੇ ਕੌਣ ਅਲਾਹ ਦੇ ਭਾਣਿਆਂ ਨੂੰ
ਲਿਖਿਆ ਲੋਹ ਕਲੱਮ ਦਾ ਨਹੀਂ ਮੁੜਦਾ ਹੋਣੀ ਹੁੰਦੀ ਏ ਹਰਫ ਲਿਖਾਣਿਆਂ ਨੂੰ
ਹੀਰ ਆਖਦੀ ਰਾਂਝਿਆ ਸੁਣੀ ਮੈਥੋਂ ਕੇਹੀ ਦੱਸਣੀ ਮੱਤ ਸਿਆਣਿਆਂ ਨੂੰ