ਪੰਨਾ:ਹੀਰ ਵਾਰਸਸ਼ਾਹ.pdf/279

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੫)

ਜਦੋਂ ਮੁਸ਼ਰਕਾ ਆਨ ਕਬੂਲ ਕੀਤਾ ਤਦੋਂ ਚੰਨ ਦੋ ਖੰਨ ਰਸੂਲ ਕੀਤਾ
ਮੈਥੋਂ ਸੁਣੀ ਤੂੰ ਕਮਲੀਏ ਸਹਿਤੀਏ ਨੀ ਝੇੜਾ ਤੂੰ ਕਿਉਂ ਅਜ਼ਰ ਤਤੂਲ ਕੀਤਾ
ਖ਼ਾਤਰ ਨਬੀ ਦੀ ਸੱਭ ਤਹਿਕੀਕ ਹੋਯਾ ਅੰਦਰ ਸ਼ਾਨ ਕੁਰਾਨ ਨਜ਼ੂਲ ਕੀਤਾ
ਕੱਢ ਪੱਥਰੋਂ ਊਠਨੀ ਰੱਬ ਸੱਚੇ ਕਰਾਮਾਤ ਪੈਗੰਬਰੀ ਮੂਲ ਕੀਤਾ
ਵਾਰਸਸ਼ਾਹ ਜਾਂ ਕਸ਼ਫ ਵਿਖਾ ਦਿੱਤਾ ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ

ਹੀਰ ਨੂੰ ਮਿਲਣ ਵਾਸਤੇ ਜੋਗੀ ਦਾ ਸਹਿਤੀ ਅਗੇ ਸਵਾਲ ਕਰਨਾ

ਫਿਰੇਂ ਜੋਸ਼ ਦੀ ਭਰੀ ਤੇ ਚੜ੍ਹੀ ਸਾਣੇ ਆ ਟਲੀਂ ਨੀ ਮੁੰਡੀਏ ਵਾਸਤਾ ਈ
ਮੈਨੂੰ ਸਾੜਕੇ ਇਸ਼ਕ ਕਬਾਬ ਕੀਤਾ ਸੜ ਗਿਆਊਂ ਲੁੁੰਡੀਏ ਵਾਸਤਾ ਈ
ਮੈਂ ਭੀ ਇਸ਼ਕ ਪਿੱਛੇ ਮਹੀਂ ਚਾਰੀਆਂ ਸਨ ਹੱਥ ਪਕੜਕੇ ਖੁੰਡੀਏ ਵਾਸਤਾ ਈ
ਲਿਆ ਹੀਰ ਨੂੰ ਤੁਰਤ ਮੁਰਾਦ ਪਾਵੇਂ ਕਰ ਲੈ ਦਰਸ਼ਨੀ ਹੁੰਡੀਏ ਵਾਸਤਾ ਈ
ਮਰਦ ਮਾਰ ਮਕਾਰਨੇ ਜੰਗ ਬਾਜੇ ਮਾਨ ਮੱਤੀਏ ਗੁੰਡੀਏ ਵਾਸਤਾ ਈ
ਬਖਸ਼ੀ ਸੱਭ ਗੁਨਾਹ ਤਕਸੀਰ ਤੇਰੀ ਲਿਆ ਹੀਰ ਨੂੰ ਨੱਢੀਏ ਵਾਸਤਾ ਈ
ਇਤਫਾਕ ਦੇ ਨਾਲ ਫਕੀਰ ਮਾਰੇ ਹੀਰ ਸਿਆਲ ਦੀ ਜੁੰਡੀਏ ਵਾਸਤਾ ਈ
ਕੋਈ ਹੋਰ ਫਸਾਦ ਜਗਾਉਨਾ ਈਂ ਅਨੀ ਭਾਰੀਏ ਗੁੰਡੀਏ ਵਾਸਤਾ ਈ
ਆਖੀਂ ਮੱਝੀਆਂ ਦਾ ਛੇੜੂ ਸਦਦਾ ਏ ਜੀਦ੍ਹੀ ਹੈਂ ਤੂੰ ਖੁੰਡੀਏ ਵਾਸਤਾ ਈ
ਵਾਰਸਸ਼ਾਹ ਸਮਝਾਇਕੇ ਜੱਟੜੀ ਨੂੰ ਲਾਹ ਦਿਲੇ ਦੀ ਘੁੰਡੀਏ ਵਾਸਤਾ ਈ

ਕਲਾਮ ਸਹਿਤੀ

ਜੋ ਕੁਝ ਤੁਸੀਂ ਫਰਮਾਂਦੇ ਸੋ ਜਾ ਆਖਾਂ ਦਿੱਲ ਜਾਨ ਥੀਂ ਚੇਲੜੀ ਹੋਈ ਆਂ ਮੈਂ
ਤੈਨੂੰ ਪੀਰ ਜੀ ਭੁੱਲਕੇ ਬੁਰਾ ਬੋਲੀ ਭੁੱਲੀ ਵਿਸਰੀ ਆਣ ਵਿਗੋਈਆਂ ਮੈਂ
ਤੇਰੀ ਪਾਕ ਜ਼ਬਾਨ ਦਾ ਹੁਕਮ ਲੈਕੇ ਕਾਸਟ ਹੋਇਕੇ ਆਣ ਖਲੋਈਆਂ ਮੈਂ
ਪਹਿਲਾਂ ਸੁਖਨ ਅਵੱਲੜੇ ਬੋਲ ਕੇ ਤੇ ਸ਼ਰਮਸਾਰ ਸ਼ਰਮਿੰਦੜੀ ਹੋਈਆਂ ਮੈਂ
ਖਾਹ ਰੋਟੀਆਂ ਬਾਗ ਵਿੱਚ ਰਖ ਡੇਰਾ ਲੈ ਕੇ ਹੀਰ ਜਾਣੀ ਹਾਜ਼ਰ ਹੋਈਆਂ ਮੈਂ
ਵਾਰਸਸ਼ਾਹ ਦੇ ਮੋਜਜ਼ੇ ਸਾਫ ਕੀਤਾ ਨਹੀਂ ਮੁੱਢ ਦੀ ਵਡੀ ਬਦਖੋਈਆਂ ਮੈਂ

ਸਹਿਤੀ ਦੀ ਮਾਰਫਤ ਜੋਗੀ ਦਾ ਹੀਰ ਨੂੰ ਪੈਗਾਮ

ਲੈ ਆ ਹੀਰ ਸਿਆਲ ਸੋ ਦੀਦ ਕਰੀਏ ਆ ਜਾਹ ਓ ਦਿਲਬਰਾ ਵਾਸਤਾ ਈ
ਜਾ ਕੇ ਆਖ ਰਾਂਝਾ ਤੈਨੂੰ ਯਾਦ ਕਰਦਾ ਘੁੰਡ ਲਾਹ ਓ ਦਿਲਬਰਾ ਵਾਸਤਾ ਈ
ਅਸਾਂ ਆਜਜ਼ਾਂ ਕੀ ਤਕਸੀਰ ਕੀਤੀ ਤੇ ਗੁਨਾਹ ਓ ਦਿਲਬਰਾ ਵਾਸਤਾ ਈ
ਸਾਨੂੰ ਮਿਹਰ ਦੇ ਨਾਲ ਵਿਖਾਲ ਸੂਰਤ ਮੁੱਖ ਮਾਹ ਓ ਦਿਲਬਰਾ ਵਾਸਤਾ ਈ
ਜ਼ੁਲਫ਼ ਨਾਗ ਵਾਂਗੂੰ ਕੁੰਡਲ ਘੱਤ ਬੈਠੀ ਗਲੋਂ ਲਾਹ ਓ ਦਿਲਬਰਾ ਵਾਸਤਾ ਈ