ਪੰਨਾ:ਹੀਰ ਵਾਰਸਸ਼ਾਹ.pdf/22

ਇਹ ਸਫ਼ਾ ਪ੍ਰਮਾਣਿਤ ਹੈ

(੧੮)

ਕਲਾਮ ਕੁੜੀਆਂ

ਕਹੀ ਸਿਫ਼ਤ ਸਹੇਲੀਆਂ ਕਰੇ ਸ਼ਾਇਰ ਇੱਕ ਦੂਜੀ ਤੋਂ ਨੈਣਾਂ ਦੇ ਅੰਗ ਬਣਦੇ
ਇਕ ਭਾਰੀਆਂ ਗੋਰੀਆਂ ਹੁਸਨ ਰੋਸ਼ਨ ਆਸ਼ਕ ਵੇਖ ਚਰਾਗ ਪਤੰਗ ਬਣਦੇ
ਸੁਰਮਾ ਕੱਜਲਾ ਕਟਕ ਕੰਧਾਰ ਦਾ ਏ ਹੁਣ ਵੇਖ ਮਹਿਬੂਬਾਂ ਦੇ ਜੰਗ ਬਣਦੇ
ਏਸ ਬਹਿਰ ਚਨਾਬ ਦੇ ਨਾਜ਼ ਨਿਆਰੇ ਪਰ ਅਸਲ ਸਿਆਲਾਂ ਦੇ ਝੰਗ ਬਣਦੇ
ਅਬਰੂ ਵਾਂਗ ਕਮਾਨ ਲਾਹੌਰ ਦੀ ਸਨਕੌਲ ਪਲਕਾਂ ਦੇ ਤੀਰ ਖੁਦੰਗ ਬਣਦੇ
ਜਿਹੜੇ ਨਕਸ਼ ਬਣੇ ਸੱਚੇ ਵਿੱਚ ਸਿਆਲਾਂ ਐਸੇ ਨਕਸ਼ ਨਾ ਚੀਨ ਫ਼ਰੰਗ ਬਣਦੇ
ਕੰਘੀ ਪਾਇਕੇ ਲਟਕ ਦੀ ਚਾਲ ਚੱਲਣ ਆਸ਼ਕ ਮਾਰਨੇ ਦੇ ਪਏ ਢੰਗ ਬਣਦੇ
ਜ਼ੁਲਫ਼ਾਂ ਕਾਲੀਆਂ ਨਾਗਣਾਂ ਮੁਖੜੇ ਤੇ ਖਾਤਰ ਆਸ਼ਕਾਂ ਦੇ ਪਏ ਡੰਗ ਬਣਦੇ
ਪੰਜ ਤੋਲੀਆਂ ਝਿਮੀਆਂ ਮੁਖੜੇ ਤੇ ਹੱਥੀਂ ਸੋਂਹਦੇ ਕੰਗਣ ਤੇ ਵੰਗ ਬਣਦੇ
ਮੱਥੇ ਮਸਜਦਾਂ ਦੇ ਮਹਿਰਾਬ ਸੋਂਹਦੇ ਸਫਾਂ ਚੂੰਡੀਆਂ ਦੇ ਕੋਰ ਸੰਗ ਬਣਦੇ
ਘਰ ਬਾਰ ਉਜਾੜ ਵਿਸਾਰ ਟੁਰੀਆਂ ਸੱਭੇ ਚਰਪੜੇ ਕੋਲ ਚੁਰੰਗ ਬਣਦੇ
ਵਾਰਸਸ਼ਾਹ ਜਿਨ੍ਹਾਂ ਸ਼ੌਕ ਰਾਂਝਣੇ ਦਾ ਗਲਾਂ ਗੁਫ਼ਤ ਦੇ ਵਿੱਚ ਇਕ ਅੰਗ ਬਣਦੇ

ਹੀਰ ਦਾ ਆਉਣਾ

ਲੈਕੇ ਸੱਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗੁਮਾਨ ਦੀ ਜੀ
ਬੁੱਕ ਮੋਤੀਆਂ ਦੇ ਕੰਨੀ ਚਮਕਦੇ ਸਨ ਕੋਈ ਰੂਪ ਤੇ ਪਰੀ ਦੀ ਸ਼ਾਨ ਦੀ ਜੀ
ਕੁੜਤੀ ਸੋਂਹਦੀ ਹਿੱਕਦੇ ਨਾਲ ਫਬੀ ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ
ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ਤੂਫ਼ਾਨ ਦੀ ਜੀ
ਆ ਬੁੰਦਿਆਂ ਵਾਲੀਏ ਟਲੀਂ ਮੋਈਏ ਅੱਗੇ ਗਈ ਦੁਨੀਆ ਤੰਬੂ ਤਾਣਦੀ ਜੀ
ਵਾਰਸਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ ਫਿਰੇ ਭਰੀ ਹੰਕਾਰ ਤੇ ਮਾਨ ਦੀ ਜੀ

ਤਾਰੀਫ਼ ਹੀਰ

ਕਿਹੀ ਹੀਰ ਦੀ ਕਰੇ ਤਾਰੀਫ਼ ਸ਼ਾਇਰ ਮੱਥਾ ਚਮਕਦਾ ਹੁਸਨ ਮਹਿਤਾਬ ਦਾ ਜੀ
ਖੂੰਨੀ ਚੂੰਡੀਆਂ ਰਾਤ ਜਿਉਂ ਚੰਦ ਦੁਆਲੇ ਸੁਰਖ ਰੰਗ ਜਿਉਂ ਰੰਗ ਸ਼ਰਾਬ ਦਾ ਜੀ
ਸਈਆਂ ਨਾਲ ਲਟਕੰਦੜੀ ਆਉਂਦੀ ਏ ਪਰ ਝੂਲਦਾ ਜਿਵੇਂ ਉਕਾਬ ਦਾ ਜੀ
ਨੈਨ ਨਰਗਸੀ ਮਿਰਗ ਮਮੋਲੜੇ ਦੇ ਗਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ
ਭਵਾਂ ਵਾਂਗ ਕਮਾਨ ਲਾਹੌਰ ਦਿਸਨ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ
ਸੁਰਮਾ ਨੈਣਾਂ ਦੀ ਧਾਰ ਵਿਚ ਫੱਬ ਰਿਹਾ ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਖੁਲੀ ਵਿੱਚ ਤ੍ਰਿਞਨਾਂ ਲਟਕਦੀ ਏ ਹਾਥੀ ਫਿਰੇ ਜਿਉਂ ਮਸਤ ਨਵਾਬ ਦਾ ਜੀ