ਪੰਨਾ:ਹੀਰ ਵਾਰਸਸ਼ਾਹ.pdf/282

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੮)

ਮੈਨੂੰ ਮੇਲ ਮੁਰਾਦ ਬਲੋਚ ਸਾਈਆਂ ਤੇਰੇ ਪੈਰ ਮੈਂ ਆਣ ਕੇ ਮੱਲਨੀ ਹਾਂ
ਓਹਦੇ ਨਾਮ ਦਾ ਸ਼ੌਕ ਹੈ ਦਿਨੇ ਰਾਤੀ ਵਾਂਗ ਸੀਖ ਕਬਾਬ ਤੇ ਤੱਲਨੀ ਹਾਂ
ਵਾਰਸਸ਼ਾਹ ਕਰ ਤਰਕ ਬੁਰਿਆਈਆਂ ਦੀ ਦਰਬਾਨ ਅਲਾਹ ਦਾ ਮੱਲਨੀ ਹਾਂ

ਕਲਾਮ ਜੋਗੀ

ਸੁਣ ਸਹਿਤੀਏ ਨੀ ਘਰ ਮਾਪਿਆਂ ਦੇ ਹੋਣ ਕੁਆਰੀਆਂ ਢਾਕ ਮਰੋੜੀਆਂ ਨੀ
ਜਿਨ੍ਹਾਂ ਖੈਰ ਫ਼ਕੀਰ ਤੋਂ ਹੱਥ ਰੋਕੇ ਉਨ੍ਹਾਂ ਕਦੀ ਨਾ ਦੌਲਤਾਂ ਜੋੜੀਆਂ ਨੀ
ਹੱਕ ਗੁਰਾਂ ਪੀਰਾਂ ਮੰਦਾ ਓਹ ਬੋਲਣ ਮਤਾਂ ਜਿਨ੍ਹਾਂ ਦੀਆਂ ਰੱਬ ਨੇ ਬੋੜੀਆਂ ਨੀ
ਤੇਰੇ ਵਰਗੀਆਂ ਕਿਤਨੀਆਂ ਸਹਿਤੀਏ ਨੀ ਵਾਰਸਸ਼ਾਹ ਹੋਰਾਂ ਸੱਭ ਮੋੜੀਆਂ ਨੀ

ਕਲਾਮ ਸਹਿਤੀ

ਗਲਾਂ ਕਰਨ ਸੰਦੀ ਨਹੀਂ ਜਾ ਕਾਈ ਸੁਰਤ ਫ਼ਕਰ ਅਗੇ ਤੋਬਾ ਕਰਨੀਆਂ ਮੈਂ
ਬਾਣਾ ਰਬ ਦਾ ਜੋ ਸੂਰਤ ਫ਼ਕਰ ਦੀਏ ਹੁਕਮ ਫ਼ਕਰ ਦਾ ਸਿਰ ਤੇ ਧਰਨੀਆਂ ਮੈਂ
ਸੌਣ ਬਹਿਣ ਅਰਾਮ ਹਰਾਮ ਹੋਯਾ ਦੁੱਖ ਬਾਝ ਮੁਰਾਦ ਤੇ ਜਰਨੀਆਂ ਮੈਂ
ਅੱਠੇ ਪਹਿਰ ਗੋਤੇ ਖਾਂਦੀ ਜਾਨ ਮੇਰੀ ਹੋਵੇ ਫ਼ਜ਼ਲ ਤੇਰਾ ਡੁੱਬੀ ਤਰਨੀਆਂ ਮੈਂ
ਆਤਸ਼ਹਿਜਰ ਬਲੋਚ ਦੀ ਜਿਗ੍ਰ ਲੂਠਾ ਕਰੀਂ ਮਿਹਰ ਸਾਈਆਂ ਤਤੀ ਠਰਨੀਆਂ ਮੈਂ
ਨਾਲ ਆਜਜ਼ੀ ਇਜਜ਼ ਨਿਆ ਪੀਰਾ ਮੁੜ ਮੁੜ ਤਲਬ ਮੁਰਾਦ ਦੀ ਕਰਨੀਆਂ ਮੈਂ
ਅਗੇ ਫੱਕਰ ਦੇ ਰਹਾਂ ਮੈਂ ਹੱਥ ਬੱਧੀ ਹੋਰ ਟਹਿਲ ਜੋ ਸਰੇ ਸੋ ਕਰਨੀਆਂ ਮੈਂ
ਜਾਨ ਮਾਲ ਸਾਰਾ ਵਾਰਸਸ਼ਾਹ ਵਾਂਗਰ ਨਾਮ ਫ਼ਕਰ ਦੇ ਤੋਂ ਸਦਕੇ ਕਰਨੀਆਂ ਮੈਂ

ਕਲਾਮ ਜੋਗੀ

ਰੱਖ ਸਹਿਤੀਏ ਆਪਣੀ ਜਮ੍ਹਾਂ ਖਾਤਰ ਤੇਰੇ ਯਾਰ ਨੂੰ ਰੱਬ ਮਿਲਾਉਸੀ ਨੀ
ਐਸੀ ਪੜ੍ਹਾਂ ਮੈਂ ਇਕ ਅਜ਼ਮਾਤ ਸੈਫ਼ੀ ਨਾਲ ਜਾਦੂਆਂ ਟੂਣਿਆਂ ਆਉਸੀ ਨੀ
ਸਾਡੀ ਆਜਜ਼ੀ ਇਜਜ਼ ਮਨਜ਼ੂਰ ਕਰਸੀ ਰੱਬ ਤੁੱਧ ਨੂੰ ਯਾਰ ਦਿਵਾਉਸੀ ਨੀ
ਤਕਵਾ ਇੱਕ ਦਾ ਰੱਖ ਲੈ ਸਹਿਤੀਏ ਨੀ ਰੱਬ ਚਾ ਸਬੱਬ ਬਣਾਉਸੀ ਨੀ
ਸੈਆਂ ਕੋਹਾਂ ਦੇ ਪੰਧ ਇੱਕ ਘੜੀ ਅੰਦਰ ਰੱਬ ਮਿਹਰ ਦੇ ਨਾਲ ਮੁਕਾਉਸੀ ਨੀ
ਨਾਲ ਫੱਕਰਾਂ ਕਰੇ ਬਰਾਬਰੀ ਜੋ ਹੱਥੋ ਹੱਥ ਬਦਲਾ ਦੇਖੋ ਪਾਉਸੀ ਨੀ
ਮੁੜੀ ਘਰਾਂ ਨੂੰ ਨਿਉਂ ਸਲਾਮ ਕਰਕੇ ਗਲਾਂ ਹੀਰ ਨੂੰ ਜਾ ਸੁਣਾਉਸੀ ਨੀ
ਵਾਰਸ ਜੇਹਾ ਕਰੀਏ ਤੇਹਾ ਪਾ ਲਈਏ ਪੇਸ਼ ਅਜਲ ਦਾ ਲਿੱਖਿਆ ਆਉਸੀ ਨੀ

ਸਹਿਤੀ ਨੇ ਹੀਰ ਨੂੰ ਪੈਗਾਮ ਦੇਣਾ

ਸਹਿਤੀ ਜਾਕੇ ਹੀਰ ਦੇ ਕੋਲ ਬਹਿਕੇ ਭੇਤ ਯਾਰ ਦਾ ਸਭ ਸਮਝਾਇਆ ਈ
ਜਿਸਨੂੰ ਮਾਰਕੇ ਘਰੋਂ ਫਕੀਰ ਕੀਤੋ ਉਹੋ ਜੋਗੀੜਾ ਹੋਇਕੇ ਆਇਆ ਈ
ਉਹਨੂੰ ਠੱਗਕੇ ਮਹੀਆਂ ਚਰਾਈਆਂ ਨੀ ਏਥੇ ਆਣਕੇ ਰੰਗ ਵਟਾਇਆ ਈ