ਪੰਨਾ:ਹੀਰ ਵਾਰਸਸ਼ਾਹ.pdf/234

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੨)

(੨੨੨)

ਕੋਈ ਦੇ ਬੱਦ ਦੁਆ ਤੇ ਗਾਲ੍ਹ ਕੱਢੇ ਪਿੱਛੋਂ ਫਾਇਦੇ ਕੀ ਇਨ੍ਹਾਂ ਝੂਰੀਆਂ ਦੇ
ਲੁਛੂ ਲੁਛੂ ਕਰਦੀ ਫਿਰੇ ਨਾਲ ਫ਼ਕਰਾਂ ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ
ਵਹੁਟੀ ਸੈਦੜੇ ਦੀ ਫ਼ਕਰ ਮੱਲ ਬੈਠਾ ਦੇਖੋ ਕੰਮ ਇਹ ਹਕ ਤੇ ਜ਼ੋਰੀਆਂ ਦੇ
ਫ਼ਕਰ ਨਾਲ ਮਿਲ ਕੇ ਸਾਨੂੰ ਘਰੋਂ ਕਢੇ ਕੁਟ ਦੇਂਹ ਇਹਨੂੰ ਛੰਨੇ ਚੂਰੀਆਂ ਦੇ
ਸੈਨਤ ਮਾਰ ਕੇ ਯਾਰ ਨੂੰ ਛੇੜ ਚਾਯੋ ਵੱਲ ਜਾਣਨੀਏਂ ਗਲਾਂ ਚੋਰੀਆਂ ਦੇ
ਭਾਬੀ ਨਾਲ ਫ਼ਕੀਰ ਹਮਰਾਜ ਹੋਈਏਂ ਦੁੱਧ ਪੀ ਕੇ ਮਝੀਆਂ ਬੂਰੀਆਂ ਦੇ
ਸਾਨ੍ਹ ਪੇਕਿਆਂ ਦਾ ਜਾਣ ਟਹਿਲ ਕਰਸੇਂ ਕੋਠੇਂ ਸੱਭ ਕਰਸੇਂ ਖਾਲੀ ਤੂੜੀਆਂ ਦੇ
ਵਾਰਸਸ਼ਾਹ ਫ਼ਕੀਰ ਦੀ ਰੰਨ ਵੈਰਨ ਜਿਵੇਂ ਮਿਰਗ ਨੇ ਵੈਰੀ ਅੰਗੂਰੀਆਂ ਦੇ

ਤਥਾ

ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ ਹੱਥੀ ਸੱਚੀਆਂ ਪਾ ਹਥੌੜੀਆਂ ਨੀ
ਜਿਹੜੇ ਡੰਡ ਵਿਖਾਇਕੇ ਕਰੇ ਆਕੜ ਮੈਂ ਤਾਂ ਪੱਟਸਾਂ ਇਹਦੀਆਂ ਚੌੜੀਆਂ ਨੀ
ਗੁਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ ਜਿੱਥੇ ਅੱਕਲਾਂ ਸਾਡੀਆਂ ਦੌੜੀਆਂ ਨੀ
ਜਿੰਨ ਭੂਤ ਤੇ ਦੇਓ ਦੀ ਅਕਲ ਜਾਏ ਤਦੋਂ ਮਾਰ ਕੇ ਉੱਠੀਏ ਛੌੜੀਆਂ ਨੀ
ਮਾਰ ਮੋਹਲੀਆਂ ਤੇ ਸੱਟਾਂ ਭੰਨ ਟੰਗਾਂ ਫਿਰੇ ਢੂੰਡ ਦਾ ਕਾਠ ਕਠੋਰੀਆਂ ਨੀ
ਵਾਰਸਸ਼ਾਹ ਫ਼ਕੀਰ ਦੇ ਨਾਲ ਲੜਨਾ ਕਪਣ ਜ਼ੈਹਰ ਦੀਆਂ ਗੰਦਲਾਂ ਕੌੜੀਆਂ ਨੀ

ਕਲਾਮ ਹੀਰ ਸਹਿਤੀ ਨਾਲ

ਹਾਇ ਹਾਇ ਫ਼ਕੀਰ ਦੇ ਨਾਲ ਬੋਲੇਂ ਬੁਰੇ ਸਹਿਤੀਏ ਤੇਰੇ ਅਮੋੜ ਹੋਏ
ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ ਸਣੇ ਮਾਲ ਤੇ ਜਾਨ ਦੇ ਚੌੜ ਹੋਏ
ਕੰਨ ਪਾਟਿਆਂ ਨਾਲ ਜਿਸ ਜ਼ਿਦ ਬੱਧੀ ਪੇਸ਼ ਤੇਸ਼ ਥੀਂ ਅੰਤ ਨੂੰ ਦੌੜ ਹੋਏ
ਰਹੇ ਔਂਤ ਨਖੱਸਮੀ ਰੰਨ ਸੁੰਞੀ ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ
ਇਹੋ ਜਹੀਆਂ ਨੂੰ ਛੇੜੀਏ ਮੂਲ ਨਾਹੀਂ ਜਿਨ੍ਹਾਂ ਇਸ਼ਕ ਤੇ ਫੱਕਰ ਦੇ ਦੌਰ ਹੋਏ
ਵਾਰਸਸ਼ਾਹ ਲੜਾਈ ਦਾ ਮੂਲ ਬੋਲਣ ਵੇਖੋ ਦੋਹਾਂ ਦੇ ਔੜ ਤੇ ਪੌੜ ਹੋਏ

ਕਲਾਮ ਸਹਿਤੀ

ਭਾਬੀ ਏਸ ਜੇ ਗੱਧੇ ਦੀ ਅੜ ਬੱਧੀ ਅਸੀਂ ਰੰਨਾਂ ਭੀ ਚੈਂਚਲ ਹਾਰੀਆਂ ਹਾਂ
ਦੇਹ ਮਾਰਿਆ ਏਸ ਜਹਾਨ ਤਾਜ਼ਾ ਅਸੀਂ ਰੋਗ ਮੀਸਾਕ ਦੀਆਂ ਮਾਰੀਆਂ ਹਾਂ
ਏਹ ਗੁੰਡਿਆਂ ਵਿਚ ਹੈ ਪੈਰ ਧਰਦਾ ਨਹੀਂ ਬਾਂਕੀਆਂ ਏਸ ਤੋਂ ਡਾਰੀਆਂ ਹਾਂ
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ ਅਸੀਂ ਜ਼ੌਕਦੇ ਮਜ਼ੇਦੀਆਂ ਨਾਰੀਆਂ ਹਾਂ
ਇਹ ਆਪ ਨੂੰ ਛੈਲ ਸਦਾਉਂਦਾ ਏ ਅਸੀਂ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ
ਜੇ ਏਹ ਜ਼ਿਦ ਦੀ ਛੁਰੀ ਹੈ ਹੋ ਬੈਠਾ ਅਸੀਂ ਰੰਨਾਂ ਭੀ ਤੇਜ਼ ਕਟਾਰੀਆਂ ਹਾਂ