ਪੰਨਾ:ਹੀਰ ਵਾਰਸਸ਼ਾਹ.pdf/274

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੦)

ਹੋਯਾ ਹੁਕਮ ਕੁਰਾਨ ਦੇ ਵਿਚ ਨਾਜ਼ਲ ਕੁਲ ਸ਼ੈਇਨਖਾਲਨਾਜ ਜੈਣ ਮੀਆਂ
ਇਹ ਤ੍ਰੀਮਤਾਂ ਸੇਜ ਦੀਆਂ ਵਾਰਸੀ ਨੇ ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ
ਵਾਰਸਸ਼ਾਹ ਇਹ ਜੋੜਨਾ ਜੋੜਦੀਆਂ ਅਤੇ ਮਹਿਰੀਆਂ ਮਹਿਰਦੀਆਂ ਹੈਣ ਮੀਆਂ

ਕਲਾਮ ਜੋਗੀ

ਸੱਚ ਆਖ ਰੰਨੇ ਕੇਹੀ ਧੁੱਮ ਪਾਈਆ ਤੁਸਾਂ ਭੋਜ ਰਾਜਾ ਲੱਤੀਂ ਕੁੱਟਿਆ ਜੇ
ਦਹਿਸਿਰ ਮਾਰਿਆ ਭੇਤ ਘਰੋਗੜੇ ਦੇ ਸਣੇ ਲੰਕ ਦੇ ਓਸਨੂੰ ਪੁੱਟਿਆ ਜੇ
ਕੈਰੋਂ ਪਾਂਡਵਾਂ ਦੇ ਕਟਕ ਕਈ ਕੂਹਣੀ ਮਾਰੇ ਤੁਸਾਂ ਦੇ ਸਭ ਨਖੁੱਟਿਆ ਜੇ
ਇੱਮਾਮ ਕਤਲ ਕਰਬਲਾਅ ਅੰਦਰ ਮਾਰ ਦੀਨ ਦੇ ਵਾਰਸੀ ਸੁੱਟਿਆ ਜੇ
ਜੋ ਕੋਈ ਸ਼ਰਮ ਹਯਾ ਥੀਂ ਆਦਮੀ ਸੀ ਸਣੇ ਜਾਨ ਤੇ ਮਾਲ ਦੇ ਪੁੱਟਿਆ ਜੇ
ਵਾਰਸਸ਼ਾਹ ਫਕੀਰ ਤਾਂ ਨੱਸ ਆਇਆ ਪਿਛਾ ਓਸਦਾ ਕਾਸਨੂੰ ਘੁੱਟਿਆ ਜੇ

ਕਲਾਮ ਸਹਿਤੀ

ਤੈਨੂੰ ਬੜਾ ਹੰਕਾਰ ਹੈ ਜੋਬਨੇ ਦਾ ਖਾਤਰ ਤਲੇ ਨਾ ਕਿਸੇ ਨੂੰ ਲਿਆਉਨਾ ਏਂ
ਜਿਨ੍ਹਾਂ ਜਾਇਓਂ ਤਿਨ੍ਹਾਂ ਦੇ ਨਾਮ ਧਰਨੈਂ ਬੜਾ ਆਪ ਨੂੰ ਗੌੌਂਸ ਸਦਾਉਨਾ ਏਂ
ਹੋਣ ਤ੍ਰੀਮਤਾਂ ਨਹੀਂ ਤੇ ਜੱਗ ਮੁੱਕੇ ਵੱਤ ਕਿਸ ਨੇ ਜੱਗ ਤੇ ਲਿਆਉਨਾ ਏ
ਵਾਂਗ ਮੁਰਦਿਆਂ ਦੇ ਤੇਰੇ ਵਾਲ ਸਿਰ ਦੇ ਰਿੱਛ ਵਾਂਗ ਪਿਆ ਨਜ਼ਰ ਆਉਨਾ ਏਂ
ਅਸਾਂ ਚਿੱਠੀਆਂ ਘੱਲ ਸਦਾਇਓਂ ਤੂੰ ਸਾਥੋਂ ਆਪਣਾ ਆਪ ਛਿਪਾਉਨਾ ਏਂ
ਕਰਾਮਾਤ ਤੇਰੀ ਅਸਾਂ ਢੂੰਡ ਡਿਠੀ ਐਵੇਂ ਸ਼ੇਖੀਆਂ ਪਿਆ ਵਿਖਾਉਨਾ ਏਂ
ਚਾਕ ਸੱਦਕੇ ਬਾਗ਼ ਤੋਂ ਕੱਢ ਛਡੂੰ ਅਤੇ ਹੋਰ ਕੀ ਮੂੰਹੋਂ ਕਢਾਉਨਾ ਏਂ
ਅੰਨ ਖਾਉਨਾ ਏਂ ਰੱਜ ਗੱਧੇ ਵਾਂਗੂੰ ਕਦੇ ਸ਼ੁਕਰ ਬਜਾ ਨਾ ਲਿਆਉਨਾ ਏਂ
ਕੁੜੀਆਂ ਹੱਥ ਸੁਨੇਹੁੜੇ ਘੱਲਿਓ ਨੀ ਕੀ ਅਸਾਂ ਤੋਂ ਫੋਲ ਫੁਲਾਉਨਾ ਏਂ
ਸ਼ੈਤਾਨ ਸ਼ੈਤੂੰਗੜੇ ਯਾਰ ਤੇਰੇ ਸਾਨੂੰ ਮਕਰ ਫਰੇਬ ਦਿਖਾਉਨਾ ਏਂ
ਨੰਗੇ ਫਰਜ਼ ਤੇ ਬਹੁਤ ਵਧਾ ਪਸ਼ਮਾਂ ਖਸਯਤੈਨ ਨੂੰ ਚਾ ਪਲਮਾਉਨਾ ਏਂ
ਯਾਦ ਰੱਬ ਦੀ ਵਿਚ ਨ ਮਹਵ ਹੋਯੋਂ ਐਵੇਂ ਖਲਕ ਨੂੰ ਘੂਰਕੇ ਖਾਉਨਾ ਏਂ
ਇਹ ਨਮਾਜ਼ ਨਾ ਛੁਟੀ ਪੈਗੰਬਰਾਂ ਤੋਂ ਫਰਜ਼ ਵਿਰਤ ਬਜਾ ਨਾ ਲਿਆਉਨਾ ਏਂ
ਛੱਡ ਬੰਦਗੀ ਚੋਰਾਂ ਦਾ ਰਾਹ ਫੜਿਓ ਵਾਰਸਸ਼ਾਹ ਫ਼ਕੀਰ ਸਦਾਉਨਾ ਏਂ

ਕਲਾਮ ਜੋਗੀ

ਬਾਗ ਛੱਡ ਗਏ ਗੋਪੀ ਚੰਦ ਜੇਹੇ ਜ਼ੈਦਾਦ ਫਿਰਔਨ ਕਹਾ ਗਿਆ
ਨੌਸ਼ੇਰਵਾ ਛੱਡ ਬਗਦਾਦ ਟੁਰਿਆ ਓਹ ਭੀ ਆਪਣੀ ਵਾਰ ਲੰਘਾ ਗਿਆ
ਆਦਮ ਛੱਡ ਬਹਿਸ਼ਤ ਦੇ ਬਾਗ ਨੱਠਾ ਭੁੱਲੇ ਵਿੱਸਰੇ ਕਣਕ ਨੂੰ ਖਾ ਗਿਆ