ਪੰਨਾ:ਹੀਰ ਵਾਰਸਸ਼ਾਹ.pdf/257

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (੨੪੩)

ਨਾਲੇ ਤੋੜ ਝੰਝੋੜਕੇ ਪਕੜ ਗੁੱਤੋਂ ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ
ਵਾਂਗ ਡੋਰ ਦੇ ਚੋਲੀ ਦੀਆਂ ਖਿੱਚ ਤਣੀਆਂ ਫੜ ਵਾਂਗ ਪਤੰਗ ਉਡਾਈਆਂ ਸੂ
ਖੋਹ ਚੂੰਡੀਆਂ ਗੱਲਾਂ ਤੇ ਮਾਰ ਹੂਰਾ ਦੇ ਦੋ ਧੌਣ ਦੇ ਮੁੱਢ ਚ ਲਾਈਆਂ ਸੂ
ਜਿਹਾ ਰਿੱਛ ਕਲੰਦਰਾਂ ਘੋਲ ਹੁੰਦਾ ਦੋਵੇਂ ਚਿੱਤੜੀਂ ਲਾ ਨਚਾਈਆਂ ਸੂ
ਕੀਤੀ ਖੂਬ ਟਕੋਰ ਤੇ ਤਗੜ ਤਰਗੋਂ ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ
ਸ਼ਰਮਗਾਹ ਮਖ਼ਸੂਮ ਵਿੱਚ ਦੇ ਉਂਗਲ ਚਣੇ ਭਾੜ ਦੇ ਵਾਂਗ ਟਪਾਈਆਂ ਸੂ
ਜੋਗੀ ਵਾਸਤੇ ਰੱਬ ਦੇ ਬੱਸ ਕਰ ਜਾਹ ਹੀਰ ਅੰਦਰੋਂ ਆਖ ਛੁਡਾਈਆਂ ਸੁ
ਮਨ੍ਹੇਂ ਕਰ ਰਹੀ ਬਾਜ਼ ਨਾ ਇਹ ਆਵੇ ਲੀਕਾਂ ਜੋਗੀ ਤੋਂ ਅੱਜ ਲਵਾਈਆਂ ਸੂ
ਜੋਗੀ ਤਰਸ ਕਰਕੇ ਦਿੱਤਾ ਛੱਡ ਓਹਨੂੰ ਸਹੁੰਆਂ ਹੀਰ ਬਤੇਰੀਆਂ ਪਾਈਆਂ ਸੂ
ਵਾਰਸਸ਼ਾਹ ਮੀਆਂ ਫੜੇ ਚੋਰ ਵਾਂਗੂੰ ਦੋਵੇਂ ਪਕੜ ਹਜੂਰ ਮੰਗਵਾਈਆਂ ਸੂ

ਸਹਿਤੀ ਤੇ ਲੌੌਂਡੀ ਨੇ ਪੁਕਾਰ ਕਰਨੀ ਅਤੇ ਉਹਨਾਂ ਦੀ ਹਮਾਇਤ ਵਾਸਤੇ ਔਰਤਾਂ ਦਾ ਕੱਠਿਆਂ ਹੋਣਾ

ਉਨਾਂ ਛੁਟਦਿਆਂ ਹਾਲ ਪੁਕਾਰ ਕੀਤੀ ਪੰਜ ਸੱਤ ਮੁਸ਼ਟੰਡੀਆਂ ਆ ਗਈਆਂ
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ ਦੋ ਦੋ ਅਲਲ ਹਿਸਾਬ ਲਗਾ ਗਈਆਂ
ਉਨ੍ਹਾਂ ਮਾਰਕੇ ਧੱਕ ਕੇ ਰੱਖ ਅੱਗੇ ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ
ਧੱਕੇ ਦੇਕੇ ਸੱਟ ਪਲੱਟ ਉਸ ਨੂੰ ਹੋੜਾ ਬੜਾ ਮਜ਼ਬੂਤ ਫਸਾ ਗਈਆਂ
ਵਾਂਗ ਲਸ਼ਕਰਾਂ ਆਣਕੇ ਗਿਰਦ ਹੋਈਆਂ ਫੜ੍ਹੇ ਪਾਇਕੇ ਕਿਲ੍ਹਾ ਛੁਡਾ ਗਈਆਂ
ਨਾਲ ਇਫਤਰੇ ਯਾਰ ਦੇ ਪਾਸ ਬੈਠਾ ਬਾਹੋਂ ਪਕੜ ਕੇ ਰੰਨਾਂ ਉਠਾ ਗਈਆਂ
ਬਾਜ਼ ਤੋੜਕੇ ਤਾਬਿਓਂ ਲਾਹਿਓ ਨੇ ਮਾਸ਼ੂਕ ਦੀ ਦੀਦ ਹਟਾ ਗਈਆਂ
ਮਿਲੇ ਚਿਰੀ ਵਿਛੁੰਨੜੇ ਖੋਹਿਓ ਨੇ ਦੂਣੀ ਅੱਗ ਤੇ ਅੱਗ ਲਗਾ ਗਈਆਂ
ਅੱਗੇ ਵਾਂਗ ਹੀ ਨਵੀਆਂ ਫਿਰ ਹੋਈਆਂ ਵੇਖ ਭੜਕਦੀ ਤੇ ਤੇਲ ਪਾ ਗਈਆਂ
ਜਿਹੜੀਆਂ ਰਾਤਾਂ ਦਾ ਖੌਫ ਰੰਝੇਟੜੇ ਨੂੰ ਸੋਈ ਰਾਤਾਂ ਰੰਝੇਟੇ ਤੇ ਆ ਗਈਆਂ
ਸੂਬੇਦਾਰ ਤਗੱਯਰ ਨੂੰ ਢਾ ਛਡਿਆ ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ
ਘਰੋਂ ਕੱਢ ਅਰੂੜੀ ਤੇ ਸੁੱਟਿਆ ਨੇ ਕੱਢ ਬਹਿਸਤੋਂ ਦੋਜ਼ਕੇ ਪਾ ਗਈਆਂ
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ ਕੇਹਾ ਜਾਦੂੜਾ ਘੋਲ ਪਿਲਾ ਗਈਆਂ ਲੈ
ਅਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ ਉਤੇ ਹੋਰ ਪਸਾਰ ਬਣਾ ਗਈਆਂ
ਰਾਂਝਾ ਰੋਂਵਦਾ ਤੇ ਕੁਰਲਾਂਵਦਾ ਸੀ ਮੈਨੂੰ ਕੰਮ ਥੀਂ ਇਹ ਗਵਾ ਗਈਆਂ
ਵਾਰਸਸ਼ਾਹ ਮੀਆਂ ਵੱਡਾ ਕਹਿਰ ਹੋਯਾ ਪਰੀਆਂ ਜਿੰਨ ਫ਼ਰਿੱਸ਼ਤੇ ਨੂੰ ਲਾ ਗਈਆਂ

ਕਲਾਮ ਸ਼ਾਇਰ

ਘਰੋਂ ਕੱਢਿਆ ਅਕਲ ਊਸ਼ਰ ਗਿਆ ਆਦਮ ਜੱਨਤੋਂ ਕੱਢ ਹੈਰਾਨ ਕੀਤਾ