ਪੰਨਾ:ਹੀਰ ਵਾਰਸਸ਼ਾਹ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੮)

ਇਕ ਮਰਦ ਸੋ ਸਾਹਿਬ ਕਮਾਲ ਹੋਏ ਕੀਤੇ ਜ਼ੁਹਦ ਕਜੀਅੜੇ ਜਾਲੜੇ ਵੇ
ਇੱਕ ਮਰਦ ਮੂੰਹ ਲੂਠੜੇ ਤੁੱਧ ਜੇਹੇ ਜਿਨ੍ਹਾਂ ਫੂਕ ਮੁਵਾਤੜੇ ਬਾਲੜੇ ਵੇ
ਇੱਕ ਉੱਠ ਕੇ ਰਾਤ ਨੂੰ ਜਾਗਦੇ ਨੇ ਇਕਨਾਂ ਸੁੱਤਿਆਂ ਈ ਵਕਤ ਟਾਲੜੇ ਵੇ
ਵਾਰਸਸ਼ਾਹ ਜੋ ਮਰਦ ਖ਼ੁਦਾਅ ਦੇ ਨੇ ਸਦਾ ਖਲਕ ਤੋਂ ਰਹਿਣ ਨਿਰਾਲੜੇ ਵੇ

ਤਥਾ

ਅੰਮਾਂ ਹਵਾ ਨੂੰ ਤੁਹਮਤਾਂ ਲਾਵਣਾ ਏਂ ਬੇ ਅਦਬੀਓਂ ਮੂੰਹ ਕਿਉਂ ਅੱਡਿਆ ਏ
ਅਸੀਂ ਕਿਸੇ ਦੇ ਨਾਲ ਨਾ ਬੁਰਾ ਕੀਤਾ ਐਵੇਂ ਨਾਮ ਜਹਾਨ ਤੇ ਵੱਡਿਆ ਏ
ਮੱਕਾ ਸਾਹਮਣੇ ਆਯਾ ਸੀ ਰਾਬਿਆਂ ਨੂੰ ਜਦੋਂ ਜ਼ੁਹਦ ਵਿਚ ਜੀ ਉਸ ਗੱਡਿਆ ਏ
ਨਬੀ ਅਵਿਲ ਅਯਾਲ ਹੈ ਸਮਝ ਮੀਆਂ ਜਿਹੜਾ ਖਾਸ ਮੇਰਾਜ ਨੇ ਸੱਦਿਆ ਏ
ਬੁਰੇ ਮਰਦ ਤੇ ਕੋਸਦੇ ਤੀਵੀਂਆਂ ਨੂੰ ਮੂੰਹ ਝੂਠ ਦਾ ਕਾਸ ਨੂੰ ਟੱਡਿਆ ਏ
ਮਰਦ ਚੋਰ ਤੇ ਠੱਗ ਜੁਆਰੀਏ ਨੇ ਸਾਥ ਬੁਰੇ ਦਾ ਬੁਰਿਆਂ ਨੇ ਲੱਦਿਆ ਏ
ਫਿਰੇਂ ਮਾਰਦਾ ਟੱਕਰਾਂ ਵਿਚ ਔਝੜ ਰਾਹ ਰਾਸਤੀ ਕਿਤੋਂ ਨਾ ਲੱਧਿਆ ਏ
ਸਿੱਧਾ ਛਡ ਕੇ ਰਾਹ ਕੁਰਾਹ ਟੁਰਿਓਂ ਖਚਰ ਵਾਦੀਆਂ ਦਾ ਚਾਲਾ ਫੱਧਿਆ ਏ
ਹੱਕ ਫਰਜ ਔਰਤ ਅਧਾਦੀਨ ਆਯਾ ਜ਼ਨਾਜਾਰਵਾਨ ਅਕਦ ਬਿਨ ਲੱਧਿਆ ਏ
ਫੁਰਕਾਨ ਵਿਚ ਫਅਨਕਿਹੂ ਰੱਬ ਕਹਿਆ ਜਦੋਂ ਵਹੀ ਰਸੂਲ ਨੂੰ ਸੱਦਿਆ ਏ
ਇਨ੍ਹਾਂ ਰੰਨਾਂ ਦਾ ਕੁਝ ਇਤਬਾਰ ਨਾਹੀਂ ਮਰਦ ਆਖਦੇ ਝੂਠ ਮੂੰਹ ਅੱਡਿਆ ਏ
ਵਾਰਸਸ਼ਾਹ ਇਹ ਤ੍ਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਏ

ਕਲਾਮ ਜੋਗੀ

ਅਕਲ ਲਿੱਖੀਆ ਨੇ ਘੱਟ ਔਰਤਾਂ ਦੀ ਹੋਰ ਮਰਦ ਨੂੰ ਦਸ ਕੀ ਵਾਹਮੀਆਂ ਨੇ
ਰੰਨ ਦਹਿਸਰੇ ਨਾਲ ਜੋ ਗਾਹ ਕੀਤਾ ਰਾਜੇ ਭੋਜ ਨੂੰ ਦੇਣ ਲਗਾਮੀਆਂ ਨੇ
ਸਿੱਰਕਪ ਤੇ ਨਾਲ ਸਲਵਾਨ ਰਾਜੇ ਵੇਖ ਰੰਨਾਂ ਨੇ ਕੀਤੀਆਂ ਖਾਮੀਆਂ ਨੇ
ਇਹ ਤਾਂ ਮਕਰ ਫਰੇਬ ਦੀਆਂ ਪੁਤਲੀਆਂ ਨੇ ਰਾਹ ਜਾਂਦੀਆਂ ਪਾਂਦੀਆਂ ਦਾਮੀਆਂ ਨੇ
ਰੰਨਾਂ ਦੀਨ ਤੇ ਦੁਨੀ ਦਾ ਰਾਹ ਮਾਰਨ ਪੁਤਲੀ ਮਕਰ ਫ਼ਰੇਬ ਹਰਾਮੀਆਂ ਨੇ
ਜਿਨ੍ਹਾਂ ਨਹੀਂ ਦਾਹੜੀ ਨੱਕ ਕੰਨ ਪਾਟੇ ਕੌਣ ਭਰੇਗਾ ਤਿਨ੍ਹਾਂ ਦੀਆਂ ਹਾਮੀਆਂ ਨੇ
ਇਨ੍ਹਾਂ ਮਕਰ ਕੀਤੇ ਨਾਲ ਮੁਰਸ਼ਦਾਂ ਦੇ ਕੀ ਦਸਾਂ ਮੈਂ ਹੋਰ ਖ਼ੁਨਾਮੀਆਂ ਨੇ
ਨਾਕਸ ਅਕਲ ਤੇ ਦੀਨ ਹੈ ਔਰਤਾਂ ਦਾ ਨਬੀ ਪਾਕ ਜਿਹਾ ਕਹਿਆ ਹਾਮੀਆਂ ਨੇ
ਨਾਹੀਂ ਇਲਮ ਤਫ਼ਸੀਰ ਦੀ ਵਾਕਫ਼ੀਅਤ ਗਲਾਂ ਕਰੇ ਬਲੰਦ ਤੇ ਸਾਮੀਆਂ ਨੇ
ਜਦੋਂ ਨੱਕ ਤੇ ਦੱਮ ਅਖ਼ੀਰ ਹੋਏ ਤਦੋਂ ਹੁੰਦੀਆਂ ਆਣ ਸਲਾਮੀਆਂ ਨੇ
ਮਰਦ ਹੈਣ ਜੋ ਰਖਦੇ ਹੇਠ ਸੋਟੇ ਸਿਰੀਂ ਚਾੜ੍ਹੀਆਂ ਆਪ ਹੀ ਕਾਮੀਆਂ ਨੇ