ਪੰਨਾ:ਹੀਰ ਵਾਰਸਸ਼ਾਹ.pdf/276

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੨)

ਉਤੇ ਪੰਜ ਪੈਸੇ ਰੋਕ ਲਾਗ ਧਰਿਓ ਖੰਡ ਚਾਵਲਾਂ ਦਾ ਥਾਲ ਪੂਰਿਆ ਈ
ਅਗੇ ਲੋਕਾਂ ਨੂੰ ਬਹੁਤ ਡਰਾਉਂਦੀ ਸੈਂ ਰਾਂਝੇ ਸ਼ਾਹ ਤੈਨੂੰ ਹੁਣ ਘੂਰਿਆ ਈ
ਬਾਲਨਾਥ ਅਤੇ ਪੀਰਾਂ ਮਿਹਰ ਕੀਤੀ ਕਰਾਮਾਤ ਦੇ ਨਾਲ ਫੇਰ ਪੂਰਿਆ ਈ
ਸਾਡੀ ਗੱਲ ਤੇ ਸਿਦਕ ਨਾ ਮੂਲ ਕੀਤੋ ਬੇਸਿਦਕ ਹੋ ਕੇ ਸਾਨੂੰ ਦੂਰਿਆ ਈ
ਪਹਿਲਾਂ ਕੌਲ ਦਲੇਰੀ ਦਾ ਬੋਲਕੇ ਜੀ ਵਾਰਸਸ਼ਾਹ ਫ਼ਕੀਰ ਹੁਣ ਝੂਰਿਆ ਈ

ਕਲਾਮ ਸਹਿਤੀ

ਮਗਰ ਤਿੱਤਰਾਂ ਦੇ ਅੰਨ੍ਹਾ ਬਾਜ ਛੁੱਟਾ ਜਾ ਚੰਮੜੇ ਦਾਂਦ ਪਤਾਲੂਆਂ ਨੂੰ
ਅੰਨ੍ਹਾ ਘੱਲਿਆ ਅੰਬ ਅਨਾਰ ਵੇਖਣ ਜਾ ਲਗਾ ਏ ਲੈਣ ਕਚਾਲੂਆਂ ਨੂੰ
ਘਲਿਆ ਫੁੱਲ ਗੁਲਾਬ ਦੇ ਤੋੜ ਲਿਆਵੀਂ ਜਾ ਚੰਮੜੇ ਤੂਤ ਸੰਭਾਲੂਆਂ ਨੂੰ
ਅੰਨ੍ਹਾ ਮੂਹਰੇ ਲਾਯਾ ਕਾਫ਼ਲੇ ਦੇ ਲੁੱਟਵਾਇਆ ਸਾਥ ਦਿਆਂ ਚਾਲੂਆਂ ਨੂੰ
ਨਜ਼ਰ ਕੁੱਝ ਨਾ ਲਈਓਈ ਰਾਵਲਾ ਵੇ ਦਸੇੇਂ ਸੀਰਨੀ ਚਾ ਮਾਠਲੂਆਂ ਨੂੰ
ਖੱਚਰ ਪੋਆਂ ਦੇ ਚਾਲੜੇ ਕਰਨ ਲੱਗੋਂ ਅਸਾਂ ਫਾਟਿਆਂ ਕੁੱਤਿਆਂ ਵਾਲਿਆਂ ਨੂੰ
ਕਰ ਬੰਦਗੀ ਰੱਬ ਦੀ ਕਸਮ ਪਾਵੇਂ ਮਾਫ਼ੀ ਨਹੀਂ ਨਸੀਬ ਝਗੜਾਲੂਆਂ ਨੂੰ
ਲਾਨ੍ਹਤ ਰੱਬਦੀ ਝੂਠਿਆਂ ਜ਼ਾਲਮਾਂ ਤੇ ਰਹਿਮਤ ਸੱਚਿਆਂ ਗੁਸੇ ਦਿਆਂ ਟਾਲਿਆਂ ਨੂੰ
ਭੇਡਾਂ ਵਿੱਚੋਂ ਤੂੰ ਊਠ ਪਛਾਣਨਾ ਏਂ ਚੰਗਾ ਜਾਨਣਾ ਏਂ ਖੰਡ ਉਛਾਲੂਆਂ ਨੂੰ
ਟਿੰਡ ਬਣੇ ਨਾਹੀਂ ਬਾਵੇ ਮਾਘੀਆਂ ਦੇ ਤੇਰੇ ਜੇਹੇ ਭੰਨਾਉਂਦੇ ਤਾਲੂਆਂ ਨੂੰ
ਝੂਠ ਆਂਹਦਿਆਂ ਸ਼ਰਮ ਨਾ ਆਉਂਦੀ ਏ ਚੋਰਾਂ ਯਾਰਾਂ ਤੇ ਠੱਗਾਂ ਉਧਾਲੂਆਂ ਨੂੰ
ਜਾਣਨ ਸਾਰ ਕੀ ਖੰਡ ਦੇ ਲੱਡੂਆਂ ਦੀ ਜੇੜ੍ਹੇ ਖਾਣ ਉਬਾਲਕੇ ਆਲੂਆਂ ਨੂੰ
ਜੇੜ੍ਹੇ ਚਾਲੜੇ ਤੂੰ ਬਣਾ ਬੈਠੌਂ ਮੈਂ ਜਾਣਦੀ ਤੇਰਿਆਂ ਚਾਲਿਆਂ ਨੂੰ
ਇੱਕ ਪਲਕ ਅੰਦਰ ਅਸੀਂ ਲੱਭ ਲਈਏ ਚੁਗਲਖੋਰ ਹਰਾਮ ਨਵਾਲਿਆਂ ਨੂੰ
ਘਰ ਬਾਰ ਤੋਂ ਮਾਰਕੇ ਚੁੱਕ ਦਈਏ ਤੇਰੇ ਜੇਹੇ ਸਾਂਈਆਂ ਝੁੱਗਾ ਗਾਲੂਆਂ ਨੂੰ
ਵਾਰਸਸ਼ਾਹ ਤਨੂੰਰ ਵਿੱਚ ਦੱਬ ਬੈਠਾ ਅੰਨ੍ਹਾ ਘੱਲਿਆ ਰੰਗਨੇ ਸਾਲੂਆਂ ਨੂੰ

ਕਲਾਮ ਜੋਗੀ

ਜਾਹ ਖੋਲ੍ਹਕੇ ਵੇਖ ਜੋ ਸਿਦਕ ਆਵੇ ਕਿਹਾ ਸ਼ੱਕ ਦਿਲ ਆਪਣੇ ਪਾਇਓ ਨੀ
ਕਹਿਆ ਅਸਾਂ ਜੋ ਰੱਬ ਤਹਿਕੀਕ ਕਰਸੀ ਕਿਹਾ ਆਣਕੇ ਮਗਜ਼ ਖਪਾਇਓ ਨੀ
ਜਾਹ ਵੇਖ ਵਿਸ਼ਵਾਸ ਜੇ ਦੂਰ ਹੋਵੇ ਕਿਹਾ ਦਰਦੜਾ ਆਨ ਮਚਾਇਓ ਨੀ
ਸ਼ਕ ਮਿਟੇ ਜੇ ਥਾਲ ਨੂੰ ਖੋਲ੍ਹ ਵੇਖੇੇਂ ਏਥੇ ਮਕਰ ਕੀ ਆਣ ਫੈਲਾਇਓ ਨੀ
ਮੰਜ਼ਲ ਦੂਰ ਤੇ ਔਖੜਾ ਰਾਹ ਜਾਪੇ ਭੱਲਾ ਆਖ ਕਿਉਂ ਭਾਰ ਉਠਾਇਓ ਨੀ
ਵਾਰਸਸ਼ਾਹ ਮੀਆਂ ਕੌਲ ਦੇ ਆਈਓਂ ਏਥੇ ਆਣਕੇ ਫੇਰ ਭੁਲਾਇਓ ਨੀ